ਆਪਣੇ ਸਾਥੀ ਤੁਸੀਂ ਆਪ ਹੀ ਹੋ
ਅਸੀਂ ਸਾਰੇ ਹੀ ਸਮਾਜ ਦਾ ਹਿੱਸਾ ਹਾਂ। ਸਾਡਾ ਹਰ ਰੋਜ਼ ਪਤਾ ਨਹੀਂ ਕਿੰਨੇ ਲੋਕਾਂ ਨਾਲ ਵਾਹ ਪੈਂਦਾ ਹੈ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਹਰ ਇਨਸਾਨ ਨੂੰ ਇਹਨਾਂ ਵਿੱਚੋਂ ਗੁਜਰਨਾ ਪੈਂਦਾ ਹੈ। ਕਈ ਵਾਰ ਕਿਸੇ ਇਨਸਾਨ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਅਸੀਂ ਸੱਚਾਈ ਜਾਣੇ ਬਗੈਰ ਆਪਣੀ ਰਾਇ ਦੇਣੀ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਕਿਤੇ ਚਾਰ ਬੰਦੇ ਖੜੇ ਹੋਣ ਉੱਥੇ ਗੱਲ ਚੱਲ ਰਹੀ ਹੁੰਦੀ ਹੈ ਅਸੀਂ ਵੀ ਕਹਿ ਦਿੰਦੇ ਹਨ ਕਿ ਉਹ ਬੰਦਾ ਗਲਤ ਸੀ ,ਹਾਲਾਂਕਿ ਸਾਨੂੰ ਨਹੀਂ ਪਤਾ ਕਿ ਸੱਚਾਈ ਕੀ ਹੈ? ਪਰ ਅਸੀਂ ਰਾਇ ਦੇਣ ਤੋਂ ਪਿੱਛੇ ਨਹੀਂ ਹੱਟਦੇ। ਕਈ ਵਾਰ ਗੱਲ ਝੂਠੀ ਹੁੰਦੀ ਹੈ , ਸੱਚ ਕੁਝ ਹੋਰ ਹੁੰਦਾ ਹੈ ਝੂਠ ਨੂੰ ਵੀ ਅਸੀਂ ਵਧਾ ਚੜਾ ਕੇ ਦੱਸਣਾ ਸ਼ੁਰੂ ਕਰ ਦਿੰਦੇ ਹਨ। ਮਤਲਬ ਦੁਨੀਆ ਬਹੁਤ ਹੈ। ਕਿਸੇ ਦੀ ਕੋਈ ਗੱਲ ਜੇ ਝੂਠ ਵੀ ਹੋਵੇ, ਉਸਨੂੰ ਸੱਚ ਬਣਾ ਕੇ ਦੱਸਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ। ਉਹ ਫਿਰ ਝੂਠੀ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਜਾਂਦੀ ਹੈ। ਜਿਹੜੇ ਲੋਕ ਦੂਜਿਆਂ ਦੀਆਂ ਝੂਠੀਆਂ ਗੱਲਾਂ ਨੂੰ ਸੱਚ ਬਣਾ ਬਣਾ ਕੇ ਦੱਸਦੇ ਹਨ, ਉਹ ਕਦੇ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ ਅਜਿਹੇ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਜਦੋਂ ਆਪਣੇ ਨਾਲ ਬੀਤਦੀ ਹੈ ਤਾਂ ਪਤਾ ਚਲਦਾ ਹੈ। ਦੂਜਿਆਂ ਦੀਆਂ ਝੂਠੀਆਂ ਗੱਲਾਂ ਬਣਾਉਣੀਆਂ ਬਹੁਤ ਸੌਖੀਆਂ ਹਨ। ਅਜਿਹੇ ਸਵਾਰਥੀ ਲੋਕ ਹਨ ਮਤਲਬ ਰੱਖ ਕੇ ਗੱਲਾਂ ਕਰਦੇ ਹਨ। ਆਪਣੇ ਸਵਾਰਥ ਲਈ ਜਿਸ ਇਨਸਾਨ ਤੋਂ ਫ਼ਾਇਦਾ ਚੁੱਕਣਾ ਹੈ ਉਸ ਦੇ ਨੇੜੇ ਚਲੇ ਜਾਂਦੇ ਹਨ। ਮਤਲਬ ਰੱਖ ਕੇ ਦੋਸਤੀ ਕਰਦੇ ਹਨ। ਤੁਹਾਡੀ ਅੱਖਾਂ ਉਸ ਸਮੇਂ ਖੁੱਲਦੀਆਂ ਹਨ, ਜਦੋਂ ਇਹ ਲੋਕ ਤੁਹਾਡੇ ਤੋਂ ਆਪਣਾ ਕੰਮ ਕਢਵਾ ਕੇ ਚਲੇ ਜਾਂਦੇ ਹਨ ਤੇ ਫਿਰ ਪੁੱਛਦੇ ਤੱਕ ਨਹੀਂ ਤੁਹਾਨੂੰ । ਠੀਕ ਹੈ ਦੋਸਤੀ ਕਰਨੀ ਬਹੁਤ ਜਰੂਰੀ ਹੈ, ਪਰ ਦੋਸਤ ਉਹ ਹੋਣਾ ਚਾਹੀਦਾ ਜਿਸ ਨਾਲ ਤੁਸੀਂ ਸੁੱਖ – ਦੁੱਖ ਸਾਂਝਾ ਕਰ ਸਕਦੇ ਹੋਵੋ, ਸਾਰਿਆਂ ਦਾ ਦੋਸਤ ਕਦੇ ਕਿਸੇ ਦਾ ਸਕਾ ਨਹੀਂ ਹੁੰਦਾ। ਚੱਪਲ ਵਰਗੇ ਸਾਥੀਆਂ ਨੂੰ ਪਛਾਣੋ।
ਜਿਹੜਾ ਕੋਈ ਕਹਿੰਦਾ ਹੈ ਕਿ ਮੇਰੇ ਤਾਂ ਬਹੁਤ ਦੋਸਤ ਹਨ, ਉਹ ਉਹਨਾਂ ਦਾ ਵੀ ਪੱਕਾ ਦੋਸਤ ਨਹੀਂ ਹੁੰਦਾ। ਉਹ ਉਹਨਾਂ ਵਿੱਚ ਇੱਕ ਆਪਣੀ ਇਮੇਜ ਬਣਾ ਰਿਹਾ ਹੁੰਦਾ ਹੈ ਕਿ ਮੇਰਾ ਤਾਂ ਫਲਾਣਾ ਦੋਸਤ ਹੈ, ਮੈਂ ਉਸ ਤੋਂ ਇਹ ਕੰਮ ਕਰਵਾ ਲੈਂਦਾ ਹਾਂ। ਜਦੋਂ ਕੋਈ ਘਟਨਾ ਸਾਡੇ ਨਾਲ ਵਾਪਰਦੀ ਹੈ ਤਾਂ ਤੁਹਾਨੂੰ ਉਦੋਂ ਹੀ ਸਮਝ ਆਉਂਦੀ ਹੈ । ਸੁਣੀਂ ਸੁਣਾਈ ਗੱਲਾਂ ਤੇ ਸਾਨੂੰ ਕਦੇ ਵੀ ਯਕੀਨ ਨਹੀਂ ਆਉਂਦਾ। ਜਿਸ ਤਰ੍ਹਾਂ ਆਦਮੀ ਦੀ ਉਮਰ ਵਧਦੀ ਰਹਿੰਦੀ ਹੈ ਉਸਨੂੰ ਤਜ਼ਰਬਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਹੜਾ ਬੰਦਾ ਮੇਰੇ ਲਈ ਸਹੀ ਹੈ ਜਾਂ ਕਿਹੜੇ ਬੰਦੇ ਤੋਂ ਮੈਂ ਚੁਕੰਨਾ,(ਚੌਕਸ) ਰਹਿਣਾ ਹੈ ਇਸ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਿਆਣੇ ਕਹਿੰਦੇ ਵੀ ਹਨ ਕਿ ਅਕਲ ਬਦਾਮ ਖਾਣ ਨਾਲ ਨਹੀਂ ਆਉਂਦੀ, ਜਿੰਨੇ ਤੁਹਾਨੂੰ ਧੱਕੇ ਮਿਲਦੇ ਹਨ ਉਹਨਾਂ ਤੋਂ ਬਾਅਦ ਸਬਕ ਸਿੱਖ ਕੇ ਤੁਹਾਨੂੰ ਅਕਲ ਆਉਂਦੀ ਹੈ। ਅਕਸਰ ਸਾਡੇ ਸਾਹਮਣੇ ਕਈ ਅਜਿਹੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਦੁੱਖ ਵਿੱਚ ਉਸੇ ਵੇਲੇ ਕੁੱਦ ਜਾਂਦੇ ਹਨ ਉਹਨਾਂ ਤੋਂ ਸੁਣ ਕੇ ਰਿਹਾ ਨਹੀਂ ਜਾਂਦਾ। ਚਾਹੇ ਉਸ ਬੰਦੇ ਨਾਲ ਉਸ ਦੀ ਕਦੇ ਵੀ ਨਾ ਬਣੀ ਹੋਵੇ । ਉਹਨਾਂ ਨੂੰ ਇਹ ਹੁੰਦਾ ਹੈ ਕਿ ਮੈਂ ਇਸ ਇਨਸਾਨ ਦੀ ਮਦਦ ਕਰ ਦਵਾਂ, ਇਹ ਇਨਸਾਨ ਦਾ ਦੁੱਖ ਅੱਧਾ ਹੋ ਜਾਵੇਗਾ। ਜਿਹੜਾ ਸੱਚਾ ਇਨਸਾਨ ਹੁੰਦਾ ਉਹ ਕਦੇ ਵੀ ਉਸ ਇਨਸਾਨ ਦਾ ਫਾਇਦਾ ਨਹੀਂ ਚੁੱਕਦਾ ਨਾ ਉਸਦਾ ਕੋਈ ਨੁਕਸਾਨ ਕਰਦਾ ਹੈ। ਫਿਰ ਸਾਹਮਣੇ ਵਾਲੇ ਨੂੰ ਵੀ ਉਸ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਤੁਹਾਡੀ ਸੋਚਣ ਸ਼ਕਤੀ ਕੀ ਹੈ? ਤੁਸੀਂ ਕਿਸੇ ਇਨਸਾਨ ਬਾਰੇ ਕੀ ਸੋਚਦੇ ਹੋ? ਸਾਹਮਣੇ ਵਾਲੇ ਇਨਸਾਨ ਜ਼ਰੂਰੀ ਹੀ ਨਹੀਂ ਕਿ ਉਹ ਵੀ ਤੁਹਾਡੇ ਬਾਰੇ ਇਸ ਤਰ੍ਹਾਂ ਸੋਚੇ। ਜਦੋਂ ਸਮਝਦਾਰ ਇਨਸਾਨ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸਾਹਮਣੇ ਵਾਲਾ ਇਨਸਾਨ ਤਾਂ ਮੇਰਾ ਫਾਇਦਾ ਚੁੱਕ ਰਿਹਾ ਹੈ ਉਹ ਬਿਨਾਂ ਲੜੇ ਪਾਸੇ ਹੋਣਾ ਸ਼ੁਰੂ ਹੋ ਜਾਂਦਾ ਹੈ। ਫ਼ਿਰ ਉਸ ਇਨਸਾਨ ਨੂੰ ਸਮਝ ਆਉਂਦੀ ਹੈ ਕਿ ਇਸ ਇਨਸਾਨ ਨੇ ਮੇਰਾ ਕਿੰਨਾ ਮੂਰਖ ਬਣਾਇਆ?
ਜਿਹੜੇ ਇਨਸਾਨ ਨੂੰ ਸਾਰੇ ਆਪਣਾ ਕਰੀਬੀ ਮੰਨਦੇ ਹਨ, ਦਰਸਲ ਉਹ ਕਿਸੇ ਦਾ ਕਰੀਬੀ ਨਹੀਂ ਹੁੰਦਾ। ਅਜਿਹੇ ਇਨਸਾਨ ਨੂੰ ਸਹੀ ਗਲਤ ਦੀ ਬਿਲਕੁਲ ਵੀ ਪਰਖ ਨਹੀਂ ਹੁੰਦੀ । ਅਜਿਹਾ ਮਤਲਬੀ ਲੋਕ ਸਾਰਿਆਂ ਨਾਲ ਬਣਾ ਕੇ ਰੱਖਦਾ ਹੈ। ਜਦੋਂ ਕੋਈ ਅਜਿਹੇ ਇਨਸਾਨ ਨੂੰ ਕਹਿੰਦਾ ਹੈ ਕਿ ਮੇਰੇ ਨਾਲ ਉੱਥੇ ਜਾਣਾ ਜਾਂ ਮੇਰੇ ਤੇ ਇਹ ਮੁਸੀਬਤ ਆ ਖੜੀ ਹੈ, ਤਾਂ ਉਹ ਉਸ ਵੇਲੇ ਟਾਲਮਟੋਲ ਕਰਨੀ ਸ਼ੁਰੂ ਕਰ ਦਿੰਦਾ ਹੈ। ਚਾਰ ਬੰਦਿਆਂ ਵਿੱਚ ਉਹ ਕਦੇ ਵੀ ਤੁਹਾਡੇ ਹੱਕ ਦੀ ਗੱਲ ਨਹੀਂ ਕਰੇਗਾ। ਤੁਸੀਂ ਉਸ ਨੂੰ ਆਪਣਾ ਪੱਕਾ ਦੋਸਤ ਮੰਨਦੇ ਹੋ ,ਪਰ ਅਜਿਹੇ ਇਨਸਾਨ ਜਿੱਥੇ ਤੁਹਾਡੇ ਦੁਸ਼ਮਣ ਵੀ ਹੋਣ ਉਹਨਾਂ ਦਾ ਵੀ ਸਾਥ ਦਿੰਦੇ ਹਨ ਉਹਨਾਂ ‘ਚ ਵੀ ਵਿਚਰ ਰਹੇ ਹੁੰਦੇ ਹਨ, ਫਿਰ ਉਹ ਤੁਹਾਡਾ ਦੋਸਤ ਕਿਵੇਂ ਹੋਇਆ। ਅਜਿਹਾ ਇਨਸਾਨ ਦੋਵੇਂ ਪਾਸੇ ਵਿਚਰਦਾ ਹੈ। ਅਜਿਹੇ ਇਨਸਾਨ ਕੋਲ ਤਾਂ ਕੋਈ ਗੱਲ ਵੀ ਨਹੀਂ ਕਰਨੀ ਚਾਹੀਦੀ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਜੇਹੇ ਇਨਸਾਨਾਂ ਤੋਂ ਜਿੰਨਾ ਹੋ ਸਕੇ ਦੂਰ ਰਹੋ। ਜਿਹੜਾ ਇਨਸਾਨ ਦੋ ਬੇੜੀਆਂ ਵਿੱਚ ਪੈਰ ਰੱਖਦਾ ਹੈ ਉਸ ਇਨਸਾਨ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਨਾਲ ਤਾਂ ਤੁਹਾਡੀ ਵੀ ਕਹੀ ਜਾਣੀ, ਦੂਜੇ ਨੂੰ ਵੀ ਗਲਤ ਨਹੀਂ ਬੋਲਣਾ, ਪਰ ਅੱਜ ਕੱਲ ਇਹ ਹੋ ਵੀ ਰਿਹਾ ਹੈ। ਲੋਕ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ। ਅਜਿਹੇ ਇਨਸਾਨ ਇਸ ਕਰਕੇ ਦੋ ਬੇੜੀਆਂ ਵਿੱਚ ਪੈਰ ਰੱਖਦੇ ਹਨ ਕਿ ਕੱਲ ਨੂੰ ਜੇ ਮੇਰੇ ਤੇ ਮੁਸੀਬਤ ਪੈ ਗਈ ਤਾਂ ਮੈਨੂੰ ਕੋਈ ਵੀ ਮਨਾ ਨਹੀਂ ਕਰੇਗਾ। ਇਸ ਕਰਕੇ ਮੈਂ ਸਾਰਿਆਂ ਨਾਲ ਬਣਾ ਕੇ ਰੱਖਾਂ। ਅੱਜ ਦੇ ਮਤਲਬੀ ਯੁੱਗ ਵਿੱਚ ਬਹੁਤ ਸੋਚ ਸਮਝ ਕੇ ਵਿਚਰਨਾ ਪੈਂਦਾ ਹੈ। ਕਈ ਵਾਰ ਦੋਸਤ ਹੀ ਤੁਹਾਡਾ ਬਣਿਆ ਬਣਾਇਆ ਕੰਮ ਹੀ ਵਿਗਾੜ ਦਿੰਦੇ ਹਨ । ਇੱਥੇ ਕਿਸੇ ਦੀ ਕੋਈ ਵੀ ਗਰੰਟੀ ਨਹੀਂ ਹੈ ਕਿ ਕਿਸ ਨੇ ਕਿਸ ਦਾ ਕਿੰਨਾ ਸਮਾਂ ਸਾਥ ਦੇਣਾ ਹੈ। ਤੁਸੀਂ ਇਸ ਦੁਨੀਆ ਵਿੱਚ ਇਕੱਲੇ ਆਏ ਹੋ। ਇਕੱਲੇ ਹੀ ਜਾਣਾ ਹੈ। ਆਪਣਾ ਅੰਦਰਲਾ ਇੰਨਾ ਮਜ਼ਬੂਤ ਕਰੋ ਕਿ ਤੁਹਾਨੂੰ ਕਿਸੇ ਵੀ ਸਹਾਰੇ ਨਹੀਂ ਲੋੜ ਨਾ ਪਵੇ। ਆਪਣੇ ਸ਼ਰੀਰ ਦਾ ਧਿਆਨ ਰੱਖੋ। ਆਪਣੇ ਆਪ ਨਾਲ ਗੱਲਾਂ ਕਰੋ । ਤੁਹਾਡੇ ਤੋਂ ਬਿਨਾਂ ਤੁਹਾਡਾ ਕੋਈ ਹੋਰ ਸਾਥੀ ਵਧੀਆ ਨਹੀਂ ਹੋ ਸਕਦਾ।
