ਇਤਰਾਜ਼

ਇਕ ਦਫ਼ਤਰ ਦੀਆਂ ਤਿੰਨ ਚਾਰ ਔਰਤਾਂ ਕੁਲੀਗ ਲੰਚ ਟਾਈਮ ਵਿਚ ਗੱਲੀਂਬਾਤੀਂ ਰੁੱਝੀਆਂ ਹੋਈਆਂ ਸਨ। ਸਾਰੀਆਂ ਦੇ ਹੱਥਾਂ ਵਿਚ ਮਹਿੰਗੇ ਐਂਡਰੁਆਇਡ ਮੋਬਾਇਲ ਫੋਨ ਸਨ।

“ਵੇਖੋ ਬਈ! ਇਹ ਆਪਣਾ ਸ਼ਰਮਾ ਹੈ ਨਾ, ਦੇਖੋ ਮੈਨੂੰ ਫੇਸਬੁੱਕ ‘ਤੇ ਪੁੱਠੇ ਸਿੱਧੇ ਮੈਸੇਜ ਭੇਜਦਾ ਰਹਿੰਦੈ।” ਮਿਸਿਜ ਕੁਲਕਰਨੀ ਗੁੱਸੇ ਵਿਚ ਅੱਗ-ਬਬੂਲਾ ਹੋਈ ਆਪਣੇ ਇਕ ਮਰਦ ਕੁਲੀਗ ਬਾਰੇ ਕਹਿ ਰਹੀ ਸੀ।
“ਅੱਛਾ ਦੇਖਣ ਨੂੰ ਤਾਂ ਬੜਾ ਸਾਊ ਲੱਗਦਾ, ਪਰ ਅੰਦਰੋਂ ਤਾ ਬੜਾ ਬਦਮਾਸ਼ ਹੈ।” ਮਿਸਿਜ ਪਾਂਡੇ ਬੋਲੀ।
“ਹਾਏ ਨੀ ਹਾਏ ਕੀ-ਕੀ ਮੈਸੇਜ਼ ਭੇਜਦਾ ਉਹ ਪੱਠਾ, ਸਾਨੂੰ ਤਾਂ ਪੜ੍ਹਾ ਮਿਸਿਜ਼ ਦੇਵਿਕਾ ਚੁਟਕੀ ਮਾਰਦਿਆਂ ਹੱਸਦਿਆ ਬੋਲੀ ।
ਆਪਣੀ ਚੌਥੀ ਕੁਲੀਗ ਜੋ ਚੁੱਪ-ਚਾਪ ਸਭ ਕੁੱਝ ਸੁਣ ਰਹੀ ਸੀ, ਨੂੰ ਮਿਸਿਜ਼ ਪਾਂਡੇ ਬੋਲੀ, “ਕੀ ਗੱਲ ਮਿਸਿਜ਼ ਊਸ਼ਾ ਤੁਸੀ ਚੁੱਪ ਹੋ ? ਤੁਸੀਂ ਵੀ ਤਾਂ ਕੁਝ ਵਿਚਾਰ ਦਿਓ।”
ਬਾਕੀ ਸਾਰੀਆਂ ਮਿਸਿਜ ਊਸ਼ਾ ਵੱਲ ਸੁਆਲੀਆਂ ਨਜ਼ਰਾਂ ਨਾਲ ਤੱਕਣ ਲੱਗੀਆਂ।
“ਭੈਣੋ, ਬੁਰਾ ਨਾ ਮਨਾਈਓ ਤਾਂ ਸੱਚੀ ਗੱਲ ਦੱਸਾਂ?” ਮਿਸਿਜ਼ ਊਸ਼ਾ ਝਿਜਕਦੇ ਜਿਹੇ ਬੋਲੀ ।
“ਹਾਂ ਹਾਂ ਆਪਣੇ ਵਿਚਾਰ ਦੱਸੋ।” ਮਿਸਿਜ਼ ਦੇਵਿਕਾ ਬੋਲੀ।
“ਮਿਸਿਜ਼ ਕੁਲਕਰਨੀ, ਸ਼ਰਮਾ ਤੁਹਾਨੂੰ ਕਿੰਨੇ ਚਿਰਾਂ ਤੋਂ ਮੈਸੇਜ ਭੇਜ ਰਿਹੈ?”
“ਇਹੀ ਕੋਈ ਦੋ-ਤਿੰਨ ਮਹੀਨੇ ਤੋਂ।”
“ਤੁਸੀਂ ਵੀ ਅੱਗੋਂ ਮੈਸੇਜ਼ ਦੇ ਜਵਾਬ ਦਿੱਤੇ ਨੇ।”
“ਹਾਂ… ਹਾਂ, ਸ਼ੁਰੂ-ਸ਼ੁਰੂ ਵਿਚ, ਪਰ ਬਾਅਦ ਵਿਚ ਜਦੋਂ ਉਹ ਪੁੱਠੇ-ਸਿੱਧੇ ਮੈਸੇਜ਼ ਭੇਜਣ ਲੱਗ ਪਿਆ ਤਾਂ ਮੈਂ ਜਵਾਬ ਦੇਣਾ
ਘੱਟ ਕਰ ਦਿੱਤੈ, ਕਦੇ-ਕਦੇ ਹੀ ਦੇਂਦੀ ਹਾਂ।”
“ਮਿਸਿਜ਼ ਕੁਲਕਰਨੀ, ਬੁਰਾ ਨਾ ਮਨਾਈਓ, ਫਿਰ ਤਾਂ ਲੱਗਦਾ ਤੁਹਾਨੂੰ ਵੀ ਉਸ ਦੇ ਮੈਸੇਜ਼ ਭੇਜਣ ‘ਤੇ ਕੋਈ ਇਤਰਾਜ਼ ਨਹੀਂ ਹੈ।”
“ਕੀ ਮਤਲਬ?” ਮਿਸਿਜ਼ ਕੁਲਕਰਨੀ ਦੇ ਬੋਲਾਂ ਵਿਚ ਝੁੰਜਲਾਹਟ ਸੀ।
“ਜੇ ਤੁਹਾਨੂੰ ਇਤਰਾਜ਼ ਹੁੰਦਾ ਤਾਂ ਤੁਸੀਂ ਹੁਣ ਤੱਕ ਉਸ ਨੂੰ ਆਪਣੀ ਪ੍ਰੋਫਾਈਲ ਵਿਚੋਂ ਅਨਫਰੈਂਡ ਜਾਂ ਬਲੈਕ-ਲਿਸਟ ਕਿਉਂ
ਨਹੀਂ ਕੀਤੈ।

ਹੁਣ ਸਾਰੇ-ਪਾਸੇ ਚੁੱਪ ਜਿਹੀ ਪਸਰ ਗਈ।