ਇਸ਼ਕ ਖ਼ਜ਼ਾਨਾ
(1)
ਆਪਣੇ ਆਪ ਦੀ ਵੀ ਸੁਧ ਨਹੀਂਓ ਕੋਈ,
ਰਹਿੰਦਾ ਖ਼ਾਬ ਤੇ ਖ਼ਿਆਲ ਸਾਨੂੰ ਸਦਾ ਮਾਹੀ ਦਾ।
ਮਹਿਲਾਂ ਵਿੱਚ ਵੱਸਣ ਦਾ ਸ਼ੌਕ ਨਹੀਂ ਕੋਈ,
ਓਹਦੇ ਦਿਲ ਵਿੱਚ ਵਸ ਜਾਈਏ ਇਹੋ ਚਾਹੀਦਾ।
ਉਸਦੇ ਵਜੂਦ ਜਿਹੀ ਖੁਸ਼ਬੂ ਨਾ ਹੋਰ ਕਿਤੇ,
ਕਵਿਤਾਵਾਂ ਵਿੱਚ ਘੋਲੇ ਮਹਿਕ ਤੁਪਕਾ ਸਿਆਹੀ ਦਾ।
ਰੂਹ ਦੇ ਰਿਸ਼ਤਿਆਂ ਦੀ ਹੁੰਦੀ ਨਾ ਨੁਮਾਇਸ਼ ਕੋਈ,
ਸਾਂਝ ਦਿਲਾਂ ਵਾਲੀ ਨਿਭੇ ਹਰ ਖ਼ੁਆਬ ਆਵੇ ਮਾਹੀ ਦਾ।
ਰੱਬਦੀ ਏ ਦਾਤ, ਨਹੀਓ ਕਿਸੇ ਨੂੰ ਦਿਖਾਈ ਦਾ ਇਹ
ਇਸ਼ਕ ਖਜ਼ਾਨਾ ਦਿੱਤਾ ਉਸ ਨੂੰ ਸਲਾਹੀ ਦਾ।
(2)
ਜਦ ਲੰਘਾਂ ਇਥੋਂ ਦੀ ਜੀ ਕਰੇ ਰੁਕ ਜਾਵਾਂ,
ਇਹ ਰੁੱਖ, ਖੇਤ ਸੁਣਾਵਣ ਲਹਿਰਾਂ ਨਹਿਰ ਦੀਆਂ।
ਦੂਰ ਤੈਥੋਂ ਰਹਿ ਨਾ ਹੋਵੇ, ਨਹੀਂ ਕੋਲ ਵੀ ਆ ਹੁੰਦਾ,
ਲੱਗ ਗਈਆਂ ਦਿਲ ਨੂੰ ਇਹ ਪੀੜਾਂ ਗਹਿਰ ਦੀਆਂ।
ਜਿੱਥੇ ਜਿੱਥੇ ਨਜ਼ਰਾ ਮਿਲੀਆਂ, ਬਾਤਾਂ ਹੋਈਆਂ ਆਪਣੀਆਂ
ਦੇਣ ਗਵਾਹੀ ਉਹ ਕੂਚੇ ਤੇ ਗਲੀਆਂ ਮੇਰੇ ਸ਼ਹਿਰ ਦੀਆਂ।
ਪਿਆਰ ਤੇਰਾ ਹੈ ਸੁੱਚਾ ਮੋਤੀ ਰੱਖਾਂ ਲਕੋ ਕੇ ਲੋਕਾਂ ਤੋਂ,
ਡਰਦੀ ਹਾਂ ਲੱਗ ਜਾਣ ਨਾ ਨਜ਼ਰਾਂ ਤੈਨੂੰ ਕਿਸੇ ਦੇ ਕਹਿਰ ਦੀਆਂ।
ਜ਼ਿੰਦਗੀ ਦੀ ਸ਼ਾਮ ‘ਚ ਮਿਲਿਆ ਉਹ ਜਿਸ ਨਾਲ ਮਨ ਮਿਲਿਆ,
ਕਿਵੇਂ ਪੂਰੀਆਂ ਹੋਣ ਇਹ ਬਾਤਾਂ ਪਿਛਲੇ ਪਹਿਰ ਦੀਆਂ।