ਕਵਿਤਾ
ਮੇਰਾ ਤਰਲਾ ਸਿਰਜਣਹਾਰ ਨੂੰ,
ਤੂੰ ਆਪਣੀ ਕਲਾ ਵਰਤਾ।
ਅੱਜ ਕੁੱਲ ਲੁਕਾਈ ਰੋਂਦੀ,
ਤੈਨੂੰ ਰਹੀਂ ਵਾਸਤੇ ਪਾ ।
ਦਰਦਮੰਦਾਂ ਦਿਆ ਦਰਦੀਆਂ,
ਅੱਜ ਤੱਕ ਆਪਣਾ ਪੰਜਾਬ।
ਪਸ਼ੂ ਪੰਛੀ ਸਭ ਮਰ ਰਹੇ,
ਕੁੱਲ ਲੁਕਾਈ ਰਹੀ ਕੁਰਲਾ।
ਧਰਤੀ ‘ਤੇ ਲਾਸ਼ਾਂ ਵਿਛੀਆਂ,
ਸਭ ਖੇਤ ਗਏ ਮੁਰਝਾ।
ਕਿਸ ਨੇ ਧਰਤ ਪੰਜਾਬ ਨੂੰ,
ਦਿੱਤੀ ਨਜ਼ਰ ਲਗਾ?
ਇਸ ਜਰਖੇਜ਼ ਜ਼ਮੀਨ ‘ਤੇ,
ਕਿਉਂ ਗਏ ਹੜ੍ਹ ਆ।
ਹਰੀਆਂ ਭਰੀਆਂ ਫਸਲਾਂ,
ਬਣ ਗਈਆਂ ਨੇ ਦਰਿਆ।
ਸਿਰ ਤੇਰੇ ਕਦਮਾਂ ‘ਤੇ ਰੱਖ ਕੇ,
ਕਿਸਾਨ ਰਿਹਾ ਕੁਰਲਾ।
ਤੇਰੇ ਬੱਚੇ ਫਿਰਦੇ ਵਿਲਕਦੇ,
ਦੁੱਖ ਪਿੰਡੇ ਤੇ ਰਹੇ ਹੰਢਾ।
ਬਜ਼ੁਰਗ ਧਾਹਾਂ ਮਾਰਦੇ,
ਤੂੰ ਆਪਣੀ ਬਾਂਹ ਫੜਾ।
ਤੂੰ ਹੀ ਸਹਾਰਾ ਜਗਤ ਦਾ,
ਆ ਕੇ ਢਾਰਸ ਬੰਨ੍ਹਾ।
ਸਭ ਆਸਾਂ ਤੇਰੇ ‘ਤੇ ਮਾਲਕਾ,
ਕੋਈ ਅਸਚਰਜ ਕੌਤਕ ਵਰਤਾ।
ਮੌੜ ਦੇ ਸਭ ਦਰਿਆ ਤੂੰ,
ਤੂੰ ਹੀ ਵਰਖਾ ਨੂੰ ਠੱਲ ਪਾ ।
ਗੁਰੂਆਂ ਪੈਗੰਬਰਾਂ ਦੀ ਧਰਤੀ ਨੂੰ,
ਮੁੜ ਫਿਰ ਸਵਰਗ ਬਣਾ।
ਰਹਿਮ ਕਰੀਂ ਹੁਣ ਮਾਲਕਾ,
ਦੁੱਖ ਰੋਗ ਤੋਂ ਲਈ ਬਚਾਅ।
ਹਰਨਿੰਦਰ ਨੇ ਮਨ ਦੇ ਵਲਵਲੇ,
ਵਾਹਿਗੁਰੂ ਜੀ ਤੁਹਾਨੂੰ ਦਿੱਤੇ ਸੁਣਾ।
