ਕਵਿਤਾ

ਖ਼ਬਰੇ ਕਿਹੜਾ ਇਹ ਤਰੀਕਾ ਹੈ ਪਿਆਰ ਕਰਨ ਦਾ,
ਜੀਅ ਹੀ ਨਹੀਂ ਕਰਦਾ ਉਹਨਾਂ ਦਾ ਮਿਲਣ ਦਾ।

ਉਤਾਵਲਾਪਣ ਸੀ ਬਸ ਇਜ਼ਹਾਰ ਕਰਨ ਦਾ,
ਇਰਾਦਾ ਕਿੱਥੇ ਸੀ ਰੂਹ ਨਾਲ ਰਿਸ਼ਤਾ ਰੱਖਣ ਦਾ।

ਮੁਹੱਬਤ ਨਾਂ ਹੈ ਹਰ ਸਾਹ ਵਿੱਚ ਉਸਨੂੰ ਜਿਉਣ ਦਾ,
ਮਸਲਾ ਨਹੀਂ ਇਥੇ ਹਾਸਲ ਕਰਨ ਜਾਂ ਗਵਾਉਣ ਦਾ।

ਟੁਕੜਿਆਂ-ਟੁਕੜਿਆਂ ਵਿੱਚ ਵਜੂਦ ਜਿਨ੍ਹਾਂ ਦੇ ਹੋਣ ਦਾ,
ਹੱਕ ਹੈ ਉਹਨਾਂ ਨੂੰ ਮੁਹੱਬਤ ਵਿੱਚ ਇਮਤਿਹਾਨ ਵੀ ਲੈਣ ਦਾ।

ਕਦ ਮੰਗਿਆ ਸੀ ਵਾਅਦਾ ਹਰ ਰੋਜ਼ ਮਿਲਣ ਦਾ,
ਮਜ਼ਾ ਆਉਂਦਾ ਉਹਨਾਂ ਨੂੰ ਸਾਨੂੰ ਬੇਤਾਬ ਕਰਨ ਦਾ।

ਚਾਅ ਬੜਾ ਉਹਨਾਂ ਨੂੰ ਜ਼ਮਾਨੇ ਭਰ ਦੀ ਦਵਾ-ਦਾਰੂ ਕਰਨ ਦਾ,
ਬਸ ਵਕਤ ਨਹੀਂ ਹੈ ਸਾਡੇ ਹੀ ਜ਼ਖ਼ਮ ਭਰਨ ਦਾ।

ਨਹੀਂ ਵੇਖ ਸਕੇ ਉਹ ਸਮਰਪਣ ਉਹਨਾਂ ਤੱਕ ਸਿਮਟ ਜਾਣ ਦਾ,
ਦੂਰ ਹੋ ਜਾਣ ਤੇ ਪਲ-ਪਲ ਮਿਟ ਜਾਣ ਦਾ।

ਰੁਕਦਾ ਹੀ ਨਹੀਂ ਉਹਨਾਂ ਦਾ ਖਿਆਲ ਸਾਨੂੰ ਪਰਖਣ ਦਾ,
ਰੂਹ ਕੰਬ ਜਾਂਦੀ ਇਥੇ ਸੋਚ ਕੇ ਵਿਛੜਨ ਦਾ।

ਨਹੀਂ ਮਲਾਲ ਹੁਣ ਸਾਨੂੰ ਉਹਨਾਂ ਦੇ ਬਦਲਣ ਦਾ,
ਇਹ ਵਕਤ ਹੈ ਵਕਤ ਨੂੰ ਸਮਝਣ ਦਾ।

ਦਿਲ ਨੂੰ ਮਿਲਿਆ ਇਨਾਮ ਹਰ ਦਰਦ ਸਹਿਣ ਦਾ,
ਉਹਨਾਂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ।