ਖੁਸ਼ੀ
ਉਹ ਬਹੁਤ ਉਦਾਸ ਜਿਹਾ ਲੱਗਦਾ ਸੀ, ਜਦੋਂ ਮੈਨੂੰ ਮਿਲਿਆ। ਮੈਂ ਕਿਹਾ “ਸੁਣਾ ਕਿੱਦਾਂ !” ਉਹ ਉਦਾਸੀ ਜਿਹੀ ‘ਚ ਬੋਲਿਆ, “ਠੀਕ ਹੈ ਭਾਈ! ਸਭ ਠੀਕ ਹੈ।” ਮੈਂ ਕਿਹਾ, “ ਬਾਲ ਬੱਚੇ, ਭਾਬੀ, ਸਭ ਰਾਜ਼ੀ ਬਾਜ਼ੀ ?” ਕਰੋਨਾ ਕਾਲ ਵਿਚ ਪੁੱਛਣਾ ਬੜਾ ਜ਼ਰੂਰੀ ਸੀ। ਕਹਿਣ ਲੱਗਾ, “ਸਭ ਠੀਕ ਹੈ।” ਫੇਰ ਕਹਿਣ ਲੱਗਾ, “ਯਾਰ ਮੇਰੀ ਇੱਕ ਸ਼ੰਕਾ ਤਾਂ ਦੂਰ ਕਰ।” ਮੈਂ ਕਿਹਾ “ਦੱਸ!” ਕਹਿਣ ਲੱਗਾ, “ਤੂੰ ਸਹੁਰਿਆਂ ਦੇ ਘਰ ਜਾਨਾ ਹੁੰਨਾ ਏਂ ?” ਮੈਂ ਕਿਹਾ,“ਕਿਉਂ ਨਹੀਂ ਜਾਂਦਾ ਸਾਰੇ ਜਾਂਦੇ ਨੇ ਕਿਉਂ ਤੂੰ ਨਹੀਂ ਜਾਂਦਾ !” ਮੈਂ ਉਲਟਾ ਸੁਆਲ ਠੋਕ ਦਿੱਤਾ। “ਜਾਂਦਾ ਤਾਂ ਹਾਂ, ਪਰ ਕਦੇ ਸੁਆਦ ਜਿਹਾ ਨਹੀਂ ਆਇਆ।” “ਉਹ ਕਿਸ ਤਰ੍ਹਾਂ ਬਈ ਸੁਆਦ ਤੋਂ ਭਾਵ ਤੇਰੀ ਸੇਵਾ ਨਹੀਂ ਕਰਦੇ ਕੁੱਕੜ ਪਾਣੀ ਨਹੀਂ ਪੁੱਛਦੇ। ਸੌਣ ਲਈ ਮੰਜਾ ਚੰਗਾ ਨਹੀਂ ਦਿੰਦੇ ।” “ਇਹ ਗੱਲ ਨਹੀਂ।” ਉਹ ਅਜੇ ਵੀ ਬੇਚੈਨ ਜਿਹਾ ਸੀ। ਆਖ਼ਰ ਅੱਕ ਕੇ ਮੈਂ ਪੁੱਛਿਆ,“ਕੀ ਜਾਂਦੇ ਨੂੰ ਤੈਨੂੰ ਗਾਲ੍ਹਾਂ ਕੱਢਦੇ ?” “ਨਹੀਂ ਪਰ ਯਾਰ!” ਉਹ ਚੁੱਪ ਕਰ ਗਿਆ। ਮੇਰੇ ਕੋਲ ਵੀ ਕੋਈ ਸੁਆਲ ਨਹੀਂ ਸੀ। ਕੁੱਝ ਦੇਰ ਚੁੱਪ ਛਾਈ ਰਹੀ। ਉਹ ਹਵਾ ਨੂੰ ਘੂਰਦਾ ਰਿਹਾ । ਫੇਰ ਕਹਿਣ ਲੱਗਾ, “ਮੈਂ ਜਦੋਂ ਜਾਨਾ ਇਕ ਰਾਤ ਤੋਂ ਵੱਧ ਨਹੀਂ ਰਹਿੰਦਾ। ਸੇਵਾ ਵੀ ਪੂਰੀ ਕਰਦੇ।” ਮੈਂ ਫੇਰ ਕੁਰੇਦਿਆਂ, “ਕੋਈ ਸਾਲੀ ਸੂਲੀ ਨਾਲ ਤਾਂ ਨਹੀਂ ਪੰਗਾ।” “ਨਹੀਂ ਸਾਲੀ ਮੇਰੀ ਹੈ ਕੋਈ ਨਹੀਂ।” “ਫੇਰ ਯਾਰ ਤੂੰ ਮੇਰੀ ਜਾਨ ਕਿਉਂ ਖਾਈ ਜਾਨਾ?” ਮੈਂ ਅੱਕ ਕੇ ਕਿਹਾ। “ਯਾਰ ਮੇਰਾ ਉਨ੍ਹਾਂ ਨਾਲ ਇੱਕ ਗਿਲਾ ਆ।” ਮੈਂ ਮੁਸਕਰਾ ਕੇ ਕਿਹਾ, “ਕੀ?” “ਯਾਰ, ਜਦੋਂ ਮੈਂ ਜਾਂਨਾ ਕਹਿੰਦੇ ਹੋਰ ਸੁਣਾ ਸਭ ਠੀਕ ਠਾਕ ਹੈ। ਮੈਂ ਕਹਿਦਾ ਹਾਂ, ਸਭ ਠੀਕ ਠਾਕ ਹੈ। ਕੁੜੀ ਸਾਡੀ ਖ਼ੁਸ਼ ਹੈ? ਮੈਂ ਕਹਿਨਾ, ਹਾਂ। ਭਾਈਆ ਤੰਗ ਤਾਂ ਨਹੀਂ ਕਰਦਾ ਸਾਡੀ ਭੈਣ ਨੂੰ? ਛੋਟਾ ਸਾਲਾ ਆਮ ਕਹਿੰਦਾ ਹੈ। ਉਹ ਮੇਰਾ ਸਾਲਾ ਜਿਮ ਜਾਂਦਾ ਹੈ ਇਸ ਲਈ ਥੋੜ੍ਹਾ ਆਕੜ ਕੇ ਗੱਲ ਕਰਦਾ ਹੈ। ਮੇਰੀ ਸੱਸ ਅਮੂਮਨ ਪੁੱਛਦੀ ਏ “ ਕੁੜੀ ਤਾਂ ਭਾਈ ਸਾਡੀ ਖ਼ੁਸ਼ ਏ ?” ਹੁਣ ਉਹਨੂੰ ਕੀ ਦੱਸਾ ਬਈ ਕੁੜੀ ਤਾਂ ਤੁਹਾਡੀ ਖੁਸ਼ ਏ। ਕਦੇ ਕਦੇ ਮੈਂ ਦਿਲ ਵਿਚ ਸੋਚਦਾ, ਕੰਜਰੋਂ ! ਕਦੇ ਮੈਨੂੰ ਪੁੱਛਿਆ ਤੂੰ ਵੀ ਖੁਸ਼ ਏਂ ਕਿ ਨਹੀਂ। ਹਰ ਵਾਰੀ ਕੁੜੀ ਦਾ ਪੁੱਛਦੇ ਹੋ। …ਕਦੇ ਗ਼ਰੀਬ ਨੂੰ ਵੀ ਪੁੱਛੋ ਭਾਈ ਤੂੰ ਕਿੱਦਾ ਕੱਟਦਾਂ ? ਕੁੜੀ ਦੀ ਖੁਸ਼ੀ ‘ਚ ਮੈਂ ਕਈ ਵਾਰ ਦਬਾਅ ਹੇਠਾਂ ਆਉਂਦਾ ਉਹਦਾ ਕਿਸੇ ਨੂੰ ਪਤਾ ਈ ਨਹੀਂ। ਅਖੇ ਸਾਡੀ ਕੁੜੀ ਖੁਸ਼ ਏ ?” ਇਨਾਂ ਕਹਿ ਕੇ ਉਹ ਨੱਕ ਸੁਣਕਦਾ ਅੱਗੇ ਤੁਰ ਪਿਆ ਤੇ ਮੈਨੂੰ ਸੋਚੀਂ ਪਾ ਗਿਆ।
ਡਾ. ਅਨੁਰਾਗ ਸ਼ਰਮਾਂ
ਮੋ: 9855263576