ਗਜ਼ਲ
ਜ਼ਿੰਦਗਾਨੀ ਹੈ ਨਦੀ ਦੀ ਨੀਰ ਨਾਲ।
ਆਬਰੂ ਤਰਕਸ਼ ਦੀ ਹੁੰਦੀ ਤੀਰ ਨਾਲ ।
ਕੋਸ਼ਿਸ਼ਾਂ ਤਾਂ ਲੈ ਗਈ ਤਦਬੀਰ ਨਾਲ ।
ਕੀ ਕਰਾਂ ਸ਼ਿਕਵਾ ਮੈਂ ਹੁਣ ਤਕਦੀਰ ਨਾਲ।
ਪਾ ਖ਼ਿਆਲਾਂ ਦੇ ਨਾ ਪੈਰੀਂ ਬੇੜੀਆਂ,
ਇਹ ਨਹੀਂ ਬੱਝਦੇ ਕਿਸੇ ਜ਼ੰਜੀਰ ਨਾਲ।
ਖੂਨ ਵਿਚ ਨਾਹਤੀ ਜਿਹਦੀ ਰੱਖਿਆ ਲਈ,
ਓਹੀ ਗੁੱਸੇ ਹੈ ਮੇਰੀ ਸ਼ਮਸ਼ੀਰ ਨਾਲ।
ਅੱਜ ਇਸ ਦੀ, ਕੱਲ੍ਹ ਉਸ ਦੀ ਵੀ ਬਣੇ,
ਤੋਲਦੀ ਫਿਰ ਵੀ ਉਹ ਖ਼ੁਦ ਨੂੰ ਹੀਰ ਨਾਲ।
ਜਾਪਦੈ ‘ਕੋਚਰ’ ਹੈ ਮੇਰੇ ਸਾਹਮਣੇ,
ਜਦ ਕਰਾਂ ਗੱਲਾਂ ਉਦ੍ਹੀ ਤਸਵੀਰ ਨਾਲ।
