ਗਜ਼ਲ

ਇਹ ਗਣਿਤ ਨਾ ਸਮਝ ਸਾਡੀ ਆਇਆ ਕਦੇ
ਜੋੜ ਸਾਡੇ, ਉਹ ਹਾਸਿਲ ਕਿਵੇਂ ਹੋ ਗਏ
ਜਦ ਸਵਾਲਾਂ ‘ਤੇ ਮਿਹਨਤ ਅਸਾਡੀ ਰਹੀ
ਉਹ ਜਵਾਬਾਂ ‘ਚ ਸ਼ਾਮਿਲ ਕਿਵੇਂ ਹੋ ਗਏ

ਕਦ ਸੁਖਾਲਾ ਰਿਹਾ ਇਸ ਗਲੀ ਲੰਘਣਾ
ਸੀਸ ਨੇਜੇ ‘ਤੇ ਆਪਣਾ ਪਵੇ ਟੰਗਣਾ
ਜੋ ਵਿਖਾਉਂਦੇ ਨੇ ਚੀਚੀ ਨੂੰ ਲਾ ਕੇ ਲਹੂ
ਉਹ ਸ਼ਹੀਦਾਂ ‘ਚ ਸ਼ਾਮਿਲ ਕਿਵੇਂ ਹੋ ਗਏ

ਬੀਜ ਆਸਾਂ ਉਮੀਦਾਂ ਦੇ ਬੀਜੇ ਅਸੀਂ
ਫਸਲ ਦੀ ਥਾਂ ‘ਤੇ ਸਲਫਾਸ ਉੱਗਦੀ ਪਈ
ਜ਼ੋਰ ਦੇ ਕੇ ਦਿਮਾਗਾਂ ‘ਤੇ ਸੋਚੋ ਜ਼ਰਾ
ਮੌਤ ਦੇ ਬੀਜ ਦਾਖਿਲ ਕਿਵੇਂ ਹੋ ਗਏ

ਮੁੱਲ ਨਾ ਮੋੜਿਆ ਮਿਹਨਤਾਂ ਦਾ ਕਦੀ
ਹੱਕ ਮੰਗੇ ਤਾਂ ਲਾਠੀ ਜਾਂ ਗੋਲੀ ਮਿਲੀ
ਦੇਰ ਹੋਈ ਬੜੀ, ਸੋਚਣਾ ਹੀ ਪਊ
ਜੋ ਸੀ ਮੁਨਸਿਫ਼ ਉਹ ਕਾਤਿਲ ਕਿਵੇਂ ਹੋ ਗਏ

ਅੰਨ ਦਾਤੇ ਤਾਂ ਬੇਸ਼ੱਕ ਕਹਾਉਂਦੇ ਰਹੇ
ਜੇਬ ਖਾਲੀ ਰਹੀ ਢਿੱਡ ਭੁੱਖੇ ਰਹੇ
ਪੇਟ ਹੋਰਾਂ ਦੇ ਭਰਦੇ ਭਰਾਉਂਦੇ ਅਸੀਂ
ਹੁਣ ਸਜ਼ਾਵਾਂ ਦੇ ਕਾਬਿਲ ਕਿਵੇਂ ਹੋ ਗਏ

ਇਹ ਜੋ ਸੜਕਾਂ ‘ਤੇ ਉੱਤਰੇ ਨੇ ਹੱਕਾਂ ਲਈ
ਆਖਦੇ ਹੋ ਤੁਸੀਂ”ਸਿਰਫਿਰੇ ਲੋਕ ਨੇ”
ਪਾਲਦੇ ਜੋ ਤੁਹਾਡੇ ਹੀ ਕੁਨਬੇ ਰਹੇ
ਹੁਣ ਉਹੀ ਲੋਕ ਪਾਗਲ ਕਿਵੇਂ ਹੋ ਗਏ

ਇਹ ਸ਼ਰਾਫਤ ਤੇ ਸੇਵਾ ਦਾ ਸਵਰੂਪ ਸੀ
ਹੁਣ ਸਿਆਸਤ ਵੀ ਦਾਗੀ ਜਿਹੀ ਹੋ ਗਈ
ਚੋਰ, ਗੁੰਡੇ, ਲੁਟੇਰੇ, ਮਵਾਲੀ ਸਭੇ
ਰਾਜਨੀਤੀ ਦਾ ਹਾਸਿਲ ਕਿਵੇਂ ਹੋ ਗਏ

ਨੈਣ ਸਪਨੇ ਹੀ ਵੇਖਣ ‘ਚ ਮਸਰੂਫ ਸਨ
ਰੋਜ਼ ਹੱਥਾਂ ‘ਚੋਂ ਕਿਰਦੀ ਰਹੀ ਜ਼ਿੰਦਗੀ
ਮੋਰਚੇ ਲਾਉਂਦਿਆਂ ਲਾਉਂਦਿਆਂ ਹੀ ਅਸੀਂ
ਆਪ ਆਪਣੇ ਤੋਂ ਗ਼ਫਿਲ ਕਿਵੇਂ ਹੋ ਗਏ.