ਗ਼ਦਰੀ ਬਾਬੇ ਕੌਣ ਸਨ?
ਅੱਜ ਕੱਲ੍ਹ ਇਹ ਚਰਚਾ ਬੜੇ ਜ਼ੋਰ-ਸ਼ੋਰ ਨਾਲ ਚਲ ਰਹੀ ਹੈ ਕਿ ਗਦਰੀ ਬਾਬੇ ਕੌਣ ਸਨ? ਇਸ ਤੋਂ ਭਾਵ ਇਹ ਹੈ ਕਿ ਉਹ ਸਿੱਖ ਸਨ ਜਾਂ ਕਾਮਰੇਡ ਸਨ ਜਾਂ ਕੋਈ ਹੋਰ। ਸਾਡੇ ਖ਼ਿਆਲ ਵਿਚ ਇਹ ਇਕ ਬੇਲੋੜਾ ਵਿਵਾਦ ਹੈ ਜੋ ਸੰਪ੍ਰਦਾਇਕ-ਧਿਰਾ ਵਲੋਂ ਪੈਦਾ ਕੀਤਾ ਜਾ ਰਿਹਾ ਹੈ। ਗਦਰੀ ਬਾਬੇ ਸਾਡੇ ਕੌਮੀ ਸ਼ਹੀਦ ਹਨ। ਲੇਕਿਨ ਕੁਝ ਲੋਕਾਂ ਲਈ ਕੌਮ ਦਾ ਸੰਕਲਪ ਬੜਾ ਸੰਕੁਚਿਤ ਹੈ। ਅਜਿਹੇ ਲੋਕ ਕੌਮ ਨੂੰ ਕਿਸੇ ਧਰਮ-ਵਿਸ਼ੇਸ਼ ਨਾਲ ਜੋੜ ਕੇ ਹੀ ਪ੍ਰਚਾਰਿਤ ਕਰ ਰਹੇ ਹਨ। ਪਰ ਸਾਡੇ ਲਈ ਕੌਮ ਦਾ ਸੰਕਲਪ ਭਾਰਤੀਅਤਾ ਜਾਂ ਹਿੰਦੋਸਤਾਨੀਅਤ ਵਾਲਾ ਹੈ ਨਾ ਕਿ ਕਿਸੇ ਧਰਮ-ਵਿਸ਼ੇਸ਼ ਵਾਲਾ।
ਆਜ਼ਾਦੀ ਦੀ ਲੜਾਈ ਵਿਚ ਭਾਰਤ ਦੇ ਹਿੰਦੂਆਂ, ਸਿੱਖਾਂ ਅਤੇ ਮੁਸਲਿਮ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਹਿੱਸਾ ਪਾਇਆ। ਬੜਾ ਸਪੱਸ਼ਟ ਹੈ ਕਿ ਇਹ ਨਾ ਤਾਂ ਕੋਈ ਧਰਮ-ਯੁੱਧ ਸੀ ਤੇ ਨਾ ਹੀ ਕਿਸੇ ਧਾਰਮਿਕ-ਘਟਨਾ ਦੇ ਪ੍ਰਤਿਕਰਮ ਵਜੋਂ ਹੋਂਦ ਵਿਚ ਆਇਆ ਸੀ। ਇਹ ਨਿਰੋਲ ਆਜ਼ਾਦੀ ਦੀ ਲੜਾਈ ਸੀ ਜਿਸ ਵਿਚ ਉਪਰੋਕਤ ਵਰਜਿਤ ਧਰਮਾਂ ਦੇ ਲੋਕਾਂ ਆਪੋ ਆਪਣਾ ਯੋਗਦਾਨ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗਿਣਤੀ ਵੱਧ ਘੱਟ ਹੋ ਸਕਦੀ ਹੈ ਪਰ ਇਸ ਲੜਾਈ ਨੂੰ ਕੇਵਲ ਇਸ ਕਰਕੇ ਇਕ ਧਰਮ-ਵਿਸ਼ੇਸ਼ ਦੀ ਝੋਲੀ ਪਾ ਦੇਣਾ ਕਿ ਉਸ ਧਰਮ-ਵਿਸ਼ੇਸ਼ ਦੇ ਆਜ਼ਾਦੀ ਘੁਲਾਟੀਆਂ ਦੀ ਗਿਣਤੀ ਵੱਧ ਸੀ, ਇਹ ਉਨ੍ਹਾਂ ਗਦਰੀ ਬਾਬਿਆਂ ਨਾਲ ਅਸੀਂ ਇਨਸਾਫ਼ ਨਹੀਂ ਕਰ ਰਹੇ ਹੋਵਾਂਗੇ।
ਧਰਮ ਤੇ ਧਾਰਮਿਕ-ਗਤੀਵਿਧੀਆਂ ਜਾਂ ਮਾਨਤਾਵਾਂ ਕਿਸੇ ਦਾ ਨਿੱਜੀ ਮਸਲਾ ਹੋ ਸਕਦਾ ਹੈ। ਕੋਈ ਪੰਜ-ਕਕਾਰ ਧਾਰੀ ਜਾਂ ਜਨੇਊ ਧਾਰੀ ਜਾਂ ਟੋਪੀ ਧਾਰੀ ਹੋ ਸਕਦਾ ਹੈ ਪਰ ਦੇਖਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਉਹ ਆਪਣੇ ਧਰਮ-ਵਿਸ਼ੇਸ਼ ਦੀ ਲੜਾਈ ਲੜ ਰਿਹਾ ਹੈ ਜਾਂ ਕਿਸੇ ਸਰਭ-ਸਾਂਝੇ ਉਦੇਸ਼ ਲਈ ਲੜਾਈ ਦੇ ਰਿਹਾ ਹੈ। ਆਜ਼ਾਦੀ ਦੀ ਲੜਾਈ ‘ਤੇ ਨਜ਼ਰ ਮਾਰੀਏ ਤਾਂ ਇਹ ਸਮੁੱਚੇ ਭਾਰਤ-ਵਰਸ਼ ਦੀ ਲੜਾਈ ਹੈ । ਕੁਝ ਲੋਕ ਇਸ ਲੜਾਈ ਨੂੰ ਇਸ ਆਧਾਰ ‘ਤੇ ਸਿੱਖ-ਸੰਘਰਸ਼ ਗਰਦਾਨਦੇ ਹਨ ਕਿਉਂਕਿ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਆਜ਼ਾਦੀ ਘੁਲਾਟੀਏ ਅੰਮ੍ਰਿਤਧਾਰੀ ਸਨ ਜਾਂ ਕਹਿ ਲਉ ਕਿ ਸਿੱਖ ਸਨ। ਪਰ ਉਸ ਸਮੇਂ ਤਾਂ ਅਜਿਹੇ ਸਿੱਖਾਂ ਦੀ ਵੀ ਇਕ ਜਮਾਤੂ ਸੀ ਜੋ ਅੰਗਰੇਜ਼ਾਂ ਦੀ ਪਿੱਠੂ ਸੀ ਤੇ ਸਰਦਾਰ ਬਹਾਦਰ ਵਰਗੇ ਖ਼ਿਤਾਬ ਅੰਗਰੇਜ਼ਾਂ ਤੋਂ ਲੈਂਦੀ ਸੀ। ਅਜਿਹੇ ਸਿੱਖਾਂ ਦੀ ਅੰਗਰੇਜ਼ ਭਗਤੀ ਚਰਮ ਸੀਮਾ ‘ਤੇ ਸੀ। ਕੀ ਇਸ ਆਧਾਰ ‘ਤੇ ਸਮੁੱਚੀ-ਸਿੱਖ ਕੌਮ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਬਿਲਕੁਲ ਨਹੀਂ। ਇਸੇ ਤਰ੍ਹਾਂ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਦੇ ਪਾਏ ਯੋਗਦਾਨ ਨੂੰ ਨਤਮਸਤਿਕ ਹੋਇਆ ਜਾ ਸਕਦਾ ਹੈ, ਹੋਣਾ ਚਾਹੀਦਾ ਹੈ ਪਰ ਜਿੰਨਾਂ ਸਿੱਖਾਂ ਨੂੰ ਉਨ੍ਹਾਂ ਦੀ ਹਿੰਦੂ ਅਤੇ ਮੁਸਲਿਮ ਆਜ਼ਾਦੀ ਘੁਲਾਟੀਆਂ ਨੂੰ ਵੀ। ਪਰ ਇਸ ਨੂੰ ਨਿਰਾ ਸਿੱਖ-ਸੰਘਰਸ਼ ਕਹਿਣਾ ਠੀਕ ਨਹੀਂ ਹੋਵੇਗਾ, ਨਾ ਹੀ ਹਿੰਦੂ-ਸੰਘਰਸ਼ ਤੇ ਨਾ ਹੀ ਮੁਸਲਿਮ-ਸੰਘਰਸ਼। ਇਹ ਹਰ ਹਾਲ ਮੁਲਕ ਦੀ ਆਜ਼ਾਦੀ ਲਈ ਲੜਿਆ ਗਿਆ ਇਕ ਸਾਂਝਾ ਸੰਘਰਸ਼ ਸੀ।
ਗਦਰ ਲਹਿਰ ਨੂੰ ਸਿੱਖ ਲਹਿਰ ਮੰਨਣ ਵਾਲੇ ਵਿਚਾਰਵਾਨਾਂ ਜਿਨ੍ਹਾਂ ਵਿਚ ਹਰਜੋਤ ਉਘਰਾਏ, ਪਰਮਬੀਰ ਸਿੰਘ ਗਿੱਲ ਅਤੇ ਅਜਮੇਰ ਸਿੰਘ ਸ਼ਾਮਲ ਹਨ, ਦੀ ਸਮੱਸਿਆ ਇਹ ਹੈ ਕਿ ਇਹ ਗਦਰ ਲਹਿਰ ਨੂੰ 1913-14 ਦੇ ਆਸ-ਪਾਸ ਵਾਪਰੀ ਇਕ ਘਟਨਾ ਹੀ ਬਿਆਨ ਕਰਦੇ ਹਨ। ਅਜਿਹਾ ਬਹੁਤ ਸਾਰੇ ਖੱਬੀ-ਪੱਖੀ ਚਿੰਤਕਾਂ ਦਾ ਮੰਨਣਾ ਹੈ ਜੋ ਆਪਣੀ ਥਾਂ ਠੀਕ ਵੀ ਜਾਪਦਾ ਹੈ ਕਿਉਂਕਿ ਗਦਰ ਲਹਿਰ ਤਾਂ ਇਕ ਨਿਰੰਤਰ ਚੱਲਿਆ ਸੰਘਰਸ਼ ਹੈ ਜੋ ਅੱਗੇ ਜਾ ਕੇ ਕਿਰਤੀ ਪਾਰਟੀ ਦੇ ਸਿਧਾਂਤਕ-ਚੋਖਟੇ ਨੂੰ ਅਪਣਾ ਲੈਂਦੀ ਹੈ। ਇਸ ਤਰ੍ਹਾਂ ਕੁਝ ਚਿੰਤਕ ਅਜਿਹੇ ਵੀ ਹਨ ਜੋ ਗਦਰ ਲਹਿਰ ਦੀਆਂ ਜੜ੍ਹਾਂ ਸਿੱਖ ਇਤਿਹਾਸ ਵਿਚੋਂ ਲੱਭਦੇ ਹਨ ਪਰ ਇਸ ਨੂੰ ਇਕ ਧਰਮ ਨਿਰਪੱਖ ਲਹਿਰ ਹੀ ਮੰਨਦੇ ਹਨ। ਹਰੀਸ਼ ਪੁਰੀ, ਗੁਰਚਰਨ ਸਹਿੰਸਰਾ ਤੇ ਸੋਹਣ ਸਿੰਘ ਜੋਸ਼ ਵਰਗੇ ਇਤਿਹਾਸਕਾਰ ਗਦਰ ਲਹਿਰ ਨੂੰ ਇਕ ਰਾਸ਼ਟਰਵਾਦੀ ਲਹਿਰ ਮੰਨਦੇ ਹਨ।
ਅਜਮੇਰ ਸਿੰਘ ਜੋ ਗਦਰ ਲਹਿਰ ਨੂੰ ਇਕ ਸਿੱਖ ਲਹਿਰ ਸਥਾਪਤ ਕਰਨ ਲਈ ਬਜਿਦ ਹੈ ਆਪਣੀ ਪੁਸਤਕ ‘ਗ਼ਦਰੀ ਬਾਬੇ ਕੌਣ ਸਨ? ਅਨਮਤੀਆਂ ਦੇ ਕੁੜ ਦਾਅਵਿਆਂ ਦਾ ਖੰਡਨ’ ਵਿਚ ਇੰਨਾਂ ਉਲਾਰਵਾਦੀ ਹੋ ਗਿਆ ਹੈ ਕਿ ਉਸ ਨੇ ਸੰਵਾਦ ਦੀ ਸੰਭਾਵਨਾ ਨੂੰ ਹੀ ਖਤਮ ਕਰ ਦਿੱਤਾ ਹੈ ਕਿਉਂਕਿ ਉਸ ਦੀ ਬਿਰਤੀ ਆਰੰਭ ਤੋਂ ਹੀ ਇਸ ਲਹਿਰ ਸਬੰਧੀ ਖੱਬੇ ਪੱਖੀਆਂ ਦੀਆਂ ਧਾਰਨਾਵਾਂ ਦਾ ਖੰਡਨ ਕਰਨ ਦੀ ਹੈ। ਖੰਡਨ ਦੀ ਬਿਰਤੀ ਕਿਉਂਕਿ ਰੱਦਣ ਦੀ ਬਿਰਤੀ ਹੁੰਦੀ ਹੈ, ਇਸ ਲਈ ਸੰਵਾਦ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ। ਇਹ ‘ਰੱਬ ਹੈ” ਜਾਂ ‘ਰੱਬ ਨਹੀਂ ਹੈ’ ਵਰਗੀ ਇਕ ਪਾਸੜ ਤੇ ਉਲਾਰੂ ਬਹਿਸ ਹੈ ਜੋ ਕਦੇ ਵੀ ਕਿਸੇ ਸਟੀਕ ਤੇ ਠੋਸ ਨਿਰਣੇ ‘ਤੇ ਨਹੀਂ ਪਹੁੰਚ ਸਕਦੀ। ਗਦਰ ਲਹਿਰ ਨੂੰ ਸਿੱਖ ਲਹਿਰ ਗਰਦਾਨਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਇਕ ਧਰਮ-ਨਿਰਪੱਖ ਲਹਿਰ ਸੀ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸਮੁੱਚ ਵਿਚ ਦੇਖੀਏ ਤਾਂ ਇਹ ਲਹਿਰ ਧਰਮ-ਨਿਰਪੇਖ ਹੀ ਰਹਿੰਦੀ ਹੈ।
ਬਾਬਾ ਸੋਹਣ ਸਿੰਘ ਭਕਨਾ ਵਰਗਾ ਆਜ਼ਾਦੀ-ਘੁਲਾਟੀਆਂ ਜਿਸ ਨੇ ਭਾਵੇਂ ਅੰਮ੍ਰਿਤਪਾਨ ਕੀਤਾ ਹੋਇਆ ਸੀ ਪਰ ਉਹ ਧਾਰਮਿਕ ਕਰਮ-ਕਾਂਡ ਤੋਂ ਕਿਤੇ ਉਪਰ ਰਹਿ ਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ। ਡਾ. ਸ਼ਿਵ ਕੁਮਾਰ ਗੁਪਤਾ ਨੇ ਜੋ ਪੁਸਤਕ ‘ਬਾਬਾ ਸੋਹਣ ਸਿੰਘ ਭਕਨਾ-ਜੀਵਨ ਤੇ ਵਿਚਾਰਧਾਰਾ’ ਲਿਖੀ ਹੈ ਪੜ੍ਹ ਕੇ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਮੌਤ ਉਪਰੰਤ ਕਿਸੇ ਕਿਸਮ ਦੀ ਕੋਈ ਧਾਰਮਿਕ ਰੀਤ-ਰਸਮ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਆਪਣੇ ਫੁੱਲ ਵੀ ‘ਜਿੱਥੇ ਸਾੜੋ ਉਥੇ ਦੱਬਣ ਦੀ ਹਦਾਇਤ ਹੀ ਕੀਤੀ ਸੀ। ਇਹ ਇੱਛਾ ਉਨ੍ਹਾਂ ਨੇ ਆਪਣੀ ਵਸੀਅਤ ਵਿਚ ਵੀ ਪ੍ਰਗਟ ਕੀਤੀ ਸੀ। ਉਨ੍ਹਾਂ ਦਾ ਸੰਸਕਾਰ ਗਦਰ ਪਾਰਟੀ ਦੀ ਯਾਦਗਾਰ ਅੱਗੇ ਹੋਇਆ ਤੇ ਉੱਥੇ ਹੀ ਉਨ੍ਹਾਂ ਦੇ ਫੁੱਲ ਦੱਬ ਦਿੱਤੇ ਗਏ।
ਬਾਬਾ ਸੋਹਣ ਸਿੰਘ ਭਕਨਾ ਆਪਣੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ’ ਵਿਚ ਲਿਖਦੇ ਹਨ ਕਿ ਉਨ੍ਹਾਂ ਨੂੰ ਕਿਸੇ ਖ਼ਾਸ ਫਿਰਕੇ ਜਾਂ ਮਜ਼੍ਹਬ ਨਾਲ ਕੋਈ ਖ਼ਾਸ ਲਿਹਾਜ਼ ਨਹੀਂ ਹੈ। ਉਹ ਖ਼ਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹੈ। ਉਹ ਸਭ ਕਿਸਮ ਦੀਆਂ ਮਜ਼੍ਹਬੀ ਧੜੇਬੰਦੀਆਂ ਤੋਂ ਨਿਰਲੋਪ ਹੈ । ਉਹ ਲਿਖਦੇ ਹਨ ਕਿ ਉਹ ਸੱਚੇ ਧਰਮ ਨੂੰ ਮੰਨਦੇ ਹਨ ਜੋ ਸਦਾਚਾਰ ਹੈ ਤੇ ਮਨੁੱਖੀ ਆਜ਼ਾਦੀ ਤੇ ਬਰਾਬਰੀ ਦਾ ਹਾਮੀ ਹੈ। ਉਹ ਲਿਖਦੇ ਹਨ ਕਿ ਸੱਚਾ ਧਰਮੀ ਤੇ ਨੀਤੀਵੇਤਾ ਸਭ ਕਿਸਮ ਦੀਆਂ ਫਿਰਕੇਬੰਦੀਆਂ ਤੋਂ ਉੱਚਾ ਹੁੰਦਾ ਹੈ ਤੇ ਸਾਰੀ ਮਖ਼ਲੂਕ ਨੂੰ ਸੱਚਾ ਪ੍ਰੇਮ ਕਰਦਾ ਹੈ।
ਇਹ ਵਿਚਾਰ ਵੀ ਗੌਲਣਯੋਗ ਹੈ ਕਿ ਅੰਗਰੇਜ਼ਾਂ ਦੇ ਖਿਲਾਫ਼ ਜੰਗ ਧਾਰਮਿਕ ਭਾਵਨਾਵਾਂ ਦੇ ਆਹਤ ਹੋਣ ਕਾਰਨ ਸ਼ੁਰੂ ਨਹੀਂ ਸੀ ਹੋਣੀ ਸਗੋਂ ਇਹ ਸੰਪੂਰਨ ਸਵਰਾਜ ਹਾਸਲ ਕਰਨ ਦੀ ਜੰਗ ਸੀ। ਜੇਕਰ ਓਪਰੀ ਨਜ਼ਰੇ ਇਸ ਸਾਰੇ ਪ੍ਰਕਰਣ ਉਪਰ ਨਜ਼ਰ ਮਾਰੀਏ ਤਾਂ ਕੁਝ ਅਜਿਹੇ ਗਦਰੀ ਜ਼ਰੂਰ ਦਿਸਦੇ ਹਨ ਜਿਨ੍ਹਾਂ ਦੀ ਜੀਵਨ-ਜਾਂਚ ਸਿੱਖੀ ਦੇ ਅਸੂਲਾਂ ਮੁਤਾਬਕ ਢਲੀ ਹੋਈ ਸੀ ਪਰ ਇਹ ਉਨ੍ਹਾਂ ਦੀ ਆਪਣਾ ਜੀਵਨ-ਜਾਂਚ ਹੈ ਜੋ ਅਤਿ-ਨਿੱਜੀ ਹੈ। ਲਹਿਰ ਦੇ ਸਿਧਾਂਤਕ ਚੌਖਟੇ ਵਿਚ ਇਸ ਜੀਵਨ-ਜਾਂਚ ਦਾ ਕੋਈ ਦਖ਼ਲ ਨਹੀਂ ਹੈ। ਇਹ ਗਦਰੀ ਲਹਿਰ ਉਪਰ ਆਪਣੀ ਸਿੱਖ ਵਿਚਾਰਧਾਰਾ ਥੋਪਦੇ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਉਨ੍ਹਾਂ ਦੀ ਇਕੋ ਇਕ ਧਾਰਨਾ ਤੇ ਉਦੇਸ਼ ਮੁਲਕ ਦੀ ਆਜ਼ਾਦੀ ਸੀ ਨਾ ਕਿ ਆਪਣੇ ਧਰਮ ਦਾ ਪ੍ਰਚਾਰ। ਇਸ ਪਵਿੱਤਰ ਧਾਰਨਾਂ ਦਾ ਸਭਤੋਂ ਵੱਡਾ ਅਨੁਯਾਈ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦਾ ਜੱਥਾ ਬਣਦਾ ਹੈ। ਬਾਈ ਰਣਧੀਰ ਸਿੰਘ ਸਿੱਖ ਧਰਮ ਦੇ ਸ਼ਰਧਾਵਾਨ ਅਨੁਯਾਈ, ਸਾਬਤ-ਸੂਰਤ ਪੱਕੇ ਸਿੱਖ ਸਨ। ਆਪਣੇ ਜੇਲ੍ਹ- ਜੀਵਨ ਵਿਚ ਵੀ ਉਹ ਸਿੱਖ ਧਰਮ ਦੀਆਂ ਰਵਾਇਤਾਂ ਅਤੇ ਪੂਜਾ-ਵਿਧੀਆ ਨੂੰ ਪੂਰੀ ਰਹਿਤ-ਮਰਿਯਾਦਾ ਅਨੁਸਾਰ ਨਿਭਾਉਂਦੇ ਹਨ। ਸੁਆਲ ਉਠਦਾ ਹੈ ਕਿ ਉਨ੍ਹਾਂ ਗਦਰ ਵਿਚ ਹਿੱਸਾ ਕਿਉਂ ਲਿਆ? ਇਸ ਕਰਨੇ ਕਿ ਅੰਗਰੇਜ਼ਾਂ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੀ ਕੰਧ ਢਾਹ ਦਿੱਤੀ ਸੀ। ਉਹ ਇਸ ਘਟਨਾ ਤੋਂ ਬੜੇ ਦੁਖੀ ਸਨ । ਇਸ ਲਈ ਉਨ੍ਹਾਂ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਆਪਣੇ ਜੱਥੇ ਸਮੇਤ ਅੰਗਰੇਜ਼ਾਂ ਖਿਲਾਫ਼ ਹੋ ਰਹੇ ਗਦਰ ਵਿਚ ਸ਼ਾਮਲ ਹੋ ਗਏ। ਗੁਰਦੁਆਰਾ ਸਾਹਿਬ ਦੀ ਕੰਧ ਢਾਹੁਣ ਦੀ ਘਟਨਾ ਗਦਰ ਲਹਿਰ ਨੂੰ ਨਿਰਸੰਦੇਹ ਕੁਝ ਸ਼ਕਤੀ ਪ੍ਰਦਾਨ ਕਰਦੀ ਹੈ ਪਰ ਗਦਰ ਦੇ ਉਥਾਨਦਾ ਕਾਰਣ ਇਹ ਘਟਨਾ ਕਿਸੇ ਤਰ੍ਹਾਂ ਵੀ ਨਹੀਂ ਬਣਦੀ। “ਰਣਧੀਰ ਸਿੰਘ ਨਾਰੰਗਵਾਲ ਜਿਸ ਨੇ ਗੁਰਦੁਆਰਾ ਰਕਾਬਗੰਜ ਦੇ ਮਸਲੇ ਉੱਤੇ ਅੰਦੋਲਨ ਦੀ ਅਗਵਾਈ ਕੀਤੀ ਸੀ, ਗ਼ਦਰ ਦੇ ਵਿਚਾਰ ਗ੍ਰਹਿਣ ਕਰਨ ਵਾਲਾ ਪੰਜਾਬ ਦੇ ਪੰਜਾਬੀਆਂ ਵਿਚੋਂ ਇਕ ਮਹੱਤਵਪੂਰਨ ਵਿਅਕਤੀ ਸੀ।” (ਹਰੀਸ਼ ਨੇ ਪੁਰੀ, ਗਦਰ ਲਹਿਰਾਂ ਵਿਚਾਰਧਾਰਾ, ਜਥੇਬੰਦੀ, ਰਣਨੀਤੀ, ਪੰਨਾ- 144)
ਭਾਈ ਨਿਧਾਨ ਸਿੰਘ ਚੁੱਘਾ ਵੀ ਇਕ ਸ਼ਰਧਾਵਾਨ ਸਿੱਖ ਸਨ, ਇਸ ਤੱਥ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਲੇਕਿਨ ਉਹ ਆਪਣੀਆਂ ਸਿੱਖੀ ਪ੍ਰਤਿ ਬਣਦੀਆਂ ਭਾਵਨਾਵਾਂ ਤੇ ਫਰਜ਼ਾਂ ਤੋਂ ਉਪਰ ਉੱਠ ਕੇ ਦੇਸ਼ ਦੀ ਆਜ਼ਾਦੀ ਨੂੰ ਪਹਿਲ ਦਿੰਦੇ ਸਨ। ਬਾਬਾ ਸੋਹਣ ਸਿੰਘ ਭਕਨਾ ‘ਮੇਰੀ ਰਾਮ ਕਹਾਣੀ’ ਵਿਚ ਲਿਖਦੇ ਹਨ ਕਿ ਭਾਈ ਨਿਧਾਨ ਸਿੰਘ ਚੁੱਘਾ ਨੂੰ ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਪਰ ਉਨ੍ਹਾਂ ਨੇ ਪ੍ਰਧਾਨ ਬਣਨ ਤੋਂ ਇਸ ਲਈ ਨਾਂਹ ਕਰ ਦਿੱਤੀ ਕਿ ਉਹ ਤਾਂ ਆਜ਼ਾਦੀ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਜੋ ਵਿਦਵਾਨ ਗਦਰ ਲਹਿਰ ਨੂੰ ਸਿੱਖ ਲਹਿਰ ਗਰਦਾਨਣ ਲਈ ਬਜਿੰਦ ਹਨ ਉਨ੍ਹਾਂ ਦੇ ਸਮਝਣ ਲਈ ਇਹ ਇਕ ਘਟਨਾ ਹੀ ਕਾਫੀ ਹੈ ਕਿ ਕਿਵੇਂ ਇਕ ਸਿੱਖ ਦੇਸ਼ ਭਗਤ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਅਸਵੀਕਾਰ ਕਰਦਾ ਹੈ ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਿਲ ਹੋਣ ਨੂੰ ਪਹਿਲ ਦਿੰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਅਜਿਹੇ ਵੀ ਸਨ ਜੋ ਅਕੀਦੇ ਵਜੋਂ ਹਿੰਦੂ ਸਨ, ਮੁਸਲਮਾਨ ਸਨ । ਗਦਰ ਲਹਿਰ ਵਿਚ ਰਹਿ ਕੇ ਜੋ ਕੋਈ ਹਿੰਦੂ ਰਹੁ-ਰੀਤਾਂ ਵਾਲਾ ਜੀਵਨ ਜਿਉਂਦਾ ਹੈ ਤਾਂ ਇਸ ਨਾਲ ਗਦਰ ਲਹਿਰ ਹਿੰਦੂ ਲਹਿਰ ਨਹੀਂ ਬਣ ਜਾਂਦੀ । ਅਜਿਹਾ ਹੀ ਮੁਸਲਿਮ ਗਦਰੀਆਂ ਦੇ ਸਬੰਧ ਵਿਚ ਵੀ ਸੋਚਿਆ ਜਾ ਸਕਦਾ ਹੈ ।
ਇਹ ਤੱਥ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਭ ਧਰਮਾਂ ਦੇ ਗਦਰੀਆਂ ਨੇ ਕੋਮਿਊਨਿਸਟ ਕੌਮਾਂਤਰੀ ਵਿਚਾਰਧਾਰਾ ਨੂੰ ਅਪਣਾ ਲਿਆ ਹੋਇਆ ਸੀ। ਸਿੱਖ ਗਦਰੀਆਂ ਬਾਰੇ ਵੀ ਬਾਬਾ ਸੋਹਣ ਸਿੰਘ ਭਕਨਾ ਦੇ ਹੇਠ ਲਿਖੇ ਬਿਆਨ ਤੋਂ ਸਾਫ਼ ਤੇ ਸਪੱਸ਼ਟ ਹੋ ਜਾਂਦਾ ਹੈ। ਉਹ ਕਹਿੰਦੇ ਹਨ:
“ਮੈਂ ਦੇਸ਼, ਕੌਮ ਤੇ ਮਨੁੱਖ ਜਾਤੀ ਦਾ ਧੰਨਵਾਦੀ ਹਾਂ। ਮੇਰਾ ਸਾਰਾ ਜੀਵਨ ਉਹਨਾਂ ਦੀ ਸੇਵਾ ਵਿਚ ਲੰਘਿਆ ਹੈ। ਆਰੰਭ ਵਿਚ ਮੈਂ ਕੌਮੀ ਜਜ਼ਬੇ ਤੋਂ ਸਰਸ਼ਾਰ ਹੋ ਕੇ ਦੇਸ਼ ਦੀ ਆਜ਼ਾਦੀ ਲਈ ਜੁੱਟਿਆ ਸਾਂ। ਇਸ ਦੇ ਲਈ ਮੈਨੂੰ ਨਾਮਧਾਰੀ ਤਹਿਰੀਕ ਤੇ ਕਾਂਗਰਸ ਤੋਂ ਬੜੀ ਪ੍ਰੇਰਨਾ ਮਿਲੀ ਸੀ। ਉਮਰ ਕੈਦ ਹੋਣ ਉੱਤੇ ਮੈਂ ਜੇਲ੍ਹ ਦੇ ਅੰਦਰ ਹੀ ‘ਰੂਸੀ ਇਨਕਲਾਬ’ ਲਿਆਂਦੀ। ਰੂਸੀ ਇਨਕਲਾਬ ਦੇ ਪ੍ਰਭਾਵ ਹੇਠਾਂ ਮੈਂ ਪੂਰਨ ਤੌਰ ‘ਤੇ ਕੌਮਾਂਤਰੀ ਵਿਚਾਰਧਾਰਾ ਅਪਣਾ ਲਈ। ਇਸ ਦੇ ਲਈ ਮੈਂ ਉਨ੍ਹਾਂ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਜਿਨ੍ਹਾਂ ਨੇ ਸਟੱਡੀ ਸਰਕਲਾਂ ਤੇ ਬਹਿਸ ਮੁਬਾਹਸਿਆਂ ਰਾਹੀਂ ਮੈਨੂੰ ਮਾਰਕਸਵਾਦ ਤੋਂ ਜਾਣੂ ਕਰਵਾਇਆ ਤੇ ਇਸ ਨਾਲ ਲੈੱਸ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਗਾਂਧੀਵਾਦ ਨਾਲ ਸਖ਼ਤ ਵਿਰੋਧ ਹੈ ਕਿਉਂਕਿ ਇਹ ਦੇਸ਼ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਿਆ ਹੈ। ਇਸ ਸਾਰੇ ਕੰਮ ਵਿਚ ਮੈਨੂੰ ਕਮਿਉਨਿਸਟ ਪਾਰਟੀ ਤੋਂ ਬੜੀ ਮਦਦ ਮਿਲੀ ਤੇ ਮੈਂ ਹਮੇਸ਼ਾ ਇਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਹੈ।” (ਮੋਹਨ ਸਿੰਘ ਜੋਸ਼, ਇਕ ਇਨਕਲਾਬ ਇਕ ਜੀਵਨੀ, ਪੰਨਾ-75-76)
ਹੈਰਾਨੀ ਦੀ ਗੱਲ ਹੈ ਕਿ ਗਦਰ ਲਹਿਰ ਨੂੰ ਸਿੱਖ ਸਪਿਰਟ ਦੀ ਲਹਿਰ ਮੰਨਣ ਵਾਲੇ, ਬਾਬਾ ਭਗਤ ਸਿੰਘ ਬਿਲਗਾ ਅਤੇ ਕਾਮਰੇਡ ਗੰਦਰਵ ਕੋਛੜ ਨੂੰ ਗਦਰੀ ਬਾਬੇ ਮੰਨਣ ਲਈ ਤਿਆਰ ਨਹੀਂ ਹਨ। ਅਜਮੇਰ ਸਿੰਘ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਉਪਰੋਕਤ ਦੋਹਾਂ ਦੇਸ਼ ਭਗਤਾਂ ਨੂੰ ਤਕਨੀਕੀ ਤੌਰ ‘ਤੇ ਗਦਰੀ ਬਾਬੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ 1914 ਵਾਲੇ ਗਦਰੀ ਬਾਬਿਆਂ ਤੋਂ ਪਿੱਛੋਂ ਜਾ ਕੇ ਆਜ਼ਾਦੀ ਦੇ ਸੰਗਰਾਮ ਵਿਚ ਸ਼ਾਮਿਲ ਹੋਏ ਸਨ। ਇਹ ਕੈਸਾ ਤਰਕ ਹੈ? ਸਮਝ ਵਿਚ ਨਹੀਂ ਆਉਂਦਾ । ਕੀ ਇਸ ਦਾ ਅਰਥ ਇਹ ਲਿਆ ਜਾਵੇ ਕਿ 1914 ਤੋਂ ਬਾਅਦ ਗਦਰ ਲਹਿਰ ਸਮਾਪਤ ਹੋ ਗਈ ਸੀ। ਇਹ ਕਿਹੜੀ ਤਕਨੀਕ ਹੈ ਜੋ ਸਾਡੇ ਇਸ ਵਿਦਵਾਨ ਲੇਖਕ ਨੇ ਆਪ ਹੀ ਘੜ੍ਹ ਲਈ ਹੈ। ਕੀ ਇਸ ਦਾ ਅਰਥ ਇਹ ਲਿਆ ਜਾਵੇ ਕਿ 1914 ਤੋਂ ਬਾਅਦ ਦੇ ਆਜ਼ਾਦੀ ਘੁਲਾਚੀਏ ਦੇਸ਼ ਭਗਤ ਜਾਂ ਗਦਰੀ ਬਾਬੇ ਨਹੀਂ ਸਨ। ਜਿੱਥੋਂ ਤੱਕ ਦੇਸ਼ ਭਗਤ ਯਾਦਗਾਰ ਹਾਲ ਦੇ ਸੰਚਾਲਨ ਦਾ ਮਸਲਾ ਹੈ ਜਿਸ ਨੂੰ ਉਹ ‘ਨਾਸਤਿਕਾਂ ਦੇ ਕਬਜੇ’ ਵਿਚ ਦਸਦਾ ਹੈ ਉਸ ਦੀ ਇਹ ਧਾਰਨਾਂ ਵੀ ਠੀਕ ਨਹੀਂ ਹੈ ਕਿਉਂਕਿ ਦੇਸ਼ ਭਗਤ ਯਾਦਗਾਰ ਹਾਲ ਕੋਈ ਧਾਰਮਿਕ ਇਦਾਰਾ ਨਹੀਂ ਹੈ ਜਿੱਥੇ ਧਾਰਮਿਕ ਖਿਆਲਾਂ ਵਾਲੇ ਲੋਕਾਂ ਦਾ ਹੋਣਾ ਜ਼ਰੂਰੀ ਹੈ। ਇਹ ਦੇਸ਼ ਭਗਤ ਗਦਰੀ ਬਾਬਿਆਂ ਦੀ ਯਾਦ ਨੂੰ ਸੰਭਾਲੀ ਰੱਖਣ ਤੇ ਸਰਮਾਏਦਾਰੀ ਖਿਲਾਫ਼ ਵਿਚਾਰਧਾਰਕ ਸੰਘਰਸ਼ ਵਿੱਢ ਕੇ ਜ਼ਾਲਮ ਸਰਕਾਰਾਂ ਤੋਂ ਆਮ ਲੋਕਾਂ ਦੀ ਰਾਖੀ ਦਾ ਅਹਿਦ ਲੈ ਕੇ ਤੁਰਿਆ ਹੋਇਆ ਇਦਾਰਾ ਹੈ ਜੋ ਜਮਹੂਰੀ ਕਦਰਾਂ-ਕੀਮਤਾਂ ਅਨੁਸਾਰ ਚੱਲ ਰਿਹਾ ਹੈ।
ਕਮੇਟੀ ਦੀ ਬਾਕਾਇਦਾ ਜਮਹੂਰੀ ਢੰਗ ਨਾਲ ਚੋਣ ਹੁੰਦੀ ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ/ਜਾਤ/ਗੋਤ ਤੋਂ ਕਿਉਂ ਨਾ ਹੋਵੇ, ਆਸਤਕ ਹੋਵੇ ਜਾਂ ਨਾਸਤਕ, ਚੋਣ ਪ੍ਰਕਿਰਿਆ ਵਿਚ ਹਿੱਸਾ ਲੈ ਕੇ ਕਮੇਟੀ ਦਾ ਮੈਂਬਰ ਜਾਂ ਅਹੁਦੇਦਾਰ ਬਣ ਸਕਦਾ ਹੈ। ਇੱਥੇ ਅਹੁਦੇਦਾਰ ਜਾਂ ਮੈਂਬਰ ਕਿਸੇ ਦੀ ਜੇਬ ‘ਚੋਂ ਨਹੀਂ ਨਿਕਲਦੇ।
ਜਿੱਥੋਂ ਤੱਕ ਗਦਰੀ ਬਾਬਿਆਂ ਦੇ ਸਿੱਖ ਜਾਂ ਕਾਮਰੇਡ ਹੋਣ ਦਾ ਸੁਆਲ ਹੈ ਤਾਂ ਇਸ ਪ੍ਰਸ਼ਨ ਨਾਲ ਬਾਬਸਤਾ ਹੁੰਦਿਆਂ ਪ੍ਰੋ. ਵਰਿਆਮ ਸਿੰਘ ਸੰਧੂ ਲਿਖਦੇ ਹਨ ਕਿ ਬੇਸ਼ੱਕ ਮੁੱਢਲੇ ਗਦਰੀ ਸਿੱਖ ਸਨ ਪਰ ਆਜ਼ਾਦੀ ਦੇ ਸੰਗਰਮ ਵਿਚ ਕੁੱਦਣ ਤੋਂ ਬਾਅਦ ਉਹ ਅੰਤਰ-ਰਾਸ਼ਟਰੀ ਸੋਸ਼ਲਿਸਟ ਫਲਸਫ਼ੇ ਦੇ ਧਾਰਨੀ ਵੀ ਬਣ ਗਏ ਸਨ। ਬਹੁਤ ਸਾਰੇ ਸਿੱਖ ਆਗੂ ਤਾਂ ਕੈਨੇਡਾ ਦੀ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੇ ਮੈਂਬਰ ਵੀ ਬਣ ਚੁੱਕੇ ਸਨ। ਕੁਝ ਸਿੱਖ ਗਦਰੀਆਂ ਨੇ ਹੁਸੈਨ ਰਹੀਮ ਤੇ ਜੀ.ਵੀ. ਕੁਮਾਰ ਵਰਗੇ ਸੋਸ਼ਲਿਸਟਾਂ ਨਾਲ ਰਲ ਕੇ ਵੈਨਕੂਵਰ ਵਿਚ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੀ ਇਕ ਬਰਾਂਚ ਵੀ ਬਣਾ ਲਈ ਸੀ। ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕੈਨੇਡਾ ਦੇ ਸਿੱਖ ਜਿੱਥੇ ਸਿੱਖਾਂ ਵਜੋਂ ਵਿਚਰ ਰਹੇ ਸਨ, ਉੱਥੇ ਉਨ੍ਹਾਂ ਦੇ ਜਿਹਨ ਵਿਚ ਪੂਰਾ ਹਿੰਦੋਸਤਾਨ ਸੀ ਤੇ ਉਨ੍ਹਾਂ ਵਿਚ ਆਪਣੀ ਪਸੰਦ ਦਾ ਸੋਸ਼ਲਿਸਟ ਸਮਾਜ ਉਸਾਰਨ ਦੀ ਤਾਂਘ ਵੀ ਸੀ। ਉਨ੍ਹਾਂ ਦੀ ਹਿੰਦੋਸਤਾਨੀਅਤ, ਅੰਤਰ-ਰਾਸ਼ਟਰੀਅਤਾ ਅਤੇ ਸਿੱਖੀ ਵਿਚ ਕੋਈ ਅੰਤਰ-ਵਿਰੋਧ ਨਹੀਂ ਸੀ।
ਉਪਰੋਕਤ ਚਰਚਾ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਸਮੁੱਚੀ ਆਜ਼ਾਦੀ ਦੇ ਸੰਘਰਸ਼ ਦੀ ਲਹਿਰ ਨੂੰ ਇਕ ਧਾਰਮਿਕ ਸੰਘਰਸ਼ ਵਜੋਂ ਵੇਖਣਾ ਨਾ ਤਾਂ ਕਿਸੇ ਤਰ੍ਹਾਂ ਤਰਕਸੰਗਤ ਹੈ ਅਤੇ ਨਾ ਹੀ ਇਸ ਲਹਿਰ ਨਾਲ ਇਹ ਇਨਸਾਫ਼ ਹੈ। ਕਾਮਰੇਡ ਲੈਨਿਨ ਅਨੁਸਾਰ ਧਰਮ ਵਿਅਕਤੀ ਦਾ ਇਕ ਨਿੱਜੀ ਮਸਲਾ ਹੈ। ਇਹ ਕਿਸੇ ਤਰ੍ਹਾਂ ਵੀ ਪਾਰਟੀ ਦਾ ਹਿੱਸਾ ਨਹੀਂ ਹੋ ਸਕਦਾ। ਕਮਿਊਨਿਜ਼ਮ ਇਕ ਪਦਾਰਥਕ ਫ਼ਲਸਫ਼ਾ ਹੈ, ਕ੍ਰਾਂਤੀਕਾਰੀ ਸਿਧਾਂਤ ਹੈ ਜਿਸ ਨੂੰ ਕੋਈ ਧਾਰਮਿਕ ਮਨੁੱਖ ਵੀ ਅਪਣਾ ਸਕਦਾ ਹੈ ਕਿਉਂਕਿ ਧਾਰਮਿਕਤਾ ਜਾਂ ਅਧਿਆਤਮਿਕਤਾ ਆਪਣੀ ਨਿੱਜੀ ਮਾਨਸਿਕ ਸ਼ਾਂਤੀ ਲਈ ਹੈ ਤੇ ਕਮਿਊਨਿਜ਼ਮ ਸਮਾਜਕ ਤਬਦੀਲੀ ਦਾ ਇਕ ਫਲਸਫ਼ਾ ਹੈ। ਸਭ ਧਰਮਾਂ ਦੇ ਲੋਕ ਇਸ ਫਲਸਫ਼ੇ ਨੂੰ ਅਪਣਾ ਕੇ ਸਮਾਜਿਕ ਤੇ ਰਾਜਨੀਤਕ ਤਬਦੀਲੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਅਵਤਾਰ ਪਾਸ਼ ਦੇ ਲਫ਼ਜ਼ਾਂ ਨਾਲ ਅਸੀਂ ਆਪਣੀ ਚਰਚਾ ਨੂੰ ਇੱਥੇ ਹੀ ਰੋਕਦੇ ਹਾਂ:
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ ਮਜ਼ਬਾਂ ਦੇ
ਵੱਟਾਂ ਬੰਨੇ ਟੁੱਟ ਜਾਣਗੇ ਦੁਨੀਆ ‘ਤੇ
ਇਕੋ ਹੀ ਜਮਾਤ ਹੋਵੇਗੀ
ਰੋਜ਼ ਹੀ ਦਿਵਾਲੀ ਵਾਲੀ ਰਾਤ ਹੋਵੇਗੀ
ਰੱਜ ਰੱਜ ਖਾਣਗੇ ਕਮਾਊ ਹਾਣੀਆਂ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆਂ।