ਗਿਰਗਿਟ
ਮੈਂ ਕੁਝ ਪੜ੍ਹ ਰਿਹਾ ਸਾਂ ਕਿ ਅਚਾਨਕ ਨਜ਼ਰ ਗਿਰਗਿਟ ਸ਼ਬਦ ‘ਤੇ ਪੈ ਗਈ। ਬੜੇ ਅਰਸੇ ਬਾਅਦ ਇਹ ਸ਼ਬਦ ਮੇਰੀ ਨਜ਼ਰੀਂ ਪਿਆ ਸੀ । ਮੈਨੂੰ ਯਾਦ ਆਇਆ ਸਕੂਲ ਦੇ ਬਾਗ਼ ਵਿਚ ਛਿਪਕਲੀ ਤੇ ਕਿਰਲੇ ਵਰਗੇ ਜਨੌਰ ਜਿਸ ਨੂੰ ਅਸੀਂ ਬੜੀ ਉਤਸੁਕਤਾ ਨਾਲ ਵੇਖਦੇ। ਵੇਖਦੇ- ਵੇਖਦੇ ਉਹ ਪੱਤਿਆਂ ‘ਚ ਛੁਪ ਜਾਂਦਾ, ਕੋਲ ਲੁਕੇ ਦਾ ਵੀ ਪਤਾ ਨਹੀਂ ਚਲਦਾ ਸੀ। ਇੱਕ ਦਿਨ ਛੁੱਟੀ ਵੇਲੇ ਰੌਲਾ ਪਾਉਂਦਿਆਂ ਨੂੰ ਜੀਵ ਵਿਗਿਆਨ ਦੇ ਮਾਸਟਰ ਜੀ ਨੇ ਵੇਖ ਲਿਆ । ਉਹ ਚੱਲ ਕੇ ਸਾਡੇ ਕੋਲ ਆਏ ਤੇ ਕਹਿਣ ਲੱਗੇ, “ਉਏ ਮੁੰਡਿਉ। ਕੀ ਕਾਵਾਂ ਰੌਲੀ ਪਾਈ ਜੇ ?” ਅਸਾਂ ਆਖਿਆ, “ਮਾਸਟਰ ਜੀ ਇਹ ਕੀ ਚੀਜ਼ ਏ ਜਿਹੜਾ ਪੱਤਿਆਂ ਪਿੱਛੇ ਲੁਕ ਜਾਂਦਾ ਏ ਤੇ ਛੇਤੀ ਕਿਤੇ ਨਜ਼ਰ ਨਹੀਂ ਆਉਂਦਾ ?” ਮਾਸਟਰ ਜੀ ਹੱਸੇ ਤੇ ਕਹਿਣ ਲੱਗੇ, “ ਕਾਕਾ ! ਇਸ ਨੂੰ ਗਿਰਗਿਟ ਕਹਿੰਦੇ ਨੇ, ਤੇ ਇਹ ਮੌਕੇ ਮੁਤਾਬਿਕ ਰੰਗ ਬਦਲਦਾ। ਕਈ ਵਾਰ ਬੰਦੇ ਵੀ ਗਿਰਗਿਟ ਹੁੰਦੇ ਨੇ।” ਤੇ ਮੁਸ਼ਕੜੀਏ ਹੱਸਦੇ ਉਹ ਸਾਈਕਲ ਸ਼ੈੱਡ ਨੂੰ ਤੁਰ ਪਏ। ਗੱਲ ਆਈ ਗਈ ਹੋ ਗਈ। ਮੈਂ ਐਮ. ਫਿਲ ਕਰਕੇ ਪ੍ਰੋਫ਼ੈਸਰ ਲੱਗ ਗਿਆ। ਸਾਲਾਨਾ ਪੇਪਰਾਂ ਵਿਚ ਇੱਕ ਸਾਥੀ ਨਾਲ ਡਿਊਟੀ ਲਗ ਗਈ। ਉਹ ਬੰਦਾ ਬੜਾ ਚਾਲੂ ਜਿਹੀ ਕਿਸਮ ਦਾ ਸੀ। ਮੈਨੂੰ ਕਹਿਣ ਲੱਗਾ, “ਯਾਰ ਆਪਾਂ ਮਦਦ ਕਰਨੀ ਏ ਏਸ ਵਿਦਿਆਰਥੀ ਦੀ, ਇਹ ਹੈ ਤਾਂ ਬੜਾ ਜ਼ਹੀਨ ਪਰ ਰਾਤੀਂ ਇਸ ਨਾਲ ਹਾਦਸਾ ਹੋ ਗਿਆ। ਇਦੀ ਮਾਂ ਮਰ ਗਈ ਏ ਤੇ ਇਹ ਪੜ੍ਹ ਨਹੀਂ ਸਕਿਆ।’ ਮੈਂ ਸੋਚੀਂ ਪੇ ਗਿਆ ਕਿ ਮਿਹਨਤ ਤਾਂ ਸਾਰਾ ਸਾਲ ਕਰ ਕੇ ਪੇਪਰਾਂ ਵਿਚ ਬੈਠੀਦਾ ਹੈ। ਹਾਂ ਅਜਿਹੇ ਮੌਕੇ ਬੱਚਾ ਘਬਰਾ ਸਕਦਾ ਹੈ ਤੇ ਮੈਂ ਕਿਹਾ,“ਕੋਈ ਗੱਲ ਨਹੀਂ ਮੈਂ ਇਸ ਦਾ ਧਿਆਨ ਰੱਖਾਂਗਾ।” “ਨਹੀਂ ਇੰਝ ਨਹੀਂ, ਇਹ ਕਿਤਾਬ ਖੋਲ੍ਹ ਲਵੇ ਤੇ ਕਰਦਾ ਰਹੇ।” ਮੈਂ ਕਿਹਾ, “ਸਰ ਇੰਝ ਨਹੀਂ ਹੋ ਸਕਣਾ।” ਉਹ ਮੇਰੇ ਨਾਲ ਲੜ ਪਿਆ ਤੇ ਪਤਾ ਨਹੀਂ ਫੋਨ ਤੇ ਕੀ ਗੱਲ ਹੋਈ ਕਿ ਮੈਨੂੰ ਮੁੱਖ ਨਿਗਰਾਨ ਦਾ ਸੁਨੇਹਾ ਆ ਗਿਆ ਕਿ ਤੁਸੀਂ ਫਲਾਂ ਕਮਰੇ ਵਿਚ ਡਿਊਟੀ ਦੇ ਦਿਉ। ਮੈਂ ਮਨ ਹੀ ਮਨ ਪ੍ਰਬੰਧ ਤੇ ਖਿੱਝਦਾ ਦੂਸਰੇ ਕਮਰੇ ਨੂੰ ਚਲਾ ਗਿਆ। ਗੱਲ ਆਈ ਗਈ ਹੋ ਗਈ। ਦਸ ਕੁ ਸਾਲ ਬਾਅਦ ਉਹ ਸਾਹਿਬ ਮੇਰੇ ਕਾਲਜ ਵਿਚ ਪ੍ਰਿੰਸੀਪਲ ਲੱਗ ਗਏ। ਸਾਲਾਨਾ ਪੇਪਰ ਆ ਗਏ। ਮੈਨੂੰ ਚਪੜਾਸੀ ਨੇ ਆ ਕੇ ਕਿਹਾ,“ਤੁਹਾਨੂੰ ਪ੍ਰਿੰਸੀਪਲ ਸਾਹਿਬ ਬੁਲਾ ਰਹੇ ਹਨ। ਮੈਂ ਉਨ੍ਹਾਂ ਦੇ ਕਮਰੇ ਵਿਚ ਚਲਾ ਗਿਆ।
ਮੈਨੂੰ ਕਹਿਣ ਲੱਗੇ, “ਤੁਸੀਂ ਬੜੇ ਮਿਹਨਤੀ ਤੇ ਇਮਾਨਦਾਰ ਹੋ, ਮੈਂ ਖਾਸ ਤੁਹਾਡੀ ਡਿਊਟੀ ਮੁੱਖ ਨਿਗਰਾਨ ਵਜੋਂ ਲਾਈ ਹੈ, ਖ਼ਬਰਦਾਸ ਰਹੀਉ, ਨਕਲ ਨਹੀਂ ਹੋਣ ਦੇਣੀ। ਮੈਂ ਨਕਲ ਦੇ ਬੜਾ ਵਿਰੋਧ ‘ਚ ਹਾਂ ।” ਮੇਰੇ ਜਿਹਨ ਵਿਚ ਗਿਰਗਿਟ ਸ਼ਬਦ ਘੁੰਮ ਗਿਆ। ਮੈਂ ਹਲਕਾ ਜਿਹਾ ਮੁਸਕਰਾਉਂਦਾ ਕਰਮੇ ਤੋਂ ਬਾਹਰ ਆ ਗਿਆ। ਮੈਨੂੰ ਆਪਣੇ ਮਾਸਟਰ ਜੀ ਦੀ ਕਹੀ ਗੱਲ ਚੇਤੇ ਆ ਗਈ।