ਚੋਪੜੀਆਂ ਨੂੰ ਛੱਡ

ਛੱਡ ਦੁਨੀਆ ਦੀਆਂ ਲੋੜਾਂ ਹੁਣ ਮਨ ਮਾਰ ਲੈ,

ਚੋਪੜੀਆਂ ਨੂੰ ਛੱਡ ਰੁੱਖੀ ਨਾਲ ਸਾਰ ਲੈ।

ਨਾ ਜੀਅ ਨੂੰ ਤਰਸਾ ਦੂਜੇ ਦੇ ਮਹਿਲ ਤੱਕ,

ਕੁੱਲੀ ਦੇ ਵਿੱਚ ਹੱਸ ਕੇ ਜੂਨ ਗੁਜਾਰ ਲੈ।

ਸਿੰਮਲ ਵਾਂਙੂ ਉੱਚੇ ਬਣਨਾ ਫਾਇਦਾ ਨਹੀਂਓ,

ਮਿੱਠਤ ਨੀਵੀਂ ਵਾਲੇ ਗੁਣ ਤੂੰ ਧਾਰ ਲੈ।

ਕੁੱਝ ਨਾ ਖੱਟਿਆ ਨਫ਼ਰਤਾਂ ਵਿੱਚੋਂ ਦੁਨੀਆ ਨੇ,

ਕਰ ਸਭ ਨਾਲ ਪਿਆਰ ਤੇ ਖ਼ੁਦ ਵੀ ਪਿਆਰ ਲੈ।

ਕੁੱਝ ਨਾ ਤੇਰਾ ਇੱਥੇ ਮਾਇਆ ਮਿੱਟੀ ਰਿਸ਼ਤੇ,

ਅਗਲਾ ਪਿੱਛਲਾ ਵੇਲਾ ਯਾਰ ਸੁਧਾਰ ਲੈ।

ਬਚਪਨ ਅਤੇ ਜਵਾਨੀ ਮੁੜ ਹੁਣ ਆਉਣੇ ਨਾ,

ਪੈਗੰਬਰਾਂ ਦੀ ਆਖੀ ਗੱਲ ਵਿਚਾਰ ਲੈ।

ਡੋਬਣਾ ਤੈਨੂੰ ਇੱਕ ਦਿਨ ਤੇਰੇ ਹੀ ਆਪਣਿਆਂ,

ਕਰ ਬਚਣੇ ਦੇ ਭਾਵੇਂ ਯਤਨ ਹਜ਼ਾਰ ਲੈ।

ਪਿਆਰ ਨਿਮਰਤਾ ਵਿੱਚ ਰਹਿ ਦੁਨੀਆ ਜਿੱਤ ਲੱਖੇ,

ਵੰਡ ਖੁਸ਼ੀਆਂ ਤੇ ਹਾਸੇ ਜਨਮ ਸੰਵਾਰ ਲੈ।

ਸੰਪਰਕ: 09855227530