ਡੱਡੁੂਆਂ ਦੇ ਵਿਚਾਲੇ
ਬਹੁਤ ਸਾਲ ਪਹਿਲਾਂ ਮੈਂ ਆਪਣੇ ਬੇਟੇ ਨੂੰ ਇਕ ਕਹਾਣੀ ਸੁਣਾਈ ਸੀ, ਜਿਹੜੀ ਕੁਝ ਇਸ ਪ੍ਰਕਾਰ ਸੀ:
ਇਕ ਵਾਰ ਦੀ ਗੱਲ ਹੈ, ਰਾਤ ਦੇ ਹਨੇਰੇ ਵਿਚ ਇਕ ਗਾਂ ਤਿਲਕ ਕੇ ਨਾਲੇ ਵਿਚ ਜਾ ਡਿੱਗੀ।
ਸਵੇਰੇ ਉਹਦੇ ਆਲੇ-ਦੁਆਲੇ ਬਹੁਤ ਸਾਰੇ ਡੱਡੂ ਇਕੱਠੇ ਹੋ ਗਏ।
“ਆਖਿਰ ਗਾਂ ਨਾਲੇ ਵਿਚ ਡਿੱਗੀ ਕਿਵੇਂ?” ਉਨ੍ਹਾਂ ਵਿਚੋਂ ਇਕ ਡੱਡੂ ਨੇ ਟਰੈਂ ਟਰੈਂ ਕੀਤੀ, “ਸਾਨੂੰ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦੈ।”
“ਮੈਨੂੰ ਤਾਂ ਦਾਲ ਵਿਚ ਕੁਝ ਕਾਲਾ ਲਗਦਾ ਹੈ!” ਦੂਜੇ ਨੇ ਕਿਹਾ।
“ਕੁਝ ਵੀ ਕਹੋ” ਤੀਜਾ ਡੱਡੂ ਬੋਲਿਆ, “ਜੇਕਰ ਪੁੰਨ ਕਮਾਉਣਾ ਹੈ ਤਾਂ ਇਹਨੂੰ ਬਾਹਰ ਕੱਢਣਾ ਹੋਵੇਗਾ।”
“ਮਰਨ ਦਿਓ!” ਚੌਥਾ ਟਰਟਰਾਇਆਂ, “ਸਾਡੇ ਮੂਹਰੇ ਰੋਜ਼ ਹੀ ਸੈਂਕੜੇ ਗਾਵਾਂ-ਵੱਛੇ ਵੱਢੇ ਜਾਂਦੇ ਹਨ, ਉਦੋਂ ਅਸੀਂ ਕੀ ਕਰ ਲੈਂਦੇ ਹਾਂ?”
“ਅਸੀਂ ਤਾਂ ਚੂੜੀਆਂ ਪਾ ਰੱਖੀਆਂ ਨੇ”, ਪੰਜਵੇਂ ਡੱਡੂ ਨੇ ਟਰੈਂ ਟਰੈਂ ਕੀਤੀ।
“ਭਰਾਵੋ !” ਉਨ੍ਹਾਂ ਸਾਰਿਆਂ ਨੂੰ ਸ਼ਾਂਤ ਕਰਦੇ ਹੋਏ ਇਕ ਬਜ਼ੁਰਗ ਡੱਡੂ ਨੇ ਕਿਹਾ, ” ਜੇਕਰ ਇਹ ਗਾਂ ਨਾ ਹੋ ਕੇ ਕੁੱਤਾ ਬਿੱਲੀ ਹੁੰਦਾ ਤਾਂ ਕੀ ਅਸੀਂ ਇਸਨੂੰ ਇੰਝ ਹੀ ਮਰਨ ਦੇਣਾ ਸੀ?”
ਇਕ ਵਾਰ ਉੱਥੇ ਚੁੱਪ ਛਾ ਗਈ। ਉਹ ਸਾਰੇ ਉਸ ਬਜ਼ੁਰਗ ਡੱਡੂ ਨੂੰ ਸ਼ੱਕ ਦੀਆਂ ਨਜ਼ਰਾ ਨਾਲ ਘੂਰਨ ਲੱਗੇ। ਅਗਲੇ ਹੀ ਪਲ ਉਹ ਸਾਰੇ ਦੇ ਸਾਰੇ ਉਸ ਤੇ ਟੁੱਟ ਪਏ। ਉਹਨਾਂ ਨੇ ਉਹਨੂੰ ਲਹੂ-ਲੁਹਾਨ ਕਰਕੇ ਨਾਲੇ ਵਿਚ ਸੁੱਟ ਦਿੱਤਾ। ਇਸ ਘਟਨਾ ਨਾਲ ਡੱਡੂਆਂ ਵਿਚ ਭੱਜ-ਦੜ ਮੱਚ ਗਈ। ਉਹ ਸਾਰੇ ਸੁਰੱਖਿਅਤ ਸਥਾਨਾਂ ਵਿਚ ਲੁਕ ਗਏ। ਘਟਨਾ ਸਥਾਨ ਤੇ ਸੰਨਾਟਾ ਛਾ ਗਿਆ।
“ਫੇਰ ਕੀ ਹੋਇਆ?” ਮੈਨੂੰ ਚੁੱਪ ਦੇਖ ਕੇ ਬੱਚੇ ਨੇ ਪੁੱਛਿਆ।
“ਫੇਰ? ਉੱਥੇ ਇੱਕ ਆਦਮੀ ਆਇਆ, ਉਹਨੇ ਰੱਸੀ ਦੀ ਮਦਦ ਨਾਲ ਗਾਂ ਨੂੰ ਨਾਲੇ ‘ਚੋਂ ਬਾਹਰ ਕੱਢ ਦਿੱਤਾ। ਆਪਣੀ ਜਮਾਤ (ਬਿਰਾਦਰੀ) ਤੋਂ ਬਾਹਰਵਾਲੇ ਦਾ ਅਜਿਹਾ ਕਰਨਾ ਡੱਡੂਆਂ ਨੂੰ ਚੰਗਾ ਨਹੀਂ ਲੱਗਿਆ। ਉਨ੍ਹਾਂ ਨੂੰ ਇਸ ਵਿਚ ਕੋਈ ਸਾਜਿਸ਼ ਦਿਖਾਈ ਦੇਣ ਲੱਗੀ। ਇਹ ਗੱਲ ਕੰਨ-ਕੰਨ ਸਾਰੀ ਦੀ ਸਾਰੀ ਡੱਡੂ ਬਿਰਾਦਰੀ ਵਿਚ ਫੈਲ ਗਈ।
ਉਹ ਇੱਕ ਆਵਾਜ਼ ਵਿਚ ਜ਼ੋਰ ਜ਼ੋਰ ਨਾਲ ਟਰੈਂ ਟਰੈਂ ਕਰਨ ਲੱਗੇ।
ਕਹਿ ਕੇ ਮੈਂ ਚੁੱਪ ਹੋ ਗਿਆ ਸੀ।
“ਹੁਣ ਡੱਡੂ ਕਿਉਂ ਟਰੈਂ ਟਰੈਂ ਕਰ ਰਹੇ ਸਨ, ਪਾਪਾ?”
“ਹੁਣ ਉਹ ਇਸ ਬਹਿਸ ਵਿਚ ਉਲਝੇ ਸਨ ਕਿ ਗਾਂ ਨੂੰ ਬਾਹਰ ਕੱਢਣ ਵਾਲਾ ਹਿੰਦੂ ਸੀ ਜਾਂ ਮੁਸਲਮਾਨ ।”
“ਫੇਰ…”
“ਫੇਰ ਕੀ? ਉਹਨਾਂ ਦਾ ਟਰਟਰਾਉਣਾ ਅੱਜ ਵੀ ਜਾਰੀ ਹੈ।”
ਬੱਚਾ ਸੋਚਾਂ ਵਿੱਚ ਪੈ ਗਿਆ। ਥੋੜੇ ਸਮੇਂ ਬਾਦ ਉਹਨੇਂ ਪੁੱਛਿਆ ਸੀ,”ਪਾਪਾ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਆਦਮੀ ਕੌਣ ਸੀ?”
“ਬੇਟਾ, ਮੈਨੂੰ ਸਿਰਫ਼ ਏਨਾ ਹੀ ਪਤਾ ਹੈ ਕਿ ਉਹ ਇਕ ਚੰਗਾ ਆਦਮੀ ਸੀ,” ਮੈਂ ਉਸ ਦੀਆਂ ਭੋਲੀਆਂ ਅੱਖਾਂ ਵਿਚ ਝਾਕਦੇ ਹੋਏ ਕਿਹਾ ਸੀ, “ਉਹ ਹਿੰਦੂ ਸੀ ਜਾਂ ਮੁਸਲਮਾਨ, ਇਹ ਜਾਨਣ ਦੀ ਕੋਸ਼ਿਸ਼ ਮੈਂ ਨਹੀਂ ਕੀਤੀ ਸੀ, ਕਿਉਂਕਿ ਤੇਰੇ ਦਾਦਾ ਜੀ ਨੇ ਮੈਨੂੰ ਬਚਪਨ ਵਿਚ ਹੀ ਸਾਵਧਾਨ ਕਰ ਦਿੱਤਾ ਸੀ ਕਿ ਜਿਸ ਦਿਨ ਮੈਂ ਇਸ ਚੱਕਰ ਵਿਚ ਪਵਾਂਗਾ, ਉਸ ਦਿਨ ਆਦਮੀ ਤੋਂ ਡੱਡੂ ਵਿਚ ਬਦਲ ਜਾਵਾਂਗਾ।”
ਇਸ ਤੋਂ ਮਗਰੋਂ ਮੇਰੇ ਬੇਟੇ ਨੇ ਮੈਨੂੰ ਇਸ ਬਾਰੇ ਕੋਈ ਸਵਾਲ ਨਹੀਂ ਕੀਤਾ ਸੀ ਅਤੇ ਮੇਰੇ ਨਾਲ ਲਿਪਟ ਕੇ ਸੌ ਗਿਆ ਸੀ।
ਮੈਨੂੰ ਨਹੀਂ ਪਤਾ ਕਿ ਇਹ ਕਹਾਣੀ ਮੇਰੇ ਬੱਚੇ ਦੇ ਮਤਲਬ ਦੀ ਸੀ ਜਾਂ ਨਹੀਂ, ਉਹਦੀ ਸਮਝ ਵਿਚ ਆਈ ਸੀ ਜਾਂ ਨਹੀਂ, ਪਰ ਏਨਾ ਜਰੂਰ ਹੈ ਕਿ ਉਸ ਦਿਨ ਤੋਂ ਬਾਦ ਉਹ ‘ਡੱਡੂਆਂ’ ਤੋਂ ਥੋੜ੍ਹਾ ਦੂਰ ਹੀ ਰਹਿੰਦਾ ਹੈ।