ਤਿਆਗ਼
ਪੜ੍ਹ ਲਿਖਕੇ ਵੀ ਰੁਪਿੰਦਰ ਨੂੰ ਨੌਕਰੀ ਨਹੀਂ ਸੀ ਮਿਲ ਰਹੀ। ਉਹ ਬਹੁਤ ਹੀ ਘੱਟ ਤਨਖਾਹ ‘ਤੇ ਇੱਕ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰਨ ਲੱਗਾ ਸੀ। ਉਸਦੀ ਮਾਂ ਏਨੇ ਨਾਲ ਹੀ ਖੁਸ਼ ਹੋਣ ਲੱਗੀ, ਰੂਪੀ ਪੁੱਤ! ਨਾਂਹ ਨਾ ਕਰੀਂ ਹੁਣ ਮੈਂ ਤੇਰਾ ਜਲਦੀ ਹੀ ਵਿਆਹ ਕਰ ਦੇਣੇ! ਗ਼ਰੀਬ ਤੇ ਬੀਮਾਰ ਮਾਂ ਨੂੰ ਉਹ ਹਮੇਸ਼ਾ ਟਾਲਦਾ ਆਇਆ ਸੀ । ਪਰ ਅਖੀਰ ਉਸ ਹਾਂਅ ਕਰ ਹੀ ਦਿੱਤੀ। ਮਾਂ ਨੇ ਉਸਦਾ ਸਿਰ ਪਲੋਸਦਿਆਂ ਆਸ਼ੀਰਵਾਦ ਦਿੱਤਾ।
-ਪਰ ਮੇਰੀ ਵੀ ਇੱਕ ਸ਼ਰਤ ਐ–?
-ਮੈਨੂੰ ਤੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ! ਇੱਕ ਮਾਂ ਬੇਪ੍ਰਵਾਹੀ ਨਾਲ ਬੋਲ ਉਠੀ। -ਮੈਨੂੰ ਤੇਰੇ ਘਰ ਦਾ ਤਿਆਗ ਕਰਨਾ ਪਊ–? ਰੁਪਿੰਦਰ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ।
ਪੁੱਤ ! ਬੌਅਤੀਆਂ ਬੁਝਾਰਤਾਂ ਨਾ ਪਾ–ਸਿੱਧੀ ਗੱਲ ਕਰ!
-ਦਰਅਸਲ ਮਾਂ, ਅਨੁਪਮਾ ਦੇ ਪੇਰੈਂਟਸ ਨੇ ਉਸ ਨਾਲ ਮੈਰਿਜ ਕਰਵਾਉਣ ਦੀ ਇਸ ਸ਼ਰਤ ‘ਤੇ ਇਜ਼ਾਜਤ ਦਿੱਤੀ ਐ ਕਿ ਮੈਨੂੰ ਉਨ੍ਹਾਂ ਦਾ ਘਰ ਜਵਾਈ ਬਣਕੇ ਰਹਿਣਾ ਪਵੇਗਾ–?
ਹੁਣ ਇੱਕ ਵਿਧਵਾ ਇਸ ਡਾਹਢੇ ਹੀ ਔਖੇ ਸਵਾਲ ਦਾ ਕੀ ਉੱਤਰ ਦਿੰਦੀ ! ਅਖੀਰ ਉਹ ਏਨਾ ਕਹਿਕੇ ਇਕਦਮ ਚੁੱਪ ਕਰ ਗਈ, ਤੇਰੀ ਖੁਸ਼ੀ ‘ਚ ਈ ਮੇਰੀ ਖੁਸ਼ੀ ਐ–?