ਨਿੱਘ

ਜਗਤਾਰ ਕੋਲ ਇਨ੍ਹਾਂ ਸਰਦੀਆਂ ਵਿੱਚ ਮਾਂ ਦਾ ਬੁਣਿਆ ਕੋਈ ਸਵੈਟਰ ਨਹੀਂ ਸੀ । ਜਦੋਂ ਉਸ ਦਾ ਬੇਟਾ ਕਾਲਿਜ ‘ਚ ਦਾਖਿਲ ਹੋਇਆ, ਤਾਂ ਮਾਂ ਨੇ ਬੜੇ ਚਾਅ ਨਾਲ ਪੋਤਰੇ ਲਈ ਤੇ ਪੁੱਤਰ ਦੋਹਾਂ ਲਈ ਆਪਣੇ ਹੱਥਾਂ ਨਾਲ ਬੁਣ ਕੇ ਇੱਕ-ਇੱਕ ਸਵੈਟਰ ਉਨ੍ਹਾਂ ਨੂੰ ਦਿੱਤਾ। ਉਨ੍ਹਾਂ ਸਵੈਟਰਾਂ ਦੀ ਬੁਣਤੀ ਇਨੀ ਸੁਹਣੀ ਤੇ ਨਿਵੇਕਲੀ ਸੀ ਕਿ ਮੁਹੱਲੇ ਦੀਆਂ ਔਰਤਾਂ ਜਗਤਾਰ ਦੇ ਪੁੱਤਰ ਨੂੰ ਰੋਕ-ਰੋਕ ਕੇ ਬੁਣਤੀ ਦੇਖਣ ਤੇ ਸਮਝਣ ਲੱਗ ਪੈਂਦੀਆਂ।
ਜਗਤਾਰ ਤਾਂ ਪੂਰੀਆਂ ਸਰਦੀਆਂ ਉਹੀ ਸਵੈਟਰ ਪਾਉਂਦਾ, ਜਦੋਂ ਮੈਲਾ ਹੋ ਜਾਂਦਾ ਤਾਂ ਧੋਅ ਕੇ ਫੇਰ ਉਸੇ ਨੂੰ ਹੀ ਪਾ ਲੈਂਦਾ। ਉਸਨੂੰ ਉਸ ਵਿੱਚ ਬੜਾ ਨਿੱਘ ਮਹਿਸੂਸ ਹੁੰਦਾ ਤੇ ਉਹ ਆਪਣੇ-ਆਪ ਨੂੰ ਮਹਿਫੂਜ਼ ਵੀ ਸਮਝਦਾ। ਸ਼ਾਇਦ ਉਸ ਵਿਚ ਮਾਂ ਦੇ ਹੱਥਾਂ ਦੀ ਨਿੱਘੀ ਛੁਹ ਸੀ।

ਉਸ ਦੇ ਬੇਟੇ ਨੇ ਇਕੋ ਸਰਦੀਆਂ ਸਵੈਟਰ ਪਾਇਆ ਤੇ ਫੇਰ ਪਰ੍ਹਾਂ ਸੁੱਟ ਦਿੱਤਾ। ਨਵੀਂ ਪੀੜ੍ਹੀ ਦਾ ਮਨ ਜਲਦੀ ਹੀ ਭਰ ਜਾਂਦਾ ਹੈ, ਜਗਤਾਰ ਸੋਚਦਾ।

ਜਗਤਾਰ ਦੀ ਮਾਂ ਨੂੰ ਪੂਰਿਆਂ ਹੋਏ ਛੇ ਸਾਲ ਹੋ ਗਏ ਸਨ। ਸਰਦੀਆਂ ਫੇਰ ਆ ਗਈਆਂ ਸਨ । ਉਸ ਦੇ ਬੇਟੇ ਦੀ ਪੜ੍ਹਾਈ ਪੂਰੀ ਹੋ ਗਈ ਸੀ। ਤੇ ਉਹ ਸਰਕਾਰੀ ਨੌਕਰੀ ‘ਤੇ ਲੱਗ ਗਿਆ ਸੀ। ਉਹ ਆਪਣੀ ਪਹਿਲੀ ਤਨਖਾਹ ‘ਚੋਂ ਜਗਤਾਰ ਲਈ ਇੱਕ ਬਰੈਂਡਿਡ ਸਵੈਟਰ ਲਿਆਇਆ। ਦੋਸਤ-ਮਿੱਤਰ ਕਹਿੰਦੇ ਕਿ ਉਸ ਤੇ ਉਹ ਕਾਫੀ ਫੱਬਿਆਂ ਤੇ ਜੱਚਿਆ ਹੈ। ਉਸ ਦੀ ਪਤਨੀ ਨੇ ਪਿਛਲੇ ਸਾਲ, ਉਸਨੂੰ ਬਿਨਾ ਪੁੱਛੇ, ਮਾਂ ਦਾ ਬਣਿਆ ਸਵੈਟਰ ਬਰਤਨਾਂ -ਵਾਲੀ ਨੂੰ ਦੇ ਦਿੱਤਾ ਸੀ, ਇਹ ਸੋਚ ਕੇ ਕਿ ਬਥੇਰਾ ਪਾ ਲਿਆ ਹੈ ਤੇ ਘਸ ਕੇ ਹੁਣ ਨਿੱਘਾ ਵੀ ਨਹੀਂ ਰਿਹਾ ਹੋਣਾ।

ਹਾਲਾਂਕਿ, ਜਗਤਾਰ ਉਸ ਘਸੇ ਹੋਏ ਸਵੈਟਰ ਨੂੰ ਵੀ ਕਮੀਜ਼ ਦੇ ਥੱਲਿਓਂ ਦੀ ਪਾਉਂਦਾ ਆ ਰਿਹਾ ਸੀ । ਸੀਨੇ ਨੂੰ ਲਗਾ ਕੇ ਉਹ ਉਸਨੂੰ ਸਗੋਂ ਵਧੇਰੇ ਨਿੱਘ ਦਿੰਦਾ ਮਹਿਸੂਸ ਹੁੰਦਾ ਸੀ। ਉਹ ਕਿਸੇ ਕੀਮਤ ‘ਤੇ ਵੀ ਉਸ ਤੋਂ ਅੱਡ ਨਹੀਂ ਲੋਚਦਾ ਸੀ। ਉਸ ਕੋਲ ਇਹ ਮਾਂ ਦੀ ਨਿਸ਼ਾਨੀ ਸੀ, ਜਿਸ ‘ਚ ਇਕ ਮੋਹ ਤੇ ਨਿੱਘ ਸੀ, ਜਿਸਦੀ ਕਦਰ ਉਸੇ ਨੂੰ ਸੀ। ਬੇਟੇ ਵੱਲੋਂ ਦਿੱਤੇ ਬਰੈਂਡਿਡ ਤੇ ਮਸ਼ੀਨੀ ਸਵੈਟਰ ਵਿਚ ਜਗਤਾਰ ਨੰ ਠੰਢ ਤੇ ਕਾਂਬਾ ਮਹਿਸੂਸ ਹੋ ਰਿਹਾ ਸੀ, ਕਿਉਂ ਜੋ ਕਮੀਜ਼ ਦੇ ਹੇਠਾਂ ਮਾਂ ਦੀਆਂ ਉਂਗਲਾਂ ਦੀ ਛੁਹ ਮਨਫ਼ੀ ਸੀ।