ਪਰਾਈ ਪੀੜ
ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁੜੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, “ਮੈਂ ਤੇਰਾ ਕੀ ਵਿਗਾੜਿਐ? ਹਰ ਵਾਰ ਈ ਕੁੜੀ ਦੇ ਦਿਨੀਂ। ਇਨ੍ਹਾਂ ਕੁੜੀਆਂ ਨਾਲੋਂ ਤਾਂ ਮੈਂ ਬੇਔਲਾਦ ਈ ਚੰਗਾ ਸੀ। ਹੇ ਵਾਹਿਗੁਰੂ, ਸੱਚੇ ਪਾਤਸ਼ਾਹ ! ਜੇ ਦੇਣਾ ਈ ਐ ਤਾਂ ਮੈਨੂੰ ਇਕ ਪੁੱਤਰ ਦੇ ਦੇ, ਮੇਰਾ ਵਾਰਸ ਤੇ ਖਾਨਦਾਨ ਚਲਾਉਣ ਵਾਲਾ।”
ਹਰਨਾਮ ਸਿੰਘ ਆਪਣੀ ਅਰਦਾਸ ਵਿਚ ਮਗਨ ਸੀ। ਤਦੇ ਉੱਥੇ ਪਿੰਡ ਦਾ ਸਰਪੰਚ ਸਾਧੂ ਸਿੰਘ ਆਇਆ। ਸਾਧੂ ਸਿੰਘ ਕੋਲ ਕਰੋੜਾਂ ਦੀ ਜਾਇਦਾਦ ਸੀ । ਸਾਧੂ ਸਿੰਘ ਵੀ ਅਰਦਾਸ ਕਰਨ ਲੱਗਾ,” ਵਾਹਿਗੁਰੂ! ਤੇਰੇ ਘਰ ਕਿਸ ਚੀਜ ਦੀ ਘਾਟ ਐ! ਸਾਡੇ ਘਰ ਵੀ ਇਕ ਔਲਾਦ ਬਖਸ਼ਦੇ। ਮੈਂ ਤਾਂ ਤੇਰੇ ਕੋਲੋਂ ਮੁੰਡਾ ਵੀ ਨਹੀਂ ਮੰਗਦਾ, ਮੈਨੂੰ ਤਾਂ ਭਾਵੇਂ ਕੁੜੀ ਦੀ ਦਾਤ ਈ ਦੇ ਦੇ। ਮੈਂ ਵੀ ‘ਪਿਓ’ ਕਹਾਉਣ ਦੀ ਖੁਸ਼ੀ ਲੈ ਸਕਾਂ। ਮੇਰੇ ਤੇ ਮਿਹਰ ਕਰ ਰੱਬਾ! ਦੇਖੀਂ ਕਿਤੇ ਦੁਨੀਆਂ ਤੋਂ ਮੈਂ ਔਂਤਰਾ ਈ ਨਾ ਤੁਰ ਜਾਵਾਂ।”
ਸਰਪੰਚ ਸਾਧੂ ਸਿੰਘ ਦੀ ਅਰਦਾਸ ਸੁਣ ਹਰਨਾਮ ਸਿੰਘ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹ ਆਪਣੀ ਨਵਜੰਮੀਂ ਬੱਚੀ ਨੂੰ ਗੋਦੀ ਵਿਚ ਲੈ ਚੁੰਮਣ ਲੱਗ ਪਿਆ।