ਬਜੁਰਗ

ਹਾੜ ਦੇ ਮਹੀਨੇ ਹੈਦਰ ਸ਼ੇਖ ਦੇ ਜੇਠੀ ਚੌਂਕੀ ਕਾਰਨ ਬਾਜ਼ਾਰ ਵਿਚ ਭੀੜ ਸੀ। ਰੇਹੜੀ ਉੱਪਰ ਸਰੀਆ ਲੱਦੀ ਆ ਰਿਹਾ ਇਕ ਮਜਦੂਰ ਜਦੋਂ ਭੀੜ ਤੋਂ ਬਚਾਉਂਦਾ ਹੋਇਆ ਰੇਹੜੀ ਸੜਕ ਕਿਨਾਰੇ ਖੜੇ ਇਕ ਮੋਟਰ ਸਾਈਕਲ ਲਾਗਿਓਂ ਕੱਢਣ ਲੱਗਾ ਤਾਂ ਰੇਹੜੀ ਉੱਪਰ ਲੱਦਿਆ ਸਰੀਆ ਮੋਟਰ ਸਾਈਕਲ ਨਾਲ ਖਹਿਣ ਲੱਗਿਆ।
“ਦੇਖੀਂ ਬਜੁਰਗਾ! ਕਿਤੇ ਹੋਰ ਨੁਕਸਾਨ ਈ ਨਾ ਕਰਦੀ ਇਕ ਪਾਸੇ ਕਰਕੇ ਕੱਢ ਲੈ ਸਰੀਆ ਵੀ ਸਾਰੇ ਸ਼ਹਿਰ ਦਾ ਈ ਲੱਦੀ ਫਿਰਦੈਂ।” ਮੋਟਰ ਸਾਈਕਲ ਦੀ ਫਿਕਰ ਵਿਚ, ਸ਼ਾਪਿੰਗ ਅੱਧ ਵਿਚਾਲੇ ਛੱਡ, ਮਾਸਟਰ ਮਿੰਦਰ ਸਿੰਘ ਸ਼ੋਅ ਰੂਮ ਵਿੱਚੋਂ ਤੇਜੀ ਨਾਲ ਬਾਹਰ ਆਉਂਦੇ ਹੋਏ ਬੋਲਿਆ।
” ਸਾਸਰੀ ਕਾਲ ਮਾਸਟਰ ਜੀ !” ਮਜ਼ਦੂਰ ਨੇ ਨਿਮਰਤਾ ਪੂਰਵਕ ਹੱਥ ਜੋੜਦਿਆਂ ਕਿਹਾ।
“ਸਤਿ ਸ੍ਰੀ ਅਕਾਲ ! ਬਜ਼ੁਰਗਾ, ਤੂੰ ਐਨਾ ਸਰੀਆ ਕਿਉਂ ਲੱਦਿਆ? ਆਪਣੀ ਉਮਰ ਦਾ ਤਾਂ ਖਿਆਲ ਕਰਿਆ ਕਰ।” ਮਜ਼ਦੂਰ ਦੀ ਧੌਲੀ ਦਾੜੀ ਤੇ ਖਸਤਾ ਸਿਹਤ ਵੱਲ ਵੇਖਦਿਆਂ ਮਾਸਟਰ ਜੀ ਨੇ ਆਪਣੀ ਡਾਈ ਕੀਤੀ ਦਾੜੀ ਤੇ ਹੱਥ ਫੇਰਦਿਆਂ ਹਮਦਰਦੀ ਭਰੇ ਲਹਿਜੇ ਵਿਚ ਕਿਹਾ।
“ਮਾਸਟਰ ਜੀ ਤੁਸੀਂ ਸ਼ੈਦ ਪਛਾਣਿਆ ਨੀਂ ਤਾਹੀਓਂ ਮੈਨੂੰ ਬਾਰ-ਬਾਰ ਬਜ਼ੁਰਗ ਕਹੀ ਜਾਨੇ ਓਂ . ਮੈਂ ਬੰਤਾ ਆਂ ਥੋਡਾ ਸ਼ਗਿਰਦ ਰੁੜਕੀ ਪਿੰਡ ਦੇ ਵਿਹੜੇ ਆਲਾ।” ਪਰਨੇ ਨਾਲ ਮੁੜ੍ਹਕਾ ਸਾਫ ਕਰਦਿਆਂ ਮਜਦੂਰ ਨੇ ਕਿਹਾ।
ਭੀੜ ਦੇ ਧੱਕਿਆਂ ਕਾਰਨ ਬੰਤਾ ਰੇਹੜੀ ਧੱਕਦਾ ਅੱਗੇ ਹੋ ਗਿਆ ਅਤੇ ਮਾਸਟਰ ਜੀ ਧੱਕਿਆਂ ਤੋਂ ਬੇਸੁਧ ਖੜੇ ਪੰਦਰਾਂ-ਵੀਹ ਸਾਲ ਪਹਿਲੇ ਉਹਨਾਂ ਦਿਨਾਂ ਬਾਰੇ ਸੋਚਣ ਲੱਗੇ ਜਦੋਂ ਬੰਤਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ।