ਬੰਦੇ ਦਾ ਮੁੱਲ

ਲੇਖਕ : ਡਾ. ਕੇਵਲ ਰਾਮ ਨਵਾਂ ਸ਼ਹਿਰ
ਪ੍ਰਕਾਸ਼ਕ: ਸਹਿਜ ਪਬਲੀਕੇਸ਼ਨ ਸਮਾਣਾ,
ਪੰਨੇ: 90, ਮੁੱਲ: 200 ਰੁਪਏ

ਮਿਹਨਤੀ ਅਤੇ ਹਿਮਤੀ ਅਧਿਆਪਕ ਡਾ. ਕੇਵਲ ਰਾਮ ਨਵਾਂ ਸ਼ਹਿਰ ਵਲੋਂ ਨਿਸਵਾਰਥੀ ਭਾਵਨਾ ਨਾਲ ਪਰਉਪਕਾਰੀ ਕਾਰਜਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਲੋਭ ਲਾਲਚ ਤੋਂ ਬਗੈਰ ਉਹ ਡਿਗਰੀਆਂ ਨਾਲ ਵੀ ਆਪਣੀ ਝੋਲੀ ਭਰ ਰਿਹਾ ਹੈ। ਸਾਹਿਤ ਅਤੇ ਸਿੱਖਿਆ ਨੂੰ ਸਮਰਪਿਤ ਹੋ ਕੇ ਕਾਰਜ ਕਰਨ ਵਾਲੇ ਇਸ ਸਾਹਿਤਕਾਰ  ਨੇ ਸਾਂਝੇ ਕਾਵਿ ਸੰਗ੍ਰਹਿਆਂ ਅਤੇ ਹੋਰ ਪੁਸਤਕਾਂ ਵਿੱਚ ਆਪਣਾ ਸ਼ਾਨਦਾਰ ਯੋਗਦਾਨ ਪਾਇਆ ਹੈ। ਹਥਲੀ ਪੁਸਤਕ ‘ਬੰਦੇ ਦਾ ਮੁੱਲ’ ਉਸ ਦਾ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ਹੈ। ਜਿਸ ਵਿੱਚ 35 ਮਿੰਨੀ ਕਹਾਣੀਆਂ ਦਰਜ ਹਨ। ਜਦੋਂ ਕਹਾਣੀ ਕਲਾ ਦੀ ਗੱਲ ਕਰਦੇ ਹਾਂ ਤਾਂ ਵਿਦਵਾਨ ਲੋਕ ਇੰਝ ਆਖਦੇ ਹਨ ਕਿ ਨਾਵਲ ਕਲਾਵਾ ਭਰਦਾ ਹੈ, ਕਹਾਣੀ ਬੁੱਕ ਹੈ ਅਤੇ ਮਿੰਨੀ ਕਹਾਣੀ ਚੂੰਢੀ ਵੱਢਦੀ ਹੈ। ਇਸ ਸਿਧਾਂਤ ਅਨੁਸਾਰ ਜਿਸ ਮਿੰਨੀ ਕਹਾਣੀ ਵਿੱਚ ਚੂੰਢੀ ਵੱਢੀ ਜਾਂਦੀ ਹੈ ਉਸ ਕਹਾਣੀ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਭਾਵ ਇਹ ਕਿ ਮਿੰਨੀ ਕਹਾਣੀ ਦੁਖਦੀ  ਰਗ ਤੇ ਉਂਗਲੀ ਰੱਖਦੀ ਹੋਈ ਸਾਨੂੰ ਉਸਦੇ ਹੱਲ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਭਾਵੇਂ ਮਿੰਨੀ ਕਹਾਣੀ ਦੇ ਆਕਾਰ ਬਾਰੇ ਵੱਖ ਵੱਖ ਵਿਦਵਾਨਾਂ ਦੇ ਭਿੰਨ ਭਿੰਨ ਵਿਚਾਰ ਹਨ ਪਰ ਇਸ ਬਾਰੇ ਇਹ ਕਿਹਾ ਜਾਣਾ ਸੁਭਾਵਿਕ ਲੱਗਦਾ ਹੈ ਕਿ ਮਿੰਨੀ ਕਹਾਣੀ ਵਿੱਚ ਕਥਾ ਰਸ ਦੇ ਨਾਲ ਨਾਲ ਘਟਨਾ ਦਾ ਹੋਣਾ ਵੀ ਜ਼ਰੂਰੀ ਹੈ। ਕਿਸੇ ਇੱਕ ਘਟਨਾ ਤੇ ਲਿਖੀ ਕਹਾਣੀ ਸਾਨੂੰ ਉਸ ਘਟਨਾ ਦੇ ਅੱਗੜ ਪਿੱਛੜ ਵਾਪਰ ਰਹੇ ਵਰਤਾਰਿਆਂ ਬਾਰੇ ਗਿਆਨ ਕਰਵਾ ਦੇਵੇ ਉਸਨੂੰ ਅਸੀਂ ਸਫ਼ਲ ਮਿੰਨੀ ਕਹਾਣੀ ਮੰਨ ਸਕਦੇ ਹਾਂ।

ਅਜਿਹੇ ਗੁਣਾਂ ਨਾਲ ਭਰਪੂਰ ਮਿੰਨੀ ਕਹਾਣੀਆਂ ਦਾ ਇਹ ਸੰਗ੍ਰਹਿ ਡਾਕਟਰ ਕੇਵਲ ਰਾਮ ਨਵਾਂ ਸ਼ਹਿਰ ਨੂੰ ਮਿੰਨੀ ਕਹਾਣੀ ਦੇ ਸਥਾਪਿਤ ਲੇਖਕਾਂ ਦੀ ਕਤਾਰ ਵਿੱਚ ਖੜੇ ਹੋਣ ਦਾ ਬਲ ਬਖਸ਼ਦਾ ਹੈ। ਭਾਵੇਂ ਕੁਝ ਕਹਾਣੀਆਂ ਅਜੇ ਕਥਾ ਰਸ ਨਾਲ ਭਰਪੂਰ ਹੋਣੀਆਂ ਹਨ। ਪ੍ਰੰਤੂ ਕੁਝ ਕਹਾਣੀਆਂ ਇੰਨੀਆਂ ਪਾਏਦਾਰ ਹਨ ਕਿ ਉਹ ਮੁਕਾਬਲਿਆਂ ਵਿੱਚ ਇਨਾਮ ਜੇਤੂ ਵੀ ਬਣ ਸਕਦੀਆਂ ਹਨ। ਡਾ. ਕੇਵਲ ਰਾਮ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਇਹਨਾਂ ਕਹਾਣੀਆਂ ਵਿੱਚ ਭਰਨ ਦਾ ਸਫ਼ਲ ਯਤਨ ਕੀਤਾ ਹੈ। ਖਾਸ ਕਰ ਸਮਾਜਿਕ, ਰਾਜਸੀ, ਆਰਥਿਕ ਅਤੇ ਧਾਰਮਿਕ ਮਸਲਿਆਂ ਨੂੰ ਇਹਨਾਂ ਕਹਾਣੀਆਂ ਵਿੱਚ ਉਭਾਰਿਆ ਗਿਆ ਹੈ। ਇਹਨਾਂ ਵਿੱਚੋਂ ਸਮਾਜਿਕ ਮਨੋਵਿਗਿਆਨ ਵੀ ਉਪਜਦਾ ਹੈ। ਖਾਸ ਕਰਕੇ ਅਧਿਆਪਕ ਵਰਗ ਦੇ ਵਰਤਾਰਿਆਂ ਨੂੰ ਕੁੱਝ ਕਹਾਣੀਆਂ ਵਿੱਚ ਚਿਤਰਿਆ ਗਿਆ ਹੈ। ਭਰਿਸ਼ਟਾਚਾਰੀ ਦੇ ਆਲਮ ਵਿੱਚ ਇੱਕ ਇਮਾਨਦਾਰ ਨੌਕਰੀ ਪੇਸ਼ਾ ਵਿਅਕਤੀ ਦਾ ਜੀਣਾ ਕਿਵੇਂ ਮੁਹਾਲ ਹੋ ਜਾਂਦਾ ਹੈ? ਉਹ ਵੀ ਇਹਨਾਂ ਕਹਾਣੀਆਂ ਵਿੱਚ ਪ੍ਰਗਟ ਹੋਇਆ ਹੈ। ਲੇਖਕ ਨੂੰ ਨਵੀਂ ਪੀੜੀ ਦੀ ਚਿੰਤਾ ਹੈ ਜੋਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਆਪ ਅਤੇ ਘਰ ਬਾਰ ਸਭ ਕੁਝ ਤਬਾਹ ਕਰੀ ਜਾ ਰਹੀ ਹੈ। ਇਸੇ ਤਰ੍ਹਾਂ ਸਰਕਾਰ ਦੀ ਨੀਤੀ ਦੀ ਲੇਖਕ ਨੂੰ ਚਿੰਤਾ ਹੈ। ਇਹਨਾਂ ਚਿੰਤਾਵਾਂ ਨੂੰ ਪ੍ਰਗਟ ਕਰਦੀਆਂ ਇਹ ਕਹਾਣੀਆਂ ਸਾਨੂੰ ਚਿੰਤਨ ਕਰਨ ਦੀ ਨਸੀਹਤ ਵੀ ਕਰਦੀਆਂ ਹਨ। ਸਧਾਰਨ ਭਾਸ਼ਾ ਵਿੱਚ ਸਿਰਜੀ ਇਹ ਪੁਸਤਕ ਹਰ ਪਾਠਕ ਦੀ ਸਮਝ ਵਿੱਚ ਆਉਣ ਵਾਲੀ ਹੈ। ਉੱਘੇ ਅਲੋਚਕ ਡਾ. ਜੇ ਬੀ. ਸੇਖੋਂ ਅਨੁਸਾਰ ‘ਉਸ ਦੀ ਕਥਾ ਦ੍ਰਿਸ਼ਟੀ ਆਪਣੇ ਆਲੇ ਦੁਆਲੇ ਦੇ ਵਰਤ ਵਰਤਾਰਿਆਂ ਵਿੱਚ ਫੈਲੀਆਂ ਬੇਤਰਤੀਬੀਆਂ ਨੂੰ ਸਮਝਣ ਤੇ ਇਹਨਾਂ ਦੇ ਹੱਲ ਲਈ ਬਿਹਬਲ ਹੈ। ਇਹਨਾਂ ਰਚਨਾਵਾਂ ਵਿੱਚ ਲੇਖਕ ਦੇ ਸਮਾਜਿਕ ਫਿਕਰ ਕਿਤੇ ਚਿੰਤਾ ਦੇ ਰੂਪ ਵਿੱਚ ਕਿਤੇ ਚਿੰਤਨ ਦੇ ਰੂਪ ਵਿੱਚ ਉਜਾਗਰ ਹੋਏ ਹਨ।

ਔਰਤਾਂ ਪਰਤੀ ਸਮਾਜਿਕ ਨਜ਼ਰੀਏ ਨੂੰ ਤਬਦੀਲ ਕਰਨ ਦਾ ਸੁਨੇਹਾ ਦਿੰਦੀਆਂ ਕਹਾਣੀਆਂ ਮੋੜਾ, ਬਸ ਹੋਰ ਨੀ, ਅਸਲੀ ਥਾਂ, ਰੋਗ ਦਾ ਮੁੱਲ, ਕਾਬਲੇ ਗੌਰ , ਕਹਾਣੀਆਂ ਹਨ। ਵਿਦੇਸ਼ੀ ਚਾਹਤ ਨਾਲ ਬਰਬਾਦ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਲੋਕਾਂ ਦੀ ਕਹਾਣੀ ਡਿਪੋਰਟ ਅਤੇ ਸੁਪਨਿਆਂ ਦੀ ਪਰਵਾਜ਼ ਹੈ। ਮਾਪਿਆਂ ਵੱਲੋਂ ਬਾਲ ਮਾਨਸਿਕਤਾ ਦਾ ਅਧਿਐਨ ਕੀਤੇ ਬਗੈਰ ਉਹਨਾਂ ਨੂੰ ਡਾਕਟਰੀ ਵਰਗੇ ਵਿਸ਼ੇ ਪੜਾਉਣ ਨਾਲ ਵਿਦਿਆਰਥੀਆਂ ਦੀਆਂ ਹੋ ਰਹੀਆਂ ਮੌਤਾਂ ਅਤੇ ਮਾਨਸਿਕ ਪਰੇਸ਼ਾਨੀਆਂ ਨੂੰ ਕਹਾਣੀ ਅਧੂਰੇ ਸੁਪਨੇ ਵਿਚ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚ ਦਰਜ ਮਿੰਨੀ ਕਹਾਣੀਆਂ ਪੁਖਤਾ ਪ੍ਰਬੰਧ, ਸ਼ਬਦਾਂ ਦਾ ਜਾਦੂ, ਗੁਡ ਬਾਏ ਲਾਈਫ, ਮਿਸ ਯੂ ਯਾਰ, ਡਬੋਲੀਏ ਦੀ ਮੌਤ, ਅਸਲੀ ਚਿਹਰਾ, ਆਜ਼ਾਦੀ ਦੀ ਚਿਣਗ, ਦਰਵੇਸ਼ ਬੰਦਾ, ਤਲਾਕ, ਖੁਸ਼ੀਆਂ, ਕਰਜਾਈ, ਅਧੂਰੇ ਸੁਪਨੇ, ਅੰਤਿਮ ਸੰਸਕਾਰ, ਕੋਰਟ ਕੇਸ, ਭਵਿੱਖ ਅਤੇ ਸਮੇਂ ਦਾ ਚੱਕਰਵਿਊ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਪੇਸ਼ ਕਰਦੀਆਂ ਹੋਈਆਂ ਇਹਨਾਂ ਦੇ ਹੱਲ ਵੀ ਸੁਝਾ ਰਹੀਆਂ ਹਨ। ਇਸ ਪਲੇਠੇ ਮਿੰਨੀ ਕਹਾਣੀ ਸੰਗ੍ਰਿਹ ਬਾਰੇ ਇੰਝ ਕਿਹਾ ਜਾ ਸਕਦਾ ਹੈ ਕਿ ਡਾ. ਕੇਵਲ ਰਾਮ ਨਵਾਂ ਸ਼ਹਿਰ ਕੋਲ ਸਾਹਿਤ ਸਿਰਜਣਾ ਦੀਆਂ ਅਸੀਮ ਸੰਭਾਵਨਾਵਾਂ ਪਈਆਂ ਹਨ। ਜਿਨ੍ਹਾਂ ਦੀ ਬਦੌਲਤ ਇਸ ਤੋਂ ਵੀ ਵਧੀਆ ਕਹਾਣੀਆਂ ਦੀ ਭਵਿੱਖ ਵਿੱਚ ਸਿਰਜਣਾ ਕਰੇਗਾ।