ਰਾਮਗੜ੍ਹੀਆ ਐਸ਼ਵਰਯ ਦੀਆਂ ਝਲਕਾਂ
ਸਿੱਖ ਪੰਥਕ ਉਸਾਰੀ ਵਿਚ ਰਾਮਗੜੀਆ ਕੌਮ ਦਾ ਯੋਗਦਾਨ ਸਿੱਖ-ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਸ਼ਾਮਲ ਹੈ। ਦਰਅਸਲ ਸਿੱਖੀ ਧਾਰਨ ਕਰਨ ਅਤੇ ਕਮਾਉਣ ਵਿਚ ਸਿਰ ਧੜ ਦੀ ਬਾਜ਼ੀ ਲਾਉਣ ਵਾਲਿਆਂ ਦੇ ਜੀਵਨ ਸਮਾਚਾਰ, ਸਾਰੇ ਦੇ ਸਾਰੇ ਨਹੀਂ ਸੰਭਾਲੇ ਗਏ। ਜਿਹਨਾਂ ਦਾ ਜ਼ਿਕਰ ਪੁਸਤਕਾਂ ਵਿਚ ਮਿਲਦਾ ਹੈ, ਉਨ੍ਹਾਂ ਦੀਆਂ ਪੰਥਕ ਕੁਰਬਾਨੀਆਂ ਅੱਗੇ ਤਾਂ ਸਾਡਾ ਸਿਰ ਝੁਕਦਾ ਹੀ ਹੈ, ਪਰ ਨਾਲ ਹੀ ਨਾ ਮਾਲੂਮ ਪੰਥਕ ਸੇਵਾਦਾਰਾਂ ਪ੍ਰਤੀ ਵੀ ਅਸੀਂ ਸਦਾ ਰਿਣੀ ਰਹਾਂਗੇ। ਜੇ ਕੋਈ ਇਨ੍ਹਾਂ ਸੂਰਬੀਰ ਬਹਾਦਰ ਸਿੱਖਾਂ ਦਾ ਇਤਿਹਾਸ ਲਿਖਦਾ ਹੈ ਜਾਂ ਉਨ੍ਹਾਂ ਦੇ ਵੇਰਵੇ ਇਕੱਤਰ ਕਰਕੇ ਸਾਡੇ ਲਈ ਪ੍ਰੇਰਨਾ ਦਾ ਇਕ ਸ੍ਰੋਤ ਪੈਦਾ ਕਰਦਾ ਹੈ ਤਾਂ ਉਹ ਵੀ ਸਾਡੇ ਲਈ ਸਤਿਕਾਰ ਦਾ ਪਾਤਰ ਹੈ।
ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ 1882 ਈਸਵੀ ਨੂੰ ਹੋਂਦ ਵਿਚ ਆਈ ਸੀ। ਪੁਰਾਣਾ ਰੀਕਾਰਡ ਫਰੋਲਿਆਂ ਪਤਾ ਲੱਗਦਾ ਹੈ ਕਿ 1915 ਈਸਵੀ ਸੰਨ ਨੂੰ ਸ਼ਿਮਲੇ ਵਿਚ ਇਕ ਅਜਿਹੀ ਕਿਤਾਬ ਛਪੀ ਸੀ, ਜਿਸਦਾ ਨਾਂ ‘ਰਾਮਗੜੀਆਂ ਦਾ ਇਤਿਹਾਸ’ ਸੀ। ਇਹ ਪੁਸਤਕ ਅਤੀ ਖਸਤਾ ਹਾਲਤ ਵਿਚ ਮੇਰੀ ਨਿੱਜੀ ਲਾਇਬ੍ਰੇਰੀ ਵਿਚ ਪਈ ਹੈ। ਦੋ ਕੁ ਸਾਲ ਹੋਏ ਤਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਡਾ. ਅਮਰਜੀਤ ਕੌਰ ਭਮਰਾ ਦੀ ਲਿਖੀ ਹੋਈ ਪੁਸਤਕ ‘ਤਵਾਰੀਖ ਰਾਮਗੜ੍ਹੀਆ’ ਬਹੁਤ ਸੁੰਦਰ ਦਿੱਖ ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਇਸ ਵਿਚ ਰਾਮਗੜ੍ਹੀਆ ਕੌਮ ਦੀਆਂ ਉਘੀਆਂ ਇਤਿਹਾਸਕ ਸ਼ਖਸੀਅਤਾਂ ਦੇ ਜੀਵਨ ਸਮਾਚਾਰ ਲਿਖੇ ਹੋਏ ਹਨ। ਪਿੱਛਲੇ ਦਿਨੀਂ (ਅਕਤੂਬਰ 2011) ਮੈਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਤਾਂ ਮੈਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚ ਕੁਝ ਸਮਾਂ ਗੁਜ਼ਾਰਿਆ। ਲਾਇਬ੍ਰੇਰੀ ਵਿਚ ਕੁਝ ਪੁਸਤਕਾਂ ਬਹੁਤ ਹੀ ਦੁਰਲੱਭ ਸਨ। ਪ੍ਰਬੰਧਕਾਂ ਨੂੰ ਇਨ੍ਹਾਂ ਦੀ ਉਚੇਚੀ ਸੰਭਾਲ ਬਾਰੇ ਵੀ ਮੈਂ ਤਾਕੀਦ ਕੀਤੀ। ਇਨ੍ਹਾਂ ਬਹੁਤ ਸਾਰੀਆਂ ਪੁਸਤਕਾਂ ਵਿਚ ਇਹ ਹੱਥਲੀ ਪੁਸਤਕ ‘ਰਾਮਗੜੀਆ ਐਸ਼ਵਰਯ ਦੀਆਂ ਝਲਕਾਂ’ ਵੀ ਸੀ ਜਿਸ ਤੋਂ ਪਾਠਕਾਂ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ।
ਛੋਟੇ ਪੁਸਤਕ ਆਕਾਰ ਵਿਚ 1947 ਤੋਂ ਕੇਵਲ ਚਾਰ ਸਾਲ ਬਾਅਦ ਛਪੀ ਇਸ ਪੁਸਤਕ ਦੇ ਕੁਲ 172 ਪੰਨੇ ਹਨ। ਪਰੰਤੂ ਇਸ ਵਿਚ ਦਰਜ ਇਤਿਹਾਸਕ ਤੱਥ ਪਹਿਲਿਆਂ ਸਮਿਆਂ ਦੇ ਹੋਣ ਕਾਰਨ ਮੈਂ ਪਾਠਕਾਂ ਨਾਲ ਸਾਂਝੀ ਕਰਨ ਦਾ ਮੰਨ ਬਣਾ ਲਿਆ। ਇਸ ਦੇ ਲੇਖਕ ਤੇ ਪ੍ਰਕਾਸ਼ਕ ਗਿਆਨੀ ਹਜ਼ਾਰਾ ਸਿੰਘ ‘ਆਸੀ’ ਐਡੀਟਰ ਰਾਮਗੜੀਆਂ ਗਜ਼ਟ ਸ਼ਿਮਲਾ ਹਨ। ਇਹ ਪੁਸਤਕ ‘ਰਾਮਗੜ੍ਹੀਆ ਪ੍ਰੈਸ ਸ਼ਿਮਲਾ’ ਵਿਚ ਬੂੜ ਸਿੰਘ ਚੱਗਰ ਦੇ ਯਤਨ ਨਾਲ ਮਈ 1951 ਵਿਚ ਛਪੀ ਸੀ। ਗਿਆਨੀ ਹਜ਼ਾਰਾ ਸਿੰਘ ਜੀ ਆਸੀ ਦੇ ਪਿਤਾ ਦਾ ਨਾਮ ਸ੍ਰ. ਆਤਮਾ ਸਿੰਘ ਤੇ ਪਿੰਡ ਪੰਜੌੜ (ਹੁਸ਼ਿਆਰਪੁਰ) ਸੀ। ਲੇਖ ਸੂਚੀ (ਤਤਕਰੇ ਤੋਂ ਪਹਿਲਾਂ ਕਰਤਾ ਜੀ ਨੇ 20 ਸਤਰਾਂ ਦੀ ਕਵਿਤਾ ਵਿਚ ਆਪਣੇ ਬਾਬਾ ਨੱਥਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ, ਜਿਨ੍ਹਾਂ ਨੇ ਨੰਬਰਕ ਨੂੰ ਬਚਪਨ ਵਿਚ ਅਖਾੜਾ ਪਿਆਰ ਦੇ ਨਾਲ ਪਾਲਿਆ ਸੀ। ਇਸ ਪੁਸਤਕ ਦੇ ਮੁੱਖਬੰਦ ਵਿਚ ਸ੍ਰ. ਮੋਹਨ ਸਿੰਘ ਹਦੀਆਬਾਦ (ਫਗਵਾੜ੍ਹਾ) ਇਸ ਤਰ੍ਹਾਂ ਲਿਖਦੇ ਹਨ- ”ਇਸ ਪੁਸਤਕ ਵਿਚ ਰਾਮਗੜ੍ਹੀਆ ਇਤਿਹਾਸ ਨੂੰ, ਜਿਹੜਾ ਨਿਰਸੰਦੇਹ ਭਾਰਤ ਦੀ ਮਹਾਨ ਤਾਕਤ ਸਰਬ ਸਾਂਝੀਵਾਲਤਾ ਦੇ ਸਮੁੱਚੇ ਇਤਿਹਾਸ ਦਾ ਇਕ ਬਹੁਤ ਵੱਡਾ ਅੰਗ ਹੈ, ਪੂਰੀ ਸ਼ਫਲਤਾ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਚਿਤਕਾਰਿਆ ਗਿਆ ਹੈ। ਪੁਸਤਕ ਦੇ ਜਿਸ ਗੁਣ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਹੈ, ਉਹ ਸਾਰੇ ਪੁਰਾਤਨ ਬਜੁਰਗਾਂ ਦੇ ਆਚਰਣ ਦੀ ਤਸਵੀਰ ਹੈ ਜਿਸ ਦੀ ਗਵਾਹੀ ‘ਪ੍ਰਾਚੀਨ ਪੰਥ ਪ੍ਰਕਾਸ਼’ ਨੇ ਵੀ ਇਨ੍ਹਾਂ ਸ਼ਬਦਾਂ ਵਿਚ ਦਿੱਤੀ ਹੋਈ ਹੈ—
“ਰਾਮਗੜ੍ਹੀਆਂ ਭਾਈ ਅਤਿ ਵੱਡ ਸੂਰੇ।
ਜਿਨ ਸੋ ਲਰ ਕੋਊ ਉਤਰਿ ਨਾ ਪੂਰੇ।
ਉਨ ਕੀ ਪਿੱਠ ਦੇਖੀ ਕਿਨ ਨਾਹਿ।…”
ਆਸੀ ਜੀ ਨੇ ਅਣਥੱਕ ਖੋਜ, ਦੂਰ-ਦ੍ਰਿਸ਼ਟਾਤਾਂ ਤੇ ਵਿਗਿਆਨਕ ਤਰੀਕੇ ਨਾਲ ਇਤਿਹਾਸ ਦੀ ਘਾਟ ਨੂੰ ਪੂਰਾ ਕੀਤਾ ਹੈ ਅਤੇ ਸਾਡੇ ਗੌਰਵ ਨੂੰ ਟੁੰਬਿਆ ਹੈ। ਬਾਬਾ ਪ੍ਰੇਮ ਸਿੰਘ ਜੀ ਪਟਿਆਲਾ ਨੇ ‘ਅਸੀਸ ਦਿੰਦਿਆਂ ਮੁਢ ਵਿਚ ਲਿਖਿਆ ਹੈ— “ਮੈਂ ਆਪ ਨੂੰ ਵਧਾਈ ਦਿੰਦਾ ਹਾਂ ਕਿ ਆਪ ਨੇ ਇੰਨੀ ਅਣਥਕ ਘਾਲ ਘਾਲ ਕੇ ਰਾਮਗੜ੍ਹੀਆਂ ਸੂਰਮਿਆਂ ਤੇ ਹੁਨਰਕਾਰਾਂ ਦਾ ਇਹ ਸਵਿਸਥਾਰ ਲਿਖਿਆ ਹੈ। ਖ਼ਾਲਸਾ ਪੰਥ ਦੇ ਮਾਨਯੋਗ ਅੰਗ, ਰਾਮਗੜ੍ਹੀਆਂ ਬੀਰਾਂ ਪੁਰ ਜਿੰਨਾਂ ਮਾਨ ਕੀਤਾ ਜਾਏ, ਇੰਨਾਂ ਹੀ ਉਹਨਾਂ ਦਾ ਹੱਕ ਹੈ।” ਇਸ ਪੁਸਤਕ ਦੀ ਲੇਖ ਸੂਚੀ (ਤਤਕਰੇ ਅਨੁਸਾਰ 28) ਸਿਰਲੇਖ ਇਸ ਤਰ੍ਹਾਂ ਹਨ-
ਰਾਮਗੜ੍ਹੀਆ ਇਤਿਹਾਸ, ਰਾਮਗੜ੍ਹੀਆ ਪਦਵੀਂ ਲਈ 275 ਸਾਲ ਦੀ ਘਾਲਣਾ, ਰਾਮਗੜ੍ਹੀਆ ਰਾਜ ਭਾਗ ਦਾ ਆਰੰਭ, ਭਾਈ ਮਾਧੋ ਸਿੰਘ ਜੀ ਦੀ ਸ਼ਹਾਦਤ, ਰਾਮਗੜ੍ਹੀਆ ਐਸ਼ਵਰਯ ਦੇ ਮੋਢੀ, ਸੁੱਖਾ ਸਿੰਘ ਕੰਬੋ ਕੀ ਮਾੜੀ, ਰਾਮਗੜ੍ਹ ਦੀ ਸਾਜਨਾ, ਰਾਮਗੜ੍ਹੀਆ ਮਿਸਲ ਦਾ ਇਕਬਾਲ, ਬਾਬਾ ਜੋਧ ਸਿੰਘ, ਰਾਮਗੜ੍ਹੀਆ-ਯਾਦਗਾਰਾਂ, ਰਾਮਗੜ੍ਹੀਆਂ ਬੂੰਗਾ ਅੰਮ੍ਰਿਤਸਰ, ਰਾਮਗੜ੍ਹੀਏ ਸਰਦਾਰ ਦੇ ਹਥਿਆਰ, ਭਾਰਤੀ ਸੁਤੰਤਰਤਾ ਘੋਲ ਤੇ ਰਾਮਗੜ੍ਹੀਏ, ਕੂਕਾ ਲਹਿਰ, ਦੇਸ਼ ਵੰਡ ਦਾ ਘੱਲੂਘਾਰਾ, ਵੀਹਵੀਂ ਸਦੀ ਦਾ ਰਾਮਗੜ੍ਹੀਆ ਐਸਵਰਯ, ਰਾਮਗੜ੍ਹੀਏ ਕਾਰਖਾਨੇਦਾਰ, ਰਾਮਗੜ੍ਹੀਆ ਇਸਤਰੀ ਸੰਸਾਰ, ਵੀਹਵੀਂ ਸਦੀ ਦਾ ਰਾਮਗੜ੍ਹੀਆ ਅੰਦੋਲਨ, ਰਾਮਗੜ੍ਹੀਆ ਸਭਾਵਾਂ ਦਾ ਜਾਲ, ਰਾਮਗੜ੍ਹੀਆ ਅੰਦੋਲਨ, ਪ੍ਰਦੇਸ਼ਾਂ ਵਿਚ ਰਾਮਗੜ੍ਹੀਆ ਵਿਦਿਅਕ ਆਸ਼ਰਮ, ਰਾਮਗੜ੍ਹੀਆ ਪਦ ਦੀ ਭਾਈਚਾਰਕ ਵਿਸ਼ੇਸ਼ਤਾ, ਰਾਮਗੜ੍ਹੀਆਂ ਦੀ ਜੱਦ, ਗੋਤਾਂ ਦਾ ਨਿਰਨਾ, ਸਾਡੇ ਜ਼ਮਾਨੇ ਦੇ ਅੰਕੜੇ ਰਾਮਗੜ੍ਹੀਆ ਬਾਰੇ ਸਰਕਾਰੀ ਹਵਾਲੇ, ਰਾਮਗੜ੍ਹੀਏ ਕਾਸ਼ਤਕਾਰ-ਰਾਜਸੀ ਘੋਲ, ਵਰਣ-ਵਿਵਸਥਾ ਅਤੇ ਲਾਰਡ ਵੈਲਜ਼ਲੀ ਤੇ ਜੱਸਾ ਸਿੰਘ ਰਾਮਗੜ੍ਹੀਆ।
ਮਿਸਟਰ ਜੇ. ਡੀ. ਕਨਿੰਘਮ ਅਨੁਸਾਰ-‘ਮਾਝੇ ਵਿਚ ਪਹਿਲੋਂ ਤਾਕਤ ਫੜਨ ਵਾਲੇ ਰਾਮਗੜ੍ਹੀਏ ਸਰਦਾਰ ਸਨ। ਸਰ ਲੈਪਲ ਗਰਿਫਨ ਲਿਖਦਾ ਹੈ ਕਿ ਸਿੱਖ ਮਿਸਲਾਂ ਵਿਚੋਂ ਰਾਮਗੜ੍ਹੀਆ ਮਿਸਲ ਸਭ ਤੋਂ ਤਾਕਤ ਵਾਲੀ ਸੀ। ਲੇਖਕ ਨੇ ਪੁਰਾਤਨ ਇਤਿਹਾਸ ਵਿਚੋਂ ਤੱਥ ਨਿਖਾਰ ਕੇ ਪੇਸ਼ ਕੀਤੇ ਹਨ।
ਗਿਆਨੀ ਗਿਆਨ ਸਿੰਘ ਲਿਖਦੇ ਹਨ-
ਪੰਥ ਖਾਲਸੇ ਜੇਤਕ ਜੰਗ।
ਤੇ ਤੁਰਕਨ ਸੇ ਕਰੇ ਨਿਸੰਗ॥
ਇਹ ਭੀ ਸਦਾ ਪੰਥ ਸੰਗ ਰਹੇ।
ਦੁਖ ਸੁੱਖ ਗੁਰ ਭਾਈਅਨ ਸੇ ਸਹੇ ॥
ਜਬ ਮਿਸਲੇਂ ਸਿੰਘਨ ਕੀ ਭਈ।
ਤਬੈ ਮਿਸਲ ਇਨ ਭੀ ਨਿਜ ਲਈ॥
‘ਵੀਹਵੀਂ ਸਦੀ ਦਾ ਰਾਮਗੜ੍ਹੀਆ ਐਸ਼ਵਰਯ’ ਵਿਚ ਲੇਖਕ ਨੇ ਰਾਮਗੜ੍ਹੀਆ ਸਿੱਖਾਂ ਦੇ ਵਜ਼ੀਰ, ਐਮ.ਐਲ.ਏ. ਚੋਣ ਘੋਲ, ਕਾਰਪੋਰੇਸ਼ਨ ਮੈਂਬਰੀਆ, ਐਲਡਰੇਟ, ਮਿਉਨਸੀਪਲ ਪ੍ਰਧਾਨ ਤੇ ਮੈਂਬਰਾਨ, ਸਰ ਦਾ ਖਤਾਬ ਪ੍ਰਾਪਤ ਕਰਨ ਵਾਲੇ, ਸੀ. ਐਮ. ਆਈ. ਐਮ. ਬੀ. ਈ., ਐਮ. ਵੀ. ਓ. ਸਰਦਾਰ ਬਹਾਦਰਾਂ, ਚੀਫ਼ ਇੰਜੀਨੀਅਰਾਂ, ਰਾਏ ਬਹਾਦਰ, ਰਾਏ ਸਾਹਿਬ, ਸਰਦਾਰ ਸਾਹਿਬ, ਪੀ. ਸੀ. ਐਮ., ਪੀ. ਏ. ਐਸ. ਵੱਡੇ ਅਫਸਰ, ਰੈਕਰੂਟਿੰਗ ਅਫਸਰ, ਹਾਲ, ਗੁਰਦੁਆਰੇ ਤੇ ਧਰਮਸ਼ਾਲਾਵਾਂ, ਪੰਚਾਂ ਸਰਪੰਚਾਂ ਦੀ ਸੂਚੀ, ਰਾਮਗੜ੍ਹੀਏ ਉਪਦੇਸ਼ਕ, ਅਖਬਾਰਾਂ, ਕਵੀ ਤੇ ਜਰਨਾਲਿਸਟ, ਕਲਾਕਾਰ, ਕਾਰਖਾਨੇਦਾਰ ਤੇ ਹੋਰ ਵੱਡੇ ਕੌਮੀ ਵਰਕਰਾਂ ਦੀਆਂ ਵਿਸਥਾਰਮਈ ਸੂਚੀਆਂ ਦਿੱਤੀਆਂ ਹਨ ਜੋ ਲੇਖਕ ਦੀ ਨਿਰੰਤਰ ਸਾਧਨਾ ਤੇ ਮਿਹਨਤ ਦੀ ਗਵਾਹੀ ਭਰਦੀਆਂ ਹਨ। ਲੇਖਕ ਨੇ ਰਾਮਗੜ੍ਹੀਆਂ ਦੇ ਸਬੰਧ ਵਿਚ ਜਾਰੀ ਹੋਏ ਸਰਕਾਰੀ ਸਰਕੂਲਰਾਂ (ਗਜ਼ਟ ਨੋਟੀਫੀਕੇਸ਼ਨਜ਼) ਦਾ ਵੀ ਵੇਰਵਾ ਦਿੱਤਾ ਹੈ।
ਇਸ ਦੁਰਲੱਭ ਪੁਸਤਕ ਦਾ ਮਹੱਤਵਪੂਰਨ ਅੰਗ ਇਸ ਵਿਚ ਸ਼ਾਮਲ ਤਸਵੀਰਾਂ ਹਨ। ਸਭ ਤੋਂ ਪਹਿਲੀ ਉਚੇਚੀ ਖਿੱਚੀ, ਹੋਈ ਗਰੁੱਪ ਫੋਟੋ ਵਿਚ 60 ਕੁ ਰਾਮਗੜ੍ਹੀਏ ਸਰਦਾਰ ਹਨ ਜਿਸਦੀ ਇਬਾਰਤ (ਕੈਪਸ਼ਨ) ਇਸ ਤਰ੍ਹਾਂ ‘ਵੀਹਵੀਂ ਸਦੀ ਦੇ ਰਾਮਗੜ੍ਹੀਏ ਅੰਦੋਲਨ ਦੇ ਮੋਢੀ, ਰਾਮਗੜ੍ਹੀਆ ਸਭਾ ਸ਼ਿਮਲਾ ਦੇ ਮੈਂਬਰ 1921 ਈ. ਜਿਨ੍ਹਾਂ ਨੇ ਖਾਸ ਕਰਕੇ ਸ੍ਰ. ਰਾਮ ਸਿੰਘ ਚੀਫ ਡਰਾਫਟਸਮੈਨ ਤੋਂ ਕਰਤਾ ਨੇ ਸੇਵਾ ਦੀ ਪਹਿਲੀ ਸੰਥਾ ਲਈ। ਰਾਮਗੜ੍ਹੀਆ ਬੁੰਗਾ, ਮਹਾਰਾਜ ਰਾਮ ਸਿੰਘ ਜੀ ਨਾਮਧਾਰੀ ਤੇ ਰਾਮਗੜ੍ਹੀਆਂ ਦੀ ਰਾਜਸੀ ਤਾਕਤ ਨੂੰ ਬਹਾਲ ਕਰਨ ਵਾਲੇ, ਸ੍ਰ. ਇੰਦਰ ਸਿੰਘ ਐਮ. ਐਲ. ਏ. ਪੈਪਸੂ ਦੇ ਮਾਲ ਮੰਤਰੀ ਗਿਆਨੀ ਜੈਲ ਸਿੰਘ (ਜੋ ਰਾਸ਼ਟਰਪਤੀ ਬਣੇ) ਤੇ ਸ੍ਰ. ਮੋਹਨ ਸਿੰਘ (ਆਸਾਮ ਕੋਮਲ) ਦੀਆਂ ਤਸਵੀਰਾਂ ਬਹੁਤ ਮਹੱਤਵਪੂਰਨ ਹਨ। ਨੈਰੋਬੀ ਮਿਉਂਸੀਪਲ ਕਾਰਪੋਰੇਸ਼ਨ ਦੇ ਮੈਂਬਰਾਂ, ਰਾਮਗੜ੍ਹੀਆ ਸਭਾ ਕੰਪਾਲਾ ਦੇ ਪ੍ਰਧਾਨ ਮੇਹਰ ਸਿੰਘ ਪਨੇਸਰ ਅਤੇ ਬਿਸ਼ਨ ਸਿੰਘ ਇੰਜੀਨੀਅਰ ਕੁਵੈਤ ਦੀਆਂ ਤਸਵੀਰਾਂ ਪੁਸਤਕ ਦੀ ਮਹੱਤਤਾ ਵਧਾਉਂਦੀਆਂ ਹਨ। ਰਾਮਗੜ੍ਹੀਆ ਮੈਨਥਨਜ਼ ਨੈਰੋਬੀ ਦਾ ਨੀਂਹ ਪੱਥਰ ਰੱਖਣ ਸਮੇਂ ਖਿਚੀ ਗਈ ਗਰੁੱਪ ਫੋਟੋ ਵਿਚ ਵਿਖਾਈ ਦੇ ਰਹੇ ਸਾਰੇ ਮੈਂਬਰ ਸਚਮੁਚ ਕੌਮ ਦੇ ਉਸਰਈਆਂ ਵਜੋਂ ਨਜ਼ਰ ਆ ਰਹੇ ਹਨ। ਮੋਹਨ ਸਿੰਘ ਹਦੀਆਬਾਦ ਤੇ ਮੇਲਾ ਸਿੰਘ ਭੋਗਲ ਦੀਆਂ ਤਸਵੀਰਾਂ ਯਾਦਗਾਰੀ ਹਨ ਜਿਨ੍ਹਾਂ ਨੇ ਰਾਮਗੜ੍ਹੀਆ ਕਾਲਿਜ ਫਗਵਾੜਾ ਨੂੰ ਹੋਂਦ ਵਿਚ ਲਿਆਂਦਾ।
ਰਾਮਗੜ੍ਹੀਆ ਇੰਡਸਟਰੀਅਲ ਹਾਈ ਸਕੂਲ ਲੁਧਿਆਣਾ ਤੇ ਰਾਮਗੜ੍ਹੀਆ ਹਾਈ ਸਕੂਲ ਅੰਮ੍ਰਿਤਸਰ ਦੇ ਮੋਢੀਆਂ ਦਾ ਤਸਵੀਰਾਂ ਸਹਿਤ ਇਤਿਹਾਸ ਸੰਭਾਲਣਾ ਸ਼ਲਾਘਾਯੋਗ ਯਤਨ ਹੈ। ਦੇਸ਼ ਦੀ ਵੰਡ ਸਮੇਂ ਹੋਏ ਵੱਡੇ ਘੱਲੂਘਾਰੇ ਦੌਰਾਨ ਬਹੁਤ ਸਾਰੇ ਰਾਮਗੜ੍ਹੀਆ ਸੂਰਬੀਰ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਮਾਲ ਜਾਨ ਦੀ ਰੱਖਿਆ ਕੀਤੀ। ਉਸ ਸਮੇਂ ਦੇ ਮਿਉਂਸੀਪਲ ਪ੍ਰਧਾਨ ਧਰਮ ਸਿੰਘ (ਇੰਜੀਨੀਅਰ) ਨੇ ਉਜੜੇ ਪੁਜੜੇ ਲੋਕਾਂ ਦੀ ਅਣਥਕ ਸੇਵਾ ਕੀਤੀ। ਲੇਖਕ ਅਨੁਸਾਰ……‘ਅੰਮ੍ਰਿਤਸਰ ਦਾ ਜੋ ਕੁਝ ਬਚਿਆ ਹੈ, ਉਹ ਇਸ ਜਵਾਂ ਮਰਦ (ਧਰਮ ਸਿੰਘ ਇੰਜੀਨੀਅਰ) ਦਾ ਸਦਕਾ ਹੈ। ਇਹ ਸੱਚ ਹੈ ਕਿ ਰਾਮਗੜ੍ਹੀਆ ਸਭਾ ਸ਼ਿਮਲਾ ਅਤੇ ਰਾਮਗੜ੍ਹੀਆ ਸਭਾ ਅੰਮ੍ਰਿਤਸਰ ਨੇ ਹਰ ਚੀਖ ਨਾਲ ਚੀਖ ਮਾਰੀ ਤੇ ਹਰ ਆਹ ਦੀ ਆਹ ਭਰ ਕੇ ਹਮਦਰਦੀ ਕੀਤੀ।
ਗੱਲ ਕੀ ਇਹ ਪੁਸਤਕ ਰਾਮਗੜੀਆ ਜਗਤ ਦਾ ਇਕ ਵਿਸ਼ਵਕੋਸ਼ ਹੈ ਜਿਸ ਵਿਚ ਹਰ ਤਰ੍ਹਾਂ ਦੇ ਵੇਰਵੇ ਨਾਵਾਂ-ਥਾਵਾਂ ਤਸਵੀਰਾਂ ਸਮੇਤ ਦਿੱਤੇ ਹੋਏ ਹਨ। ਆਪਣੇ ਵੱਡੇ ਵਡੇਰਿਆਂ ਦੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਯਾਦ ਰੱਖਣਾ ਸੱਚੇ ਵਾਰਿਸ ਹੋਣ ਦੀ ਨਿਸ਼ਾਨੀ ਹੈ ਕਿਉਂਕਿ ਅਸੀਂ ਅੱਜ ਜੋ ਕੁਝ ਹਾਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹਾਂ। ਅਜਿਹਾ ਇਤਿਹਾਸ ਲਿਖਣਾ ਤੇ ਸੰਭਾਲਣਾ ਸਾਡਾ ਜਾਤੀ ਅਤੇ ਕੌਮੀ ਫਰਜ਼ ਹੈ।

- ਚੇਤਨ ਸਿੰਘ
ਡਾਇਰੈਕਟਰ ਭਾਸ਼ਾ ਵਿਭਾਗ(ਰਿਟਾ.)