ਵਿਕਾਸ ਵਿਚ ਵਿਨਾਸ਼ ਦੋ ਖੋਰਾ

ਖੋਰਾ

ਡਾ. ਧਰਮਪਾਲ ਸਾਹਿਲ

ਚੇਤਨਾ ਪ੍ਰਕਾਸ਼ਨ

ਲੁਧਿਆਣਾ | ਕੀਮਤ 350 ਰੁਪਏ।

ਡਾ. ਧਰਮਪਾਲ ਸਾਹਿਲ ਹਿੰਦੀ ਤੇ ਪੰਜਾਬੀ ਸਾਹਿਤ ਵਿੱਚ ਇੱਕ ਮਕਬੂਲ ਨਾਂ ਹੈ। ਓਹਨਾਂ ਦੋਹਾਂ ਭਾਸ਼ਾਵਾਂ ਵਿੱਚ ਵੱਖੋ ਵੱਖ ਵਿਧਾਵਾਂ ਵਿੱਚ ਉੱਤਮ ਸਾਹਿਤ ਦੀ ਰਚਨਾ ਕੀਤੀ ਹੈ। ਭਾਵੇਂ ਨਾਵਲ ਹੋਵੇ ਜਾਂ ਕਹਾਣੀ, ਮਿੰਨੀ ਕਹਾਣੀ ਹੋਵੇ ਜਾਂ ਮਿੰਨੀ ਕਵਿਤਾ, ਯਾਤਰਾ ਸੰਸਮਰਣ ਜਾਂ ਬਾਲ ਸਾਹਿਤ, ਕੋਸ਼ਕਾਰੀ ਜਾਂ ਕੰਢੀ ਖੇਤਰ ਤੇ ਭਾਸ਼ਾ ਉਪਰ ਖੋਜਪੂਰਨ ਲੇਖ, ਹਰ ਵਿਧਾ ਵਿਚ ਓਹਨਾਂ ਪੂਰੀ ਲਗਨ ਤੇ ਸਮਰਪਣ ਨਾਲ ਇਨਸਾਫ਼ ਕੀਤਾ ਹੈ।

ਜੇਕਰ ਓਹਨਾਂ ਦੇ ਕੰਢੀ ਖੇਤਰ ਨਾਲ ਸੰਬੰਧਤ ਸਾਹਿਤ ਤੇ ਝਾਤ ਮਾਰੀਏ ਤਾਂ ਇਹ ‘ਕੰਢੀ ਦਾ ਜੁਗਨੂੰ’ ‘ਕੰਢੀ ਦਾ ਚਾਨਣ ਮੁਨਾਰਾ’ ਬਣਦਾ ਦਿਖਾਈ ਦਿੰਦਾ ਹੈ ਕਿਉਂਕਿ ਪੰਜਾਬੀ ਵਿੱਚ ਆਂਚਲਿਕ ਸਾਹਿਤ ਦੀ ਰਚਨਾ ਬਹੁਤ ਘੱਟ ਹੋਈ ਹੈ। ਜੇ ਦੇਖਿਆ ਜਾਵੇ ਤਾਂ ਇਹਨਾਂ ਦੀ ਤੁਲਨਾ ਅੰਗਰੇਜ਼ੀ ਦੇ ‘ਥਾਮਸ ਹਾਰਡੀ,’ ਹਿੰਦੀ ਦੇ ‘ਫਨੀਸ਼ਵਰ ਨਾਥ ਰੇਨੂੰ ‘ਤੇ ਪੰਜਾਬੀ ਦੇ ‘ਗੁਰਦਿਆਲ ਸਿੰਘ’ ਨਾਲ ਕੀਤੀ ਜਾ ਸਕਦੀ ਹੈ ।

ਬੇਸ਼ੱਕ ਮੈਂ ਓਹਨਾਂ ਦੇ ਹਿੰਦੀ ਤੇ ਪੰਜਾਬੀ ਵਿੱਚ ਲਿਖੇ ਕੰਢੀ ਖੇਤਰ ਨਾਲ ਸਬੰਧਤ ਨਾਵਲ ਪੜ੍ਹੇ ਹਨ ਪਰ ‘ਖੋਰਾ’ ਓਹਨਾਂ ਨਾਵਲਾਂ ਤੋਂ ਵੱਖਰਾ ਹੈ ਕਿਉਂਕਿ ਉਹ ਨਾਵਲ ਇੱਕ ਪਾਤਰ ਜਾਂ ਕੰਢੀ ਖੇਤਰ ਦੀ ਇਕ ਵਸਤੂ ਨੂੰ ਕੇਂਦਰਿਤ ਕਰਕੇ ਲਿਖੇ ਗਏ ਸਨ ਤੇ ਓਹਨਾਂ ਦੇ ਜ਼ਰੀਏ ਭਾਸ਼ਾ ਤੇ ਸੱਭਿਆਚਾਰ ਦੀ ਗੱਲ ਅੱਗੇ ਵਧਦੀ ਸੀ ਪਰ ਇਸ ਨਾਵਲ ਵਿੱਚ ਕੰਢੀ ਖੇਤਰ ਦੀ ਸੱਭਿਅਤਾ ਤੇ ਮਾਨਸਿਕਤਾ ਨੂੰ ਖੋਰਾ ਲੱਗਣ ਦੀ ਗੱਲ ਕੀਤੀ ਗਈ ਹੈ। ਜਿੱਥੇ ਮਨੁੱਖ ਦੇ ਦਿਮਾਗ ਨੇ ਉਸਨੂੰ ਪੱਥਰ ਯੁੱਗ ਤੋਂ ਕੰਪਿਊਟਰ ਯੁੱਗ ਵਿਚ ਲੈ ਆਉਂਦਾ ਹੈ ਓਥੇ ਮਨੁੱਖ ਤੋਂ ਮਨੁੱਖ ਦੀ ਨੇੜਤਾ, ਆਪਸੀ ਪਿਆਰ ਤੇ ਭਾਈਚਾਰਾ ਅਤੇ ਕਾਦਰ ਦੀ ਕੁਦਰਤ ਨੂੰ ਖੋਰਾ ਲੱਗਿਆ ਹੈ। ਇਹ ਵਿਕਾਸ ਨਾਲ ਵੱਡਾ ਵਿਨਾਸ਼ ਹੋਇਆ ਹੈ।

ਨਾਵਲ ਦਾ ਆਰੰਭ ਵਰਤਮਾਨ ਸਮੇਂ ਵਿੱਚ ਕਰਦੇ ਹੋਏ ਲੇਖਕ ਨੇ ਸ਼ਹਿਰਾਂ ਵਿੱਚ ਪ੍ਰਵਾਸ ਕਾਰਣ ਉਜਾੜ ਹੋਏ ਵਿਹੜਿਆਂ ਦਾ ਜੋ ਵਰਨਣ ਕੀਤਾ ਹੈ ਉਸ ਨਾਲ ਰੂਹ ਕੰਬ ਜਾਂਦੀ ਹੈ, ਪਰੰਤੂ ਜਦੋਂ ਉਹ ਅਤੀਤ ਦੇ ਸਫ਼ੇ ਖੋਲਦਾ ਹੈ ਤਾਂ ਉਸਦੀ ਕਲਪਨਾ ਤੇ ਲਿਖਤ ਦੀ ਸ਼ਿਲਪ ਤੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਉਹ ਇੱਕ ਇੱਕ ਘਰ ਦਾ ਨਕਸ਼ਾ ਲਫਜ਼ਾਂ ਵਿੱਚ ਖਿੱਚਦਾ ਹੈ। ਇੱਕ ਇੱਕ ਘਰ ਦੇ ਜੀਆਂ ਦੀ ਤਫ਼ਸੀਲ ਤੇ ਰਹਿਣ ਸਹਿਣ ਜਮੀਨ ਜਾਇਦਾਦ ਤੇ ਹੋਰ ਪਹਿਲੂਆਂ ਨੂੰ ਲਿਖਦਾ ਹੈ ਕਿ ਇੰਝ ਜਾਪਦਾ ਹੈ ਕਿ ਜਿਹਨ ਵਿੱਚ ਇਹ ਬਸਤੀ ਵੱਸ ਗਈ ਹੋਵੇ। ਲੇਖਕ ਸੱਚ ਹੀ ਤਾਂ ਲਿਖਦਾ ਹੈ ਕਿ ਖੰਡਰਾਂ ਦੀ ਉਮਰ ਮਹਿਲਾਂ ਨਾਲੋ ਲੰਮੀ ਹੁੰਦੀ ਹੈ ‘ਤੇ ਇਹ ਯੂ ਆਕਾਰ ਵਿਹੜੇ ਦੇ ਖੇਡਰ ਪਾਠਕ ਦੇ ਮਨ ਵਿੱਚ ਵਸ ਜਾਂਦੇ ਹਨ।

ਇਸ ਨਾਵਲ ਨੂੰ ਪਾਠਕ ਕੇਵਲ ਪੜ੍ਹਦਾ ਹੀ ਨਹੀਂ ਬਲਕਿ ਇਸਦਾ ਹਿੱਸਾ ਬਣ ਜਾਂਦਾ ਹੈ। ਲੇਖਕ ਨੇ ਉਸ ਵਾਦੀ ਦੀ ਭੂਗੋਲਿਕ ਦਸ਼ਾ, ਫਸਲਾਂ, ਬਨਸਪਤੀ, ਪਾਣੀ ਦੇ ਸ੍ਰੋਤ, ਰੁੱਖਾਂ ਅਤੇ ਇਹਨਾਂ ਤੇ ਸ਼ੈਲੀ ਤੇ ਜੀਵਨ ਦੀਆਂ ਮੁਸ਼ਕਿਲਾਂ ਤੋਂ ਇਲਾਵਾ, ਉੱਥੋਂ ਦੇ ਲੋਕਾਂ ਦੀਆਂ ਮਾਨਸਿਕ ਪਰਤਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਪਾਠਕ ਦੇ ਮਨ ਵਿਚ ਸ਼ਬਦ ਚਿੱਤਰ ਇਸ ਤਰ੍ਹਾਂ ਉਭਰਦੇ ਹਨ ਕਿ ਉਹ ਮਾਨਸਿਕ ਰੂਪ ਵਿੱਚ ਕਥਾਨਕ ਦੇ ਨਾਲ ਜੁੜ ਕੇ ਇੰਜ ਮਹਿਸੂਸ ਕਰਦਾ ਹੈ ਕਿ ਇਹ ਸਭ ਕੁਝ ਉਸ ਨਾਲ ਵਾਪਰ ਰਿਹਾ ਹੋਵੇ ਤੇ ਉਹ ਆਪਣੇ ਸਾਮਣੇ ਘਟਨਾਵਾਂ ਹੁੰਦਿਆਂ ਦੇਖ ਰਿਹਾ ਹੋਵੇ। ਇਸ ਤਰ੍ਹਾਂ ਉਹ ਖੁਦ ਨੂੰ ਨਾਵਲ ਦਾ ਹਿੱਸਾ ਬਣਿਆ ਮਹਿਸੂਸ ਕਰਦਾ ਹੈ।

ਨਾਵਲ ਦਾ ਕਥਾਨਕ ਨਰੋਤਮ, ਉਸਦੇ ਉਸਦੇ ਪਰਿਵਾਰ ‘ਚੋਂ ਉਸਦੀ ਨੂੰਹ ਦੇਵਕੀ, ਪੋਤਰੇ ਬਿਰਜੂ, ਰਾਣੀ ਦਾਈ ਦੀ ਪੁੱਤਰੀ ਬਾਲੋਂ ਦੁਆਲੇ ਘੁੰਮਦੀ ਹੈ। ਬਿਰਜੂ ਦੇ ਜਨਮ ਸਮੇਂ ਇਲਾਕੇ ਦਾ ਦੀਆਂ ਪੀੜਾਂ ਤੇ ਹੋਰ ਮਾਨਤਾਵਾਂ ਦਾ ਵਰਨਣ ਲੇਖਕ ਨੇ ਬਾਖੂਬੀ ਚਿਤਰਿਆ ਹੈ। ਜਿਸ ਤਰ੍ਹਾਂ ਹਸਪਤਾਲ ਵਿੱਚ ਓਪਰੇਸ਼ਨ ਦੀ ਤਿਆਰੀ ਦੌਰਾਨ ਉਹ ਬਿਰਜੂ ਨੂੰ ਆਮ ਢੰਗ ਨਾਲ ਪੈਦਾ ਕਰਾਉਣ ਦਾ ਵਰਨਣ ਹੈ ਤਾਂ ਇਜ ਜਾਪਦਾ ਹੈ ਕਿ ਲੇਖਕ ਇਕ ਟ੍ਰੇਨਿੰਗ ਪ੍ਰਾਪਤ ਦਾਈ ਹੋਵੇ। ਇੱਥੇ ਲੇਖਕ ਜਨਮ ਸਮੇਂ ਦੀਆਂ ਰਸਮਾਂ ਖੁਸ਼ੀ ਦੇ ਗੀਤ, ਅਸ਼ੀਰਵਾਦ ਆਦਿ ਦਾ ਖ਼ੂਬਸੂਰਤ ਵਰਨਣ ਕਰਦਾ ਹੈ ਜੋਂ ਕੰਢੀ ਖੇਤਰ ਨੂੰ ਸਜੀਵ ਕਰਦਾ ਹੈ। ਇਸ ਤੋਂ ਇਲਾਵਾ ਮੁੰਡਣ, ਵਿਆਹ ਆਦਿ ਦੀਆਂ ਰਸਮਾਂ ਤੇ ਗਾਏ ਜਾਣ ਵਾਲੇ ਗੀਤਾਂ ਦੇ ਨਾਲ ਭਾਈਚਾਰੇ ਦੀ ਸ਼ਮੂਲੀਅਤ ਰਾਹੀਂ ਕੰਢੀ ਖੇਤਰ ਦੀ ਸੱਭਿਅਤਾ ਤੇ ਸੱਭਿਆਚਾਰ ਨੂੰ ਵੀ ਪਾਠਕ ਦੇ ਰੂਬਰੂ ਕਰਦਾ ਹੈ। ਛੋਟੇ ਛੋਟੇ ਜਿਹੇ ਵਰਨਣ ਜਿਵੇਂ ਰੇਡੀਓ ਤੇ ਭੈਣਾਂ ਦਾ ਪ੍ਰੋਗਰਾਮ ਸੁਣਨ ਲਈ ਇਕੱਠੇ ਹੋਣਾ, ਪਾਣੀ ਭਰਨ ਇੱਕਠੇ ਜਾਣਾ ਤੇ ਸੁੱਖ ਦੁੱਖ ਕਰਨਾ ਔਕੜਾਂ ਦੇ ਬਾਵਜੂਦ ਖੁਸ਼ ਰਹਿਣਾ, ਧੀਆਂ ਭੈਣਾਂ ਨੂੰ ਇੱਜਤ ਦੇਣਾ, ਓਹਨਾਂ ਨੂੰ ਮਨੁੱਖ ਤੋਂ ਡਰ ਨਾ ਹੋਣਾ ਜੰਗਲੀ ਜਾਨਵਰਾਂ ਦਾ ਡਰ ਭਾਵੇਂ ਹੋਵੇ ਬਹੁਤ ਕੁਝ ਅਜਿਹਾ ਹੈ ਜੋ ਸ਼ਹਿਰੀ ਜੀਵਨ ਦੀ ਭੇਂਟ ਚੜ ਗਿਆ ਹੈ।

        ਲੇਖਕ ਦਾ ਮੂਲ ਉਦੇਸ਼ ਇਸ ਨਾਵਲ ਰਾਹੀਂ ਇਸ ਸੰਦੇਸ਼  ਦੇਣਾ ਹੈ ਕਿ ਭੌਤਿਕ ਤਰੱਕੀ ਵਿੱਚ ਅਸੀਂ ਮਨੁੱਖੀ ਭਾਵਨਾਵਾਂ ਤੇ ਕਦਰਾਂ ਕੀਮਤਾਂ ਨੂੰ ਖੋਰਾ ਲਾਇਆ ਹੈ। ਬਾਲੋ ਤੇ ਬਿਰਜੂ ਦਾ ਨਿਰਛਲ ਸਨੇਹ ਕ੍ਰਿਸ਼ਨ ਰਾਧਾ ਦੇ ਆਤਮਿਕ ਪ੍ਰੇਮ ਦੀ ਝਲਕ ਪੇਸ਼ ਕਰਦਾ ਹੈ। ਦੋਹਾਂ ਦੀਆਂ ਬਾਹਾਂ ਇਕੋ ਦਿਨ ਟੁੱਟਣਾ ਤੇ 35 ਸਾਲ ਬਾਅਦ ਬਾਲੋਂ ਦਾ ਬਿਰਜੂ ਦੀਆਂ ਬਾਹਾਂ ਵਿੱਚ ਅੰਤਿਮ ਸਾਹ ਲੈਣਾ ਅਧਿਆਤਮਿਕ ਪ੍ਰੇਮ ਦੀ ਚਰਮ ਸੀਮਾ ਹੈ।

ਨਰੋਤਮ ਤੇ ਉਸਦੇ ਪਰਿਵਾਰ ਦੇ ਰਾਹੀਂ ਲੇਖਕ ਨੇ ਪ੍ਰਵਾਸ ਦੀ ਮਜਬੂਰੀ ਤੇ ਬਜ਼ੁਰਗਾਂ ਦੇ ਆਪਣੀ ਧਰਤੀ ਪ੍ਰਤੀ ਮੋਹ ਕਰਕੇ ਇਕਾਂਤਵਾਸ ਨੂੰ ਦਰਸਾਇਆ ਹੈ। ਵਿਕਾਸ ਦੇ ਨਾਂ ਤੇ ਹੋਈਆਂ ਬੇਨਿਯਮਿਆਂ ਤੇ ਬੇਈਮਾਨੀਆਂ ਦੀ ਪੋਲ ਵੀ ਖੋਲੀ ਹੈ ਜਿਸਦਾ ਸਿਹਰਾ ਨਰੋਤਮ ਦੇ ਸਿਰੜ,  ਸੂਝਬੂਝ ਤੇ ਸਚਾਈ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਜਾਂਦਾ ਹੈ। ਬੇਸ਼ੱਕ ਇਹ ਕੰਢੀ ਖੇਤਰ ਲੜਾਈ ਝਗੜਿਆਂ ਤੋਂ ਮੁਕਤ ਨਹੀਂ ਪਰ ਦੁੱਖ ਦੇ ਸਮੇਂ ਸਭ ਕੁਝ ਭੁੱਲ ਕੇ ਮਦਦ ਕਰਨਾ ਇਹਨਾਂ ਲੋਕਾਂ ਦੀ ਖੂਬੀ ਹੈ ਜਿਵੇਂ ਜਗਮੀਤ ਨਰੋਤਮ ਦੇ ਆਖਰੀ ਸਮੇਂ ਸਹਾਇਤਾ ਕਰਦਾ ਹੈ। ਨਰੋਤਮ ਦੀ ਅੰਤਿਮ ਯਾਤਰਾ ਦਾ ਪ੍ਰਬੰਧ ਸਾਰੇ ਮਿਲਜੁਲ ਕੇ ਕਰਦੇ ਹਨ। ਇੱਥੇ ਲੇਖਕ ਨੇ ਇਸ ਖੇਤਰ ਵਿੱਚ ਅੰਤਿਮ ਰਸਮਾਂ ਦਾ ਜ਼ਿਕਰ ਵੀ ਕੀਤਾ ਹੈ। ਇਸ ਤਰ੍ਹਾਂ ਜਨਮ ਤੋਂ ਲੈਕੇ ਮੌਤ ਤੱਕ ਹਰ ਤਰ੍ਹਾਂ ਦੇ ਸ਼ਗਨ ਤੇ ਰਹੁ ਰੀਤਾਂ ਦਾ ਜਿਕਰ ਇਸ ਨਾਵਲ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਤਰੱਕੀ ਦੇ ਨਾਂ ਤੇ ਬੰਬਾਂ ਨਾਲ ਇਸ ਧਰਤੀ ਦੀ ਖੂਬਸੂਰਤੀ ਤੇ ਕੁਦਰਤੀ ਸੋਮਿਆ ਦਾ ਨੁਕਸਾਨ ਤੇ ਹਿਰਖ ਵੀ ਹੈ।

ਨਾਵਲ ਦੇ ਸਾਰੇ ਵਾਰਤਾਲਾਪ ਕੰਢੀ ਖੇਤਰ ਦੀ ਭਾਸ਼ਾ ਚ ਪੜ੍ਹ ਕੇ ਪਾਠਕ ਆਪਣੇ ਆਪ ਨੂੰ ਇਸ ਖੇਤਰ ਦਾ ਹਿੱਸਾ ਹੀ ਮੰਨਦਾ ਹੈ। ਕਿਤੇ ਕਿਤੇ ਹਿੰਦੀ ਦੇ ਲਫਜ਼ਾਂ ਦਾ ਪ੍ਰ੍ਯੋਗ ਹੈ ਪਰ ਉਹ ਸੁਭਾਵਿਕ ਲਗਦਾ ਹੈ।

ਇਸ ਨਾਵਲ ਦੀ ਵਿਸ਼ਾ ਵਸਤੂ, ਘਟਨਾਵਾਂ ਦੇ ਵਰਣਨ ਨੂੰ ਦਾਰਸ਼ਨਿਕ ਢੰਗ ਨਾਲ ਬੁਣਨਾ, ਕੰਢੀ ਖੇਤਰ ਦੀ ਲੋਕਭਾਸ਼ਾ ਵਿੱਚ ਹਰ ਚੀਜ਼ ਨੂੰ ਬਹੁਤ ਬਰੀਕੀ ਨਾਲ ਪੇਸ਼ ਕਰਦਾ ਇਹ ਨਾਵਲ ਇੱਕ ਉੱਚ ਕੋਟੀ ਦਾ ਆਂਚਲਿਕ ਉਪਨਿਆਸ ਹੈ ਨਿਬੜਿਆ ਹੈ।

ਆਸ ਹੈ ਪਾਠਕ ਇਸਦਾ ਖੁੱਲੇ ਦਿਲ ਨਾਲ ਸਵਾਗਤ ਕਰਨਗੇ ਅਤੇ ਵਧੀਆ ਹੁੰਗਾਰਾ ਦੇਣਗੇ। ਡਾ. ਧਰਮਪਾਲ ਸਾਹਿਲ ਇਸ ਲਈ ਵਧਾਈ ਦੇ ਪਾਤਰ ਹਨ।

- ਪ੍ਰੋਮਿਲਾ ਅਰੋੜਾ

(ਰਿਟਾ. ਪ੍ਰਿੰਸੀਪਲ ਤ੍ਰੈਭਾਸ਼ੀ ਲੇਖਿਕਾ)
ਅਨੁਵਾਦਕ ਤੇ ਸਮਾਜ ਸੇਵਿਕਾ ਕਪੂਰਥਲਾ, (ਪੰਜਾਬ) 9814958386