ਸਰਘੀ ਦਾ ਹਨੇਰਾ
ਅਸੀਂ ਸਭ ਜਾਣਦੇ ਹਾਂ ਕਿ ਸਾਡੇ ਸਮਾਜ ਵਿੱਚ ਸਰਘੀ ਵੇਲੇ ਨੂੰ ਬੜਾ ਪਵਿੱਤਰ ਅਤੇ ਸੁਹਾਵਣਾ ਮੰਨਿਆ ਗਿਆ ਹੈ। ਸ਼ੁਭ ਸਵੇਰ ਦੀ ਆਮਦ ਲੈ ਕੇ ਆਉਣ ਵਾਲਾ ਇਹ ਸਮਾਂ ਖੁਸ਼ੀਆਂ ਚਹਿ ਚਹਾਟ ਅਤੇ ਨਵੀਆਂ ਕਿਰਨਾਂ ਲੈ ਕੇ ਹਰ ਵਿਹੜੇ ਨੂੰ ਰਸ਼ਨਾਉਂਦਾ ਹੈ। ਮੈਨੂੰ ਸ਼ਹਿਰ ਦੀ ਪ੍ਰਸਿੱਧ ਸਾਹਿਤਕ ਜੱਥੇਬੰਦੀ ਵੱਲੋਂ ਪੰਜਾਬੀ ਕਹਾਣੀ ਤੇ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਮਿਲਿਆ ਸੀ। ਮੈਂ ਬੜੇ ਚਾਅ ਨਾਲ ਇਸ ਸਮਾਗਮ ਵਿੱਚ ਸ਼ਾਮਿਲ ਹੋਇਆ ਤਾਂ ਉੱਥੇ ਦੇਖਿਆ ਕਿ ਪੂਰੇ ਪੰਜਾਬ ਭਰ ‘ਚੋਂ ਕਹਾਣੀਕਾਰ, ਪੱਤਰਕਾਰ, ਲੇਖਕ, ਕਵੀ, ਆਲੋਚਕ ਅਤੇ ਸਾਹਿਤਕਾਰ ਬਹੁ ਗਿਣਤੀ ਵਿੱਚ ਪਹੁੰਚੇ ਹੋਏ ਸਨ। ਉਹਨਾਂ ਸਾਹਿਤਕਾਰਾਂ ਵਿੱਚ ਇੱਕ ਇਹੋ ਜਿਹੀ ਮਹਿਲਾ ਸਾਹਿਤਕਾਰ ਵੀ ਸੀ ਜਿਸ ਨੇ ਹੁਣੇ ਹੁਣੇ ਇੱਕ ਵੱਡਾ ਪੁਰਸਕਾਰ ਪ੍ਰਾਪਤ ਕੀਤਾ ਸੀ। ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਉਸ ਤੇ ਇਸ ਕਰਕੇ ਟਿਕੀਆਂ ਹੋਈਆਂ ਸਨ ਕਿ ਉਸ ਨੂੰ ਬਹੁਤ ਵੱਡਾ ਪੁਰਸਕਾਰ ਮਿਲਿਆ ਹੋਇਆ ਹੈ। ਉਸ ਦੀਆਂ ਕੁਝ ਕਹਾਣੀਆਂ ਮੈਂ ਵੀ ਪੜ੍ਹੀਆਂ ਹੋਈਆਂ ਸਨ ਜੋ ਇਸਤਰੀ ਜਗਤ ਨੂੰ ਨਵੇਂ ਸੁਨੇਹੇ ਦਿੰਦੀਆਂ ਹੋਈਆਂ ਊਰਜਾ ਪ੍ਰਧਾਨ ਕਰਦੀਆਂ ਸਨ। ਮੇਰੇ ਅੰਦਰ ਵੀ ਉਸ ਲਈ ਸ਼ਰਧਾ ਤੇ ਸਤਿਕਾਰ ਦਾ ਸਾਗਰ ਠਾਠਾਂ ਮਾਰ ਰਿਹਾ ਸੀ। ਉਹ ਜਿਵੇਂ ਹੀ ਪੰਡਾਲ ਵਿੱਚ ਹਾਜ਼ਰ ਹੋਈ ਤਾਂ ਸਭ ਨੇ ਖੂਬ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ ਪਰ ਉਸ ਨੇ ਇਹਨਾਂ ਤਾੜੀਆਂ ਦਾ ਦਰਸ਼ਕਾਂ ਨੂੰ ਕੋਈ ਜੁਵਾਬ ਨਾ ਦਿੱਤਾ ਸਗੋਂ ਕਿਸੇ ਮਹਾਰਾਣੀ ਵਾਂਗ ਆਪਣੀ ਸੀਟ ਤੇ ਬਿਰਾਜਮਾਨ ਹੋ ਗਈ। ਉਹ ਆਪਣੇ ਭਾਸ਼ਣ ਵਿੱਚ ਬੜੇ ਫ਼ਖ਼ਰ ਨਾਲ ਆਖ ਰਹੀ ਸੀ :- ‘ਮੇਰੇ ਦੁਆਰਾ ਰਚੀ ਜਾ ਰਹੀ ਕਹਾਣੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਕੁਝ ਮੈਂ ਸਿਰਜ ਰਹੀ ਹਾਂ ਉਹ ਅੱਜ ਤੱਕ ਕਿਸੇ ਦੁਆਰਾ ਸਿਰਜਿਆ ਹੀ ਨਹੀਂ ਗਿਆ ਤੇ ਮੈਨੂੰ ਇੰਝ ਵੀ ਲੱਗਦਾ ਹੈ ਕਿ ਅੱਜ ਤੱਕ ਕੋਈ ਅਜਿਹੀ ਕਹਾਣੀ ਸਿਰਜਣ ਦੇ ਸਮਰੱਥ ਵੀ ਨਹੀਂ ਹੋਇਆ। ਇਸ ਲਈ ਮੇਰੀ ਕਲਾ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਸਿਰਫ਼ ਤੇ ਸਿਰਫ਼ ਮੇਰੀ ਹੀ ਕਲਾ ਹੈ’। ਉਸ ਦੀ ਹਉਮੈ ਭਰੇ ਵਿਚਾਰ ਸੁਣ ਕੇ ਦਰਸ਼ਕਾਂ ਵਿੱਚ ਸਨਾਟਾ ਛਾ ਗਿਆ। ਉਸ ਦਾ ਵਿਅਕਤੀਤਵ ਅਤੇ ਵਿਚਾਰ ਉਸ ਦੀ ਰਚਨਾ ਨਾਲ ਮੇਲ ਨਹੀਂ ਸਨ ਖਾ ਰਹੇ। ਜਿਸ ਤੇ ਸਭ ਹੈਰਾਨ ਸਨ।
ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੈਡਲ ਸਾਹਿਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬੀ ਕਹਾਣੀ ਅਤੇ ਸੰਭਾਵਨਾਵਾਂ ਵਿਸ਼ੇ ਤੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਉਸ ਲੇਖਿਕਾ ਦੀ ਖ਼ੂਬ ਸ਼ਲਾਘਾ ਕੀਤੀ । ਸਮਾਗਮ ਸਮਾਪਤ ਹੋਇਆ ਤਾਂ ਬਾਕੀਆਂ ਵਾਂਗ ਅਸੀਂ ਵੀ ਸਮਾਗਮ ਤੋਂ ਬਾਹਰ ਆ ਗਏ। ਮੇਰੇ ਨਾਲ ਗਿਆ ਇੱਕ ਨਵਾਂ ਲੇਖਕ ਆਪਣੀ ਕਹਾਣੀਆਂ ਦੀ ਨਵੀਂ ਛਪੀ ਪੁਸਤਕ ਉਸ ਪੁਰਸਕਾਰ ਜੇਤੂ ਨੂੰ ਭੇਂਟ ਕਰਨੀ ਚਾਹੁੰਦਾ ਸੀ। ਮੈਂ ਉਸ ਨਵੇਂ ਕਹਾਣੀਕਾਰ ਨੂੰ ਇਨਾਮ ਜੇਤੂ ਕਹਾਣੀ ਲੇਖਿਕਾ ਨਾਲ ਮਿਲਾਉਂਦਿਆਂ ਕਿਹਾ, “ਮੈਡਮ ਜੀ ਇਹ ਸਾਡੇ ਇਲਾਕੇ ਦਾ ਉੱਭਰਦਾ ਤੇ ਵਧੀਆ ਕਹਾਣੀਕਾਰ ਹੈ। ਇਹ ਤੁਹਾਨੂੰ ਆਪਣੀ ਨਵੀਂ ਛਪੀ ਪੁਸਤਕ ਭੇਂਟ ਕਰੇਗਾ”। ਉਸ ਲੇਖਿਕਾ ਨੇ ਫੋਟੋ ਖਿਚਵਾਉਣ ਲਈ ਪੁਸਤਕ ਤਾਂ ਫੜ ਲਈ ਪਰ ਉਸਨੇ ਪੁਸਤਕ ਦਾ ਟਾਈਟਲ ਤੱਕ ਵੀ ਨਾ ਦੇਖਿਆ ਅਤੇ ਨਾ ਹੀ ਕਹਾਣੀਕਾਰ ਨੂੰ ਕੋਈ ਸ਼ਾਬਾਸ਼ ਦਿੱਤੀ। ਇਥੋਂ ਤੱਕ ਕਿ ਉਹ ਕੁਝ ਪਲਾਂ ਬਾਅਦ ਹੀ ਸਾਡੇ ਸਾਹਮਣੇ ਹੀ ਉਹ ਪੁਸਤਕ ਟੇਬਲ ਤੇ ਰੱਖ ਕੇ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਈ। ਇਹ ਦ੍ਰਿਸ਼ ਦੇਖ ਕੇ ਮੈਨੂੰ ਇਜ ਮਹਿਸੂਸ ਹੋਇਆ ਕਿ ਜਿਵੇਂ ਨਵੇਂ ਲੇਖਕ ਉੱਪਰ ਸਰਘੀ ਵੇਲੇ ਹੀ ਹਨੇਰਾ ਛਾ ਗਿਆ ਹੋਵੇ।