ਸਾਡੇ ਬੱਚੇ

ਰਮਨਦੀਪ ਜਦੋਂ ਐਤਵਾਰ ਨੂੰ ਫਰਿੱਜ ਸਾਫ ਕਰਨ ਲੱਗੀ ਤਾਂ ਪਿਛਲੇ ਪਾਸੇ ਉਸਦਾ ਹੱਥ ਇੱਕ ਡੱਬੇ ‘ਤੇ ਜਾ ਪਿਆ। ਦੇਖਿਆ ਤਾਂ ਉਸ ਵਿੱਚ ਗੁਲਾਬ ਜਾਮਣ ਸਨ, ਹੈਂਅ! ਐਨੀ ਦੇਰ ਦੇ ਪਏ ਨੇ—? ਉਸ ਸੁੰਘਕੇ ਦੇਖਿਆ, ਖਰਾਬ ਹੋ ਗਏ ਲੱਗਦੇ ਨੇ ਬਿੰਦੂ ਨੂੰ ਕਹਿਕੇ ਬਾਹਰ ਸੁੱਟਵਾਉਣੀ ਆਂ। ਉੱਲੀ ਜਿਹੀ ਵੀ ਲੱਗੀ ਲੱਗਦੀ ਐ!

ਰਮਨਦੀਪ ਨੇ ਭਾਂਡੇ ਮਾਂਜਦੀ ਬਿੰਦੂ ਨੂੰ ਹਦਾਇਤ ਕੀਤੀ, ਐਂ ਕਰੀਂ ਜਾਂਦੀ ਹੋਈ ਇਹ ਡੱਬਾ ਬਾਹਰ ਸੁੱਟ ਦੇਵੀਂ–?

ਕੰਮ ਤੋਂ ਵੇਹਲੀ ਹੁੰਦਿਆਂ ਹੀ ਬਿੰਦੂ ਡੱਬਾ ਲੈ ਕੇ ਚਲੀ ਗਈ।

ਜਦੋਂ ਦੂਸਰੇ ਦਿਨ ਬਿੰਦੂ ਕੰਮ ‘ਤੇ ਆਈ ਤਾਂ ਰਮਨ ਨੇ ਸਰਸਰੀ ਹੀ ਪੁੱਛ ਲਿਆ, ਬਿੰਦੂ ! ਕੱਲ੍ਹ ਡੱਬਾ ਬਾਹਰ ਸੁੱਟ ਦਿੱਤਾ ਸੀ ਨਾ—?

-ਹਾਂ–ਹਾਂ–ਆਂ–ਨਹੀਂ–ਨਹੀਂ ਆਂਟੀ ਜੀ ਉਹ ਤਾਂ ਮੈਂ ਆਪਣੇ ਘਰ ਲੈ ਗਈ ਸੀ–ਬੱਚਿਆਂ ਨੇ ਬੌਤ ਸਵਾਦ ਲੈ ਲੈ ਖਾਧੇ !

-ਬਿੰਦੂ ਤੂੰ ਐਹ ਕੀ ਕੀਤਾ—? ਜੇ ਬੱਚੇ ਬੀਮਾਰ ਹੋ ਗਏ ਤਾਂ—? ਰਮਨ ਨੇ ਚਿੰਤਾ ਜ਼ਾਹਿਰ ਕੀਤੀ।

ਤਾਂ ਇਸ ਦੇ ਇਵਜ਼ ਬਿੰਦੂ ਇਕਦਮ ਬੋਲ ਉਠੀ,ਸਾਡੇ ਬੱਚੇ ਕਿਸੇ ਖਾਣ-ਪੀਣ ਵਾਲੀ ਚੀਜ਼ ਨਾਲ ਬਿਮਾਰ ਨੀਂ ਹੁੰਦੇ ਆਂਟੀ ਜੀ !