ਆਓ ਹਾਸੇ ਲੱਭ ਲਿਆਇਏ

ਹਾਸਾ ਰੂਹ ਦੀ ਖ਼ੁਰਾਕ ਹੈ। ਜ਼ਿੰਦਗੀ ਨੂੰ ਜੇਕਰ ਮਾਨਣਾ ਹੈ ਤਾਂ ਇਸਨੂੰ ਹਾਸੇ ਨਾਲ ਸਿੰਗਾਰਨਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਹਾਸਾ ਇੱਕ ਅਜਿਹਾ ਤੇਲ ਹੈ ਜੋ ਇਨਸਾਨੀ ਸਰੀਰ ਰੂਪੀ ਮਸ਼ੀਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਬਹੁਤ ਜ਼ਰੂਰੀ ਹੈ। ਕਰਮਾਂ ਵਾਲੇ ਹੁੰਦੇ ਨੇ ਉਹ ਘਰ ਜਿਨ੍ਹਾਂ ਘਰਾਂ ਵਿੱਚ ਹਾਸੇ ਗੂੰਜਦੇ ਹਨ। ਹੱਸਦਾ ਚਿਹਰਾ ਆਖਿਰ ਕਿਸਨੂੰ ਪਸੰਦ ਨਹੀਂ? ਖੁਸ਼ਮਿਜ਼ਾਜ ਇਨਸਾਨ ਆਪਣੇ ਹਾਸੇ ਨਾਲ ਆਪਣਾ ਆਲਾ-ਦੁਆਲਾ ਵੀ ਮਹਿਕਾ ਕੇ ਰੱਖਦੇ ਹਨ। ਖੁਸ਼ਮਿਜ਼ਾਜ ਇਨਸਾਨ ਨਾ ਸਿਰਫ਼ ਲੰਬੀ ਉਮਰ ਹੀ ਭੋਗਦੇ ਹਨ ਸਗੋਂ ਦੂਸਰਿਆਂ ਨਾਲੋਂ ਵੱਧ ਸਫ਼ਲ ਵੀ ਹੁੰਦੇ ਹਨ। ਜੋ ਇਨਸਾਨ ਹਾਲਾਤਾਂ ਨਾਲ ਲੜਨਾ ਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਖੁਸ਼ ਰਹਿਣਾ ਸਿੱਖ ਜਾਂਦਾ ਹੈ ਉਸਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ।

ਜੋ ਇਨਸਾਨ ਖ਼ੁਸ਼ ਰਹਿਣ ਦੀ ਕਲਾ ਸਿੱਖ ਲੈਂਦਾ ਹੈ ਉਹ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਦਾ ਹੈ। ਸਾਕਾਰਾਤਮਕ ਸੋਚ ਰੱਖਣ ਵਾਲਾ ਇਨਸਾਨ ਹਰ ਸ਼ੈਅ ਵਿੱਚੋਂ ਖੁਸ਼ੀ ਲੱਭਦਾ ਹੈ ਤੇ ਦੂਸਰੇ ਪਾਸੇ ਨਾਕਾਰਾਤਮਕ ਸੋਚ ਵਾਲਾ ਇਨਸਾਨ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਤੋਂ ਵੀ ਨਾਸ਼ੁਕਰਾ ਹੋ ਜਾਂਦਾ ਹੈ। ਦਿਨ ਵਿਚ ਇੱਕ ਬਾਰ ਵੀ ਜੇਕਰ ਇਨਸਾਨ ਬੇਫ਼ਿਕਰੀ ਨਾਲ ਖੁਲ ਕੇ ਹੱਸ ਲਵੇ ਤਾਂ ਉਸਦਾ ਪੂਰੇ ਦਿਨ ਦਾ ਥਕੇਵਾਂ ਦੂਰ ਹੋ ਜਾਂਦਾ ਹੈ। ਅੱਜਕੱਲ੍ਹ ਦੀ ਤਨਾਉ ਭਰੀ ਜ਼ਿੰਦਗੀ ਵਿੱਚ ਤਾਂ ਹਾਸਾ ਹੋਰ ਵੀ ਜ਼ਰੂਰੀ ਹੈ। ਬਹੁਤ ਸਾਰੇ ਲੋਕ ਜ਼ਿੰਦਗੀ ਭਰ ਗੰਭੀਰਤਾ ਦਾ ਬੋਝ ਹੀ ਢੋਂਹਦੇ ਰਹਿੰਦੇ ਹਨ। ਖਿੜਖਿੜਾ ਕੇ ਹੱਸਣਾ ਤਾਂ ਦੂਰ ਦੀ ਗੱਲ ਉਹ ਮੁਸਕਰਾਉਣਾ ਵੀ ਭੁੱਲ ਜਾਂਦੇ ਹਨ। ਦੂਸਰਿਆਂ ਨੂੰ ਖੁਸ਼ ਕਰਦੇ-ਕਰਦੇ ਕਦੋਂ ਉਹ ਆਪਣੀ ਖ਼ੁਦ ਦੀ ਖੁਸ਼ੀ ਤੋਂ ਮੁਨਕਰ ਹੋ ਜਾਂਦੇ ਹਨ ਉਨ੍ਹਾਂ ਨੂੰ ਆਪ ਵੀ ਪਤਾ ਨਹੀਂ ਚਲਦਾ।

ਉਹ ਇਨਸਾਨ ਜਿਸਨੂੰ ਜ਼ਿੰਦਗੀ ਜਿਊਣੀ ਆ ਜਾਂਦਾ ਹੈ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ‘ਚੋਂ ਹਾਸੇ ਲੱਭ ਲਿਆਉਂਦਾ ਹੈ। ਖੁਸ਼ੀਆਂ, ਖੇੜੇ, ਹਾਸੇ ਇਹ ਜ਼ਿੰਦਗੀ ਦੀ ਉਹ ਕੀਮਤੀ ਸ਼ੈਅ ਹਨ ਜਿਨ੍ਹਾਂ ਨੂੰ ਧਨ ਦੌਲਤ ਨਾਲ ਵੀ ਖ੍ਰੀਦਿਆ ਨਹੀਂ ਜਾ ਸਕਦਾ। ਇਹ ਸਕੂਨ ਵੀ ਉਹ ਅਵਸਥਾ ਹੈ ਜੋ ਇਨਸਾਨ ਦੇ ਅੰਦਰੋਂ ਉਪਜਦੀ ਹੈ। ਇਹ ਹਾਸੇ, ਖੁਸ਼ੀਆਂ, ਖੇੜੇ ਨਾ ਤਾਂ ਖ੍ਰੀਦੇ ਜਾ ਸਕਦੇ ਹਨ ਤੇ ਨਾ ਹੀ ਵੇਚੇ ਜਾ ਸਕਦੇ ਹਨ। ਖੁਸ਼ ਹੋਣ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਸਗੋਂ ਦਿਲਦਾਰ ਹੋਣਾ ਜ਼ਰੂਰੀ ਹੈ। ਇਸੇ ਲਈ ਹਾਸਿਆਂ ਦੀਆਂ ਗੂੰਜਾਂ ਮਹਿਲਾਂ ‘ਚੋਂ ਘੱਟ ਤੇ ਕੁਲੀਆਂ ‘ਚੋਂ ਜ਼ਿਆਦਾ ਸੁਣਾਈ ਦਿੰਦੀਆਂ ਹਨ। ਜ਼ਿੰਦਗੀ ਦਾ ਪੰਧ ਬਹੁਤ ਲੰਮੇਰਾ ਹੁੰਦਾ ਹੈ ਤੇ ਇਹ ਇਨਸਾਨ ਦੇ ਆਪਣਏ ਹੱਥ ਵੱਸ ਹੁੰਦਾ ਹੈ ਕਿ ਉਸਨੇ ਜ਼ਿੰਦਗੀ ਰੋ ਕੇ ਕੱਟਣੀ ਹੈ ਜਾਂ ਚੰਗੇ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਹੱਸ ਕੇ ਗੁਜ਼ਾਰਨੀ ਹੈ।

ਹਰ ਸਮੇਂ ਚਿੰਤਾਵਾਂ ਵਿੱਚ ਘਿਰਿਆ ਮਨੁੱਖ ਜ਼ਿੰਦਗੀ ਨੂੰ ਜਿਊਣਾ ਭੁੱਲ ਜਾਂਦਾ ਹੈ ਜਦਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ। ਜਦੋਂ ਅਸੀਂ ਛੋਟੇ-ਛੋਟੇ ਪਲਾਂ ਨੂੰ ਮਾਨਣਾ ਸਿੱਖਦੇ ਹਾਂ ਤਾਂ ਜ਼ਿੰਦਗੀ ਦੀ ਅਸਲੀ ਪਰਿਭਾਸ਼ਾ ਸਮਝ ਆਉਂਦੀ ਹੈ। ਰੋ ਕੋ ਕੱਟਣ ਦਾ ਨਾਮ ਨਹੀਂ ਸਗੋਂ ਖੁਲ ਕੇ ਜਿਊਣ ਦਾ ਨਾਮ ਜ਼ਿੰਦਗੀ ਹੈ। ਜੋ ਇਨਸਾਨ ਔਖੀ ਤੋਂ ਔਖੀ ਘੜੀ ਵਿੱਚ ਵੀ ਹੱਸਣਾ ਨਹੀਂ ਭੁੱਲਦਾ ਉਹ ਇਨਸਾਨ ਜ਼ਿੰਦਗੀ ਨੂੰ ਅਸਲ ਵਿੱਚ ਮਾਣ ਸਕਦਾ ਹੈ। ਆਪਣੀ ਜ਼ਿੰਦਗੀ ਵਿੱਚ ਈਰਖਾ, ਸਾੜਾ ਤੇ ਨਫ਼ਰਤ ਖ਼ਤਮ ਕਰ ਵੇਖੇ ਜ਼ਿੰਦਗੀ ਫੁੱਲਾਂ ਦੀ ਬਹਾਰ ਲੱਗੇਗੀ। ਜਦੋਂ ਅਸੀਂ ਕਿਸੇ ਨਾਲ ਈਰਖਾ ਕਰਦੇ ਹਾਂ ਕਿਸੇ ਲਈ ਆਪਣੇ ਅੰਦਰ ਨਫ਼ਰਤ ਪਾਲਦੇ ਹਾਂ ਤਾਂ ਅਸੀਂ ਕਿਸੇ ਦੂਸਰੇ ਦਾ ਨਹੀਂ ਸਗੋਂ ਆਪਣਾ ਹੀ ਨੁਕਸਾਨ ਕਰ ਰਹੇ ਹੁੰਦੇ ਹਾਂ ਕਿਉਂਕਿ ਸਿਆਣੇ ਆਖਦੇ ਹਨ ਕਿ ਤੌੜੀ ਸੜ ਕੇ ਆਪਣੇ ਹੀ ਕੰਢੇ ਸਾੜਦੀ ਹੈ।

ਦੂਸਰੇ ਪਾਸੇ ਨਫ਼ਰਤ ਨੂੰ ਛੱਡ ਜੇਕਰ ਅਸੀਂ ਪਿਆਰ ਵੰਡਾਂਗੇ ਤਾਂ ਸਾਡੀ ਆਪਣੀ ਝੋਲੀ ਵੀ ਪ੍ਰਮਾਤਮਾ ਖੁਸ਼ੀਆਂ ਖੇੜਿਆਂ ਨਾਲ ਭਰ ਦੇਵੇਗਾ। ਕੁਦਰਤ ਦਾ ਇੱਕ ਨਿਯਮ ਹੈ ਕਿ ਜੋ ਵੀ ਅਸੀਂ ਉਸਨੂੰ ਦਿੰਦੇ ਹਾਂ ਉਹ ਉਹੀ ਸਾਨੂੰ ਵਾਪਿਸ ਕਰਦੀ ਹੈ। ਸੋ ਜੇਕਰ ਅਸੀਂ ਖੁਸ਼ੀਆਂ ਖੇੜੇ, ਪਿਆਰ, ਮੁਹੱਬਤ ਇਸ ਸਮਾਜ ਵਿੱਚ ਵੰਡਾਂਗੇ ਤਾਂ ਸਾਡੇ ਝੋਲੀ ਵੀ ਹਮੇਸ਼ਾ ਖੁਸ਼ੀਆਂ ਖੇੜਿਆਂ ਨਾਲ ਹੀ ਭਰੀ ਰਹੇਗੀ। ਇਸ ਲਈ ਕੋਸ਼ਿਸ਼ ਕਰੋ ਜਿੱਥੇ ਖੁਸ਼ੀਆਂ ਬਿਖੇਰ ਸਕੋ ਜ਼ਰੂਰ ਬਿਖੇਰੇ, ਹਾਸੇ ਵੰਡ ਸਕੋ ਤਾਂ ਜ਼ਰੂਰ ਵੰਡੋਂ ਕਿਉਂਕਿ ਹੱਸਦਿਆਂ ਦੇ ਹੀ ਘਰ ਵੱਸਦੇ ਹੁੰਦੇ ਹਨ।

- ਜਸਪ੍ਰੀਤ ਕੌਰ ਸੰਘਾ

ਪਿੰਡ ਤਨੂੰਲੀ, ਹੁਸ਼ਿਆਰਪੁਰ।