ਅਜੋਕੇ ਹਾਲਾਤ ਨੇ ਅੰਦਰੋ ਅੰਦਰੀਂ ਖ਼ਤਮ ਕੀਤਾ ਮਨੁੱਖ

ਅੱਜ ਇਨਸਾਨ ਦੇ ਕਦਮ ਚੰਨ ਤੱਕ ਵੀ ਪੁੱਜ ਚੁੱਕੇ ਹਨ। ਹਰਿਆਣੇ ਦੇ ਕਿਸੇ ਜ਼ਿਲ੍ਹੇ ਦੇ ਵਸਨੀਕ ਨੇ ਚੰਨ ਤੇ ਜਗਾਂ ਖਰੀਦ ਲਈ ਹੈ। ਨਵੀਂ ਟੈਕਨੋਲੋਜੀ ਆ ਰਹੀ ਹੈ। ਪੈਸੇ ਦੀ ਹੋੜ ਵੀ ਜਿਆਦਾ ਅੱਜ ਵੱਧ ਚੁੱਕੀ ਹੈ। ਬਸ ਪੈਸਾ ਕਮਾਇਆ ਜਾਣਾ ਚਾਹੀਦਾ ਹੈ ,ਚਾਹੇ ਉਹ ਗਲਤ ਤਰੀਕੇ ਨਾਲ ਹੀ ਕਿਉਂ ਨਾ ਕਮਾਇਆ ਜਾਵੇ। ਪੁਰਾਣੇ ਵੇਲਿਆਂ ਦੀ ਜੇ ਗੱਲ ਕਰੀਏ ਤਾਂ ਐਸ਼ ਆਰਾਮ ਦੇ ਸੀਮਿਤ ਸਾਧਨ ਸਨ। ਪੈਸੇ ਦੀ ਵੀ ਹੋੜ ਜਿਆਦਾ ਨਹੀਂ ਸੀ ਮਿਹਨਤ ਕਰਕੇ ਪੂਰੇ ਪਰਿਵਾਰ ਦਾ ਪੇਟ ਭਰਿਆ ਜਾਂਦਾ ਸੀ ਇੱਕ ਦੂਜੇ ਨੂੰ ਨੀਵਾਂ ਵੀ ਨਹੀਂ ਦਿਖਾਇਆ ਜਾਂਦਾ ਸੀ। ਆਪਸੀ ਪ੍ਰੀਤ ਪਿਆਰ ਬਹੁਤ ਸੀ। ਇੱਕ ਦੂਜੇ ਦਾ ਸਤਿਕਾਰ ਕੀਤਾ ਜਾਂਦਾ ਸੀ। ਲੋੜ ਪੈਣ ਤੇ ਮੁਸੀਬਤ ਵੇਲੇ ਪੈਸੇ ਧੇਲੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀ, ਕਿਸੇ ਨੂੰ ਸੁਣਾਇਆ ਵੀ ਨਹੀਂ ਜਾਂਦਾ ਸੀ। ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਹਾਲ ਚਾਲ ਪੁੱਛਣ ਲਈ ਇੱਕ ਦੂਜੇ ਕੋਲ ਸਮਾਂ ਹੀ ਨਹੀਂ ਹੈ । ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੋਰ ਤਾਂ ਹੋਰ ਜੇ ਕਿਸੇ ਪਰਿਵਾਰ ਵਿੱਚ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਮੋਬਾਇਲ ਤੇ ਹੀ ਦੁੱਖ ਸਾਂਝਾ ਕਰ ਲਿਆ ਜਾਂਦਾ ਹੈ। ਵੇਲਾ ਹੀ ਨਹੀਂ ਰਿਹਾ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ। ਦੇਖੋ ਮੋਬਾਇਲ ਸਾਡੀ ਸੁੱਖ ਸੁਵਿਧਾ ਲਈ ਸੀ ,ਪਰ ਅੱਜ ਮੋਬਾਇਲ ਨੇ ਹੀ ਸਾਨੂੰ ਆਪਣੇ ਨਾਲ ਬੰਨ ਕੇ ਰੱਖ ਦਿੱਤਾ ਹੈ। ਅਸੀਂ ਮੋਬਾਇਲ ਦੇ ਜ਼ਿਆਦਾ ਆਦੀ ਹੋ ਚੁੱਕੇ ਹਨ। ਮੋਬਾਇਲ ਦੇ ਮੁਤਾਬਕ ਹੀ ਅਸੀਂ ਚੱਲ ਰਹੇ ਹਾਂ।

ਪਹਿਲਾਂ ਘਰ ਵਿੱਚ ਬਜ਼ੁਰਗ ਹੁੰਦੇ ਸਨ। ਛੋਟੇ ਬੱਚੇ ਬਜ਼ੁਰਗਾਂ ਕੋਲ ਵੱਧ ਸਮਾਂ ਗੁਜ਼ਾਰਦੇ ਸਨ। ਬਜ਼ੁਰਗ ਉਨਾਂ ਨੂੰ ਬਹੁਤ ਗੱਲਾਂ ਸਿਖਾਉਂਦੇ ਸਨ, ਕਹਾਣੀਆਂ ਸੁਣਾਉਂਦੇ ਸਨ। ਬੱਚੇ ਉਹਨਾਂ ਕੋਲ ਗੱਲਾਂਬਾਤਾਂ ਸੁਣ ਕੇ ਹੀ ਉਹਨਾਂ ਕੋਲ ਹੀ ਸੋ ਜਾਂਦੇ ਸਨ। ਅੱਜ ਮਾਂ ਪਿਓ ਕੋਲ ਬੱਚਿਆਂ ਲਈ ਸਮਾਂ ਹੀ ਨਹੀਂ ਹੈ। ਸਵੇਰੇ ਘਰ ਤੋਂ ਨਿਕਲਦੇ ਹਨ ਸ਼ਾਮ ਨੂੰ ਘਰ ਆ ਕੇ ਵੜਦੇ ਹਨ। ਥੱਕੇ ਟੁੱਟੇ! ਦਿਲ ਕਰਿਆ ਤਾਂ ਰੋਟੀ ਬਣਾ ਲੈਣੀ, ਨਹੀਂ ਤਾਂ ਬਾਹਰ ਤੋਂ ਹੀ ਆਨਲਾਈਨ ਆਰਡਰ ਕਰਕੇ ਮੰਗਵਾ ਲੈਂਦੇ ਹਨ। ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣਨ ਦਾ ਮਾਂ ਬਾਪ ਕੋਲ ਸਮਾਂ ਨਹੀਂ ਹੈ। ਜੇ ਮਾੜਾ ਮੋਟਾ ਸਮਾਂ ਵੀ ਹੁੰਦਾ ਹੈ ਤਾਂ ਅਸੀਂ ਬੱਚਿਆਂ ਨਾਲ ਸਮਾਂ ਨਹੀਂ ਗੁਜ਼ਾਰਦੇ। ਮੋਬਾਈਲ ਉਹਨਾਂ ਨੂੰ ਦੇ ਦਿੰਦੇ ਹਨ। ਬੱਚੇ ਮੋਬਾਇਲਾਂ ਤੇ ਹੀ ਵੱਧ ਸਮਾਂ ਗੁਜ਼ਾਰਦੇ ਹਨ। ਬਾਹਰ, ਮੈਦਾਨ ਵਿੱਚ ਖੇਡਣ ਲਈ ਨਹੀਂ ਜਾਂਦੇ ਹਨ। ਜਿਸ ਕਰਕੇ ਉਹਨਾਂ ਦਾ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ ਸਕੂਲ ਤੋਂ ਆ ਕੇ ਘਰ ਰੋਟੀ ਚਾਹੇ ਮਿਲੇ ਨਾ ਮਿਲੇ ,ਮੇਬਾਇਲ ਤੇ ਹੀ ਗੇਮ ਖੇਡਣੀ ਸ਼ੁਰੂ ਕਰ ਦਿੰਦੇ ਹਨ। ਜਿਸ ਦਾ ਅੱਜ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਰਿਸ਼ਤੇ ਤੱਕ ਮੋਬਾਇਲ ਨੇ ਖਤਮ ਕਰ ਦਿੱਤੇ ਹਨ।

ਸਬਰ, ਸੰਤੋਖ, ਨਿਮਰਤਾ, ਆਪਸੀ ਪ੍ਰੀਤ ਪਿਆਰ ਜਿੰਦਗੀ ਵਿੱਚੋਂ ਖ਼ਤਮ ਹੋ ਚੁੱਕਿਆ ਹੈ। ਮੁਹੱਲੇ ਵਿੱਚ ਜੇ ਕਿਸੇ ਕੋਲ ਵੱਡੀ ਕੋਠੀ ਹੈ, ਦਸ ਕਮਰੇ ਹਨ। ਡਬਲ ਸਟੋਰੀ ਕੋਠੀ ਮਹਿਲ ਵਰਗੀ ਹੈ। ਮੇਰਾ ਸਿੰਗਲ ਫਲੋਰ ਹੈ । ਨਕਾਰਾਤਮਕ ਭਾਵ ਮਨ ਅੰਦਰ ਆਉਂਦੇ ਹਨ। ਸਰੀਰ ਨੂੰ ਮਸ਼ੀਨ ਹੀ ਬਣਾ ਲਿਆ ਹੈ। ਮੇਰੇ ਕੋਲ 4 ਲੱਖ ਦੀ ਗੱਡੀ ਹੈ। ਗੁਆਂਢੀ ਕੋਲ 35 ਲੱਖ ਦੀ ਗੱਡੀ ਹੈ। ਦੇਖਾ ਦੇਖੀ ਵਿੱਚ ਵਿਖਾਵੇ ਦਾ ਰੁਝਾਨ ਇਨਾ ਵੱਧ ਚੁੱਕਿਆ ਹੈ ਕਿ ਕਰਜ਼ਾ ਲੈ ਕੇ ਆਪਣੇ ਦਰਵਾਜ਼ੇ ਅੰਦਰ 40 ਲੱਖ ਦੀ ਗੱਡੀ ਖੜਾ ਰਹੇ ਹਨ ਵੇਲੇ ਸਿਰ ਕਿਸ਼ਤਾਂ ਨਹੀਂ ਭਰੀ ਜਾਂਦੀ, ਫਿਰ ਬੈਂਕ ਆ ਕੇ ਨਿਲਾਮੀ ਕਰਦਾ ਹੈ। ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ। ਛੋਟੇ ਛੋਟੇ ਬੱਚਿਆਂ ਨੂੰ ਟੈਨਸ਼ਨ ਹੋ ਰਹੀ ਹੈ, ਕਿਉਂਕਿ ਬਾਹਰ ਨਿਕਲਦਾ ਨਹੀਂ ਹੈ। ਕਿਸੇ ਨਾਲ ਗੱਲ ਸਾਂਝੀ ਕਰਦਾ ਨਹੀਂ ਹੈ ਮਨ ਵਿੱਚ ਵਜ਼ਨ ਲੈ ਕੇ ਘੁੰਮ ਰਿਹਾ ਹੈ।ਦੇਖੇ ਸਾਨੂੰ ਸਮੇਂ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ।ਅਕਸਰ ਕਿਹਾ ਜਾਂਦਾ ਵੀ ਹੈ ਕਿ ਚਾਦਰ ਦੇਖ ਕੇ ਪੈਰ ਪਸਾਰੋ। ਪਰ ਇਹ ਵੀ ਨਾ ਹੋਵੇ ਕਿ ਤੁਸੀਂ ਦੂਜੇ ਦੀ ਦੇਖਾ ਦੇਖੀ ਵਿੱਚ ਇਨਾ ਕਰਜ਼ਾ ਲੈ ਲਵੋ, ਫਿਰ ਜੇ ਤੁਹਾਨੂੰ ਕੋਈ ਚਾਰਾਂ ਨਾ ਦਿਸੇ ਤੁਸੀਂ ਆਤਮਹੱਤਿਆ ਹੀ ਕਰ ਲਵੋ, ਅਕਸਰ ਅਜਿਹੀਆਂ ਘਟਨਾਵਾਂ ਅਸੀਆਮ ਸੁਣਦੇ ਹਾਂ।

ਸਮਾਂ ਬਹੁਤ ਵਡਮੁੱਲੀ ਦਾਤ ਹੈ। ਭਾਈ ਭੈਣ ਤੁਹਾਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੇ ਹਨ। ਵਿਆਹ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹੋ, ਆਪਣੇ ਬੱਚਿਆਂ ,ਆਪਣੇ ਮਾਂ ਬਾਪ, ਆਪਣੇ ਪਰਿਵਾਰ ਨੂੰ ਸਮਾਂ ਦਵੋ। ਉਹਨਾਂ ਨਾਲ ਹਰ ਗੱਲ ਸਾਂਝੀ ਕਰੋ ,ਜਿੰਨਾ ਹੋ ਸਕੇ ਉਹਨਾਂ ਨਾਲ ਸਮਾਂ ਬਤੀਤ ਕਰੋ ।ਇਕੱਠੇ ਖਾਣਾ ਖਾਓ ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ ਇਹਨਾਂ ਨਾਲ ਗੱਲਾਂ ਸਾਂਝੀਆਂ ਕਰੋ। ਅੱਜ ਬਜ਼ੁਰਗ ਆਪਣਾ ਸਮਾਂ ਬਿਰਧ ਆਸ਼ਰਮਾ ਵਿੱਚ ਬਿਤਾ ਰਹੇ ਹਨ। ਇਹ ਸਾਡੀ ਤਰਾਸ਼ਦੀ ਹੈ। ਜੰਕ ਫੂਡ ਨੂੰ ਜਿਆਦਾ ਤਰਜੀਹ ਦੇਣ ਲੱਗ ਪਏ ਹਨ। ਅੱਜ ਨਾਮੁਰਾਦ ਬਿਮਾਰੀਆਂ ਨੇ ਸਾਡੇ ਸਰੀਰ ਨੂੰ ਜਕੜ ਲਿਆ ਹੈ। ਸਵੇਰ ਸਾਡੀ ਖਾਲੀ ਪੇਟ ਦਵਾਈ ਨਾਲ ਸ਼ੁਰੂ ਹੁੰਦੀ ਹੈ। ਸ਼ੂਗਰ, ਬੀਪੀ ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਛੋਟੀ ਉਮਰ ਦੇ ਨੌਜਵਾਨਾਂ ਨੂੰ ਘੇਰ ਰਹੀਆਂ ਹਨ। ਤਲਿਆਂ ਹੋਇਆ ਖਾਣਾ ਨਹੀਂ ਪਚਦਾ ਹੈ । ਸ਼ਰੀਰ ਅਜਿਹੇ ਸੋਹਲ ਬਣਾ ਲਏ ਹਨ ਸਵੇਰੇ ਸਮੇਂ ਸਿਰ ਉੱਠਦੇ ਨਹੀਂ ਹਨ। ਸੈਰ ਕਰਨ ਲਈ ਬਾਹਰ ਨਹੀਂ ਜਾਂਦੇ ਹਨ। ਏ.ਸੀ. ਘਰ ਹੈ। ਏ.ਸੀ. ਦਫਤਰ ਹੈ। ਏ.ਸੀ. ਗੱਡੀ ਹੈ ਤਾਂ ਹੀ ਅਜੋਕਾ ਸ਼ਰੀਰ ਬਿਮਾਰੀਆਂ ਨਾਲ ਘਿਰ ਗਿਆ ਹੈ। ਅੱਧੇ ਤੋਂ ਜ਼ਿਆਦਾ ਲੋਕਾਂ ਨੇ ਰਾਤ ਦੀ ਰੋਟੀ ਖਾਣੀ ਹੀ ਛੱਡ ਦਿੱਤੀ ਹੈ। ਕਿਉਂਕਿ ਘੁੰਮਣ ਲਈ ਸਮਾਂ ਨਹੀਂ ਹੈ ਅਕਸਰ ਲੋਕ ਕਹਿੰਦੇ ਹਨ ਕਿ ਗੈਸ ਬਣਦੀ ਹੈ ,ਖੱਟੇ ਡਕਾਰ ਆਉਂਦੇ ਹਨ?। ਤੇਜ਼ਾਬ ਦੀ ਸਮੱਸਿਆ ਹੈ। ਹਰ ਇਨਸਾਨ ਲੋਕਾਂ ਸਾਹਮਣੇ ਸੋਹਣਾ ਦਿਖਣਾ ਚਾਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਮਾਰਕਿਟ ਵਿੱਚ ਪ੍ਰੋਡਕਟ ਆ ਚੁਕੇ ਹਨ। ਉਨ੍ਹਾਂ ਪ੍ਰੋਡਕਟਾਂ ਨਾਲ ਉਹ ਆਪਣੇ ਆਪ ਨੂੰ ਫਿਟ ਦਿਖਾ ਰਿਹਾ ਹੈ। ਪਿੱਛੇ ਜੇ ਮਾਹਿਰਾਂ ਮੁਤਾਬਿਕ ਅਜਿਹੇ ਪ੍ਰੋਡਕਟਾਂ ਨਾਲ ਕਈ ਲੋਕਾਂ ਨੂੰ ਸਮੱਸਿਆ ਵੀ ਆਈ ਹੈ। ਪਤਲੇ ਹੋਣ ਲਈ ਦਵਾਈ ਖਾ ਰਹੇ ਹਨ।  ਉਲਟਾ ਉਸਦਾ ਸਰੀਰ ਤੇ ਨੁਕਸਾਨ ਵੀ ਹੋ ਰਿਹਾ ਹੈ।

ਪੈਸੇ ਨੇ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਹੈ। ਇਨਸਾਨ ਰਾਤੋ ਰਾਤ ਅਮੀਰ ਹੋਣਾ ਚਾਹੁੰਦਾ ਹੈ। ਚਾਹੇ ਪੈਸਾ ਗਲਤ ਢੰਗ ਨਾਲ ਹੀ ਕਮਾਇਆ ਕਿਉਂ ਨਾ ਜਾਏ। ਇੱਕ ਗੱਲ ਯਾਦ ਰੱਖਿਓ ਕੁਦਰਤ ਬੇਅੰਤ ਹੈ। ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਤਾਂ ਸਾਨੂੰ ਉਸ ਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ। ਪਹਾੜੀ ਖੇਤਰਾਂ ਵਿੱਚ ਨਦੀਆਂ ਨਾਲਿਆਂ ਨੂੰ ਤੰਗ ਕਰ ਕੇ ਮਹਿਲ ਵਰਗੇ ਹੋਟਲ ਖੜੇ ਕਰ ਦਿੱਤੇ ਗਏ। ਵਾਤਾਵਰਨ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਗਰਮੀ ਦੇ ਮੌਸਮ ਵਿੱਚ ਹਰ ਕੋਈ ਇਨਸਾਨ ਪਹਾੜਾਂ ਵੱਲ ਨੂੰ ਕੂਚ ਕਰਦਾ ਹੈ ਤਾਂ ਜੋ ਉਸਨੂੰ ਠੰਡਕ ਮਿਲ ਸਕੇ। ਭਲੇ ਮਾਣਸੇ। ਜੇ ਅਸੀਂ ਇੱਥੇ ਹੀ ਰੁੱਖ ਲਾ ਲਈਏ। ਸਮੇਂ ਸਮੇਂ ਤੇ ਉਹਨਾਂ ਦੀ ਦੇਖ ਰੇਖ ਕਰੀਏ ,ਇੱਥੇ ਵੀ ਪਹਾੜਾਂ ਵਰਗਾ ਮੌਸਮ ਹੋ ਜਾਵੇਗਾ। ਪੁਆਦ ਖੇਤਰ ਵਿੱਚ 25-25 ਮੰਜ਼ਿਲਾਂ ਬਿਲਡਿੰਗਾਂ ਹਨ। ਕਰੋੜਾਂ ਰੁਪਏ ਦੀ ਜਮੀਨਾਂ ਵਿੱਕ ਚੁੱਕੀਆਂ ਹਨ ਖਾਦ ਪਦਾਰਥਾਂ ਵਿੱਚ ਮਿਲਾਵਟ ਵੱਧ ਚੁੱਕੀ ਹੈ। ਅਸੀਂ ਸਾਰਾ ਕੁੱਝ ਮਿਲਾਵਟ ਵਾਲਾ ਖਾ ਰਹੇ ਹਨ। ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਹੋ ਰਹੀ ਹੈ। ਜੇ ਹਜੇ ਵੀ ਨਹੀਂ ਸੰਭਲੇ ਤਾਂ ਪਛਤਾਉਣਾ ਪੈਣਾ ਹੈ। ਪੌਣ ਪਾਣੀ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਜੇ ਸਿਹਤ ਹੈ ਤਾਂ ਸਾਰਾ ਕੁਝ ਸਹੀ ਹੈ, ਨਹੀਂ ਤਾਂ ਫਿਰ ਬਿਮਾਰੀਆਂ ਹੀ ਘੇਰਨਗੀਆਂ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ। ਉਹਨਾਂ ਨੂੰ ਚੰਗੀ ਸਿੱਖਿਆ ਦਿਓ। ਦੇਖੇ ਜ਼ਿੰਦਗੀ ਵਿੱਚ ਹਰ ਇਨਸਾਨ ਅੱਗੇ ਵਧਣਾ ਚਾਹੁੰਦਾ ਹੈ, ਪਰ ਅੱਗੇ ਵੱਧਣ ਦੇ  ਨਾਲ ਨਾਲ ਆਪਣੇ ਪਰਿਵਾਰ ਨੂੰ, ਆਪਣੇ ਆਪ ਨੂੰ ਜ਼ਰੂਰ ਸਮਾਂ ਦਿਓ। ਜ਼ਿੰਦਗੀ ਖੁਸ਼ੀ ਖੁਸ਼ੀ ਬਸਰ ਕਰੋ। ਜਿੰਨਾ ਵੀ ਤੁਹਾਡੇ ਕੋਲ ਹੈ ਉਸ ਵਿੱਚ ਸਬਰ ਸੰਤੋਖ ਰੱਖੋ। ਆਪਣੇ ਆਪ ਨੂੰ ਸਮਝਾਓ। ਕਿਸੇ ਦਾ ਹੱਕ ਨਾ ਮਾਰੋ। ਅਸੀਂ ਇੱਥੇ ਕੋਈ ਪੱਕੀ ਰਜਿਸਟਰੀ ਨਹੀਂ ਕਰਵਾ ਲਈ ਹੈ ।ਅੱਜ ਕੱਲ ਦੀ ਜ਼ਿੰਦਗੀ ਤਾਂ ਵੈਸੇ ਹੀ ਛੋਟੀ ਹੈ, ਹੱਸ ਖੇਡ ਕੇ ਸਮਾਂ ਗੁਜ਼ਾਰੋ।

- ਸੰਜੀਵ ਸਿੰਘ ਸੈਣੀ

ਮੋਹਾਲੀ, 7888966168