ਚਰਾਗ਼ ਉਲਫ਼ਤ ਦੇ
ਮਾਰੇ ਹਾਂ ਅਸੀਂ ਦੁੱਖ ਦੇ ਇੰਝ ਮਾਰ ਨਾ ਸਾਨੂੰ ਤੂੰ।
ਜੇ ਪਿਆਰ ਨਹੀਂ ਦੇਣਾ ਦੁਰਕਾਰ ਨਾ ਸਾਨੂੰ ਤੂੰ।
ਤੂੰ ਗੱਜ ਹੀ ਸਕਨਾ ਏਂ, ਬਰਸਣ ਨੂੰ ਅਸੀਂ ਹੀ ਹਾਂ,
ਬਰਸੇ ਤਾਂ ਰੁਆਦਾਂਗੇ, ਦੇ ਖ਼ਾਰ ਨਾ ਸਾਨੂੰ ਤੂੰ।
ਰਹਿ ਦੂਰ ਜ਼ਰਾ ਸਾਥੋਂ ਮੋਸਮ ਹੈ ਬਹਾਰਾਂ ਦਾ,
ਗੁਲ ਕੋਈ ਨਾ ਖਿਲ ਜਾਏ, ਪੁਚਕਾਰ ਨਾ ਸਾਨੂੰ ਤੂੰ।
ਆਉਣਾ ਜਾਂ ਬਹਾਰਾਂ ਨੇ, ਹਰ ਸ਼ੈਅ ‘ਤੇ ਬਹਾਰ ਆਉ,
ਇਹ ਝੂਠੀ ਤਸੱਲੀ ਹੈ, ਦੇ ਯਾਰ ਨਾ ਸਾਨੂੰ ਤੂੰ।
ਕਲੀਆਂ ਨੂੰ ਖੁਸ਼ੀ ਬਖ਼ਸ਼ੇ, ਫੁੱਲਾਂ ਨੂੰ ਦਏ ਖੇੜੇ,
ਨੀ ਰੁੱਤ ਬਸੇਤੜੀਏ, ਦੇ ਖ਼ਾਰ ਨਾ ਸਾਨੂੰ ਤੂੰ।