ਤ੍ਰਿਕੁਟੀ
ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੇ ਰਚਨਹਾਰੇ ਪਰਦੀਪ ਭਾਰਤੀ ਸਾਹਿਤ ਅਕੈਡਮੀ ਤੋਂ ਯੁਵਾ ਸਾਹਿਤ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਕਵਿਤਾ ਦੇ ਖੇਤਰ ਵਿੱਚ ਆਪਣੀ ਦੇਸ਼ ਦੁਨੀਆਂ ਦੀ ਸੈਰ ਨਾਲ ਉਨ੍ਹਾਂ ਨੇ ਵਿਸ਼ਵ ਵਿਆਪੀ ਰੰਗ ਭਰੇ ਹਨ। ਖੁੱਲੀ ਕਵਿਤਾ ਨੂੰ ਸਮਝਣ ਵਾਸਤੇ ਦਿਲ ਦਿਮਾਗ ਦੇ ਦਰ ਦਰਵਾਜਿਆ ਨੂੰ ਖੋਲ੍ਹਣਾ ਪੈਂਦਾ ਹੈ। ਕਵੀ ਆਪਣੇ ਜੀਵਨ ਤਜਰਬਿਆਂ ਅਤੇ ਇਤਿਹਾਸ ਮਿਥਿਹਾਸ ਨੂੰ ਇੱਕ ਕੜਾਹੀ ਵਿੱਚ ਕਾੜ੍ਹਦਾ ਹੋਇਆ ਨਵੀਆਂ ਨਰੋਈਆਂ ਤੇ ਸਵਾਦਲੀਆਂ ਕਵਿਤਾਵਾਂ ਦੀ ਸਿਰਜਣਾ ਕਰਦਾ। ਇਹ ਕਵਿਤਾਵਾਂ ਪਾਠਕ ਨੂੰ ਜਿੱਥੇ ਦੇਸ਼ ਦੁਨੀਆਂ ਦੀ ਸੈਰ ਕਰਾਉਂਦੀਆਂ ਹਨ ਉੱਥੇ ਅੰਤਰ ਨਾਦ ਨੂੰ ਸੁਣਨ ਦੀ ਸਮਰੱਥਾ ਵੀ ਪ੍ਰਦਾਨ ਕਰਦੀਆਂ ਹਨ। ਖੁੱਲੀਆਂ ਕਵਿਤਾਵਾਂ ਦਾ ਇਹ ਅਨੋਖਾ ਸੋਗ੍ਰਹਿ ਕਾਵਿ ਕਲਾ ਦਾ ਵੀ ਸਿਖ਼ਰ ਸਿਰਜਦਾ ਹੈ। ਪਾਠਕ ਪੁਸਤਕ ਦਾ ਪਹਿਲਾ ਪੰਨਾ ਪੜ੍ਹਦਾ ਹੋਇਆ ਅੱਗੇ ਤੋਂ ਅਗੇਰੇ ਆਪ ਮੁਹਾਰਾ ਹੀ ਤੁਰਿਆ ਜਾਂਦਾ ਹੈ। ਕਵਿਤਾ ਵਿੱਚ ਇੰਨਾ ਦਮ ਹੈ ਕਿ ਪਾਠਕ ਉਸ ਨੂੰ ਪੜ੍ਹੇ ਬਗੈਰ ਛੱਡ ਨਹੀਂ ਸਕਦਾ। ਕਵੀ ਦੀ ਸ਼ਬਦ ਚੋਣ ਕਮਾਲ ਦੀ ਹੋਣ ਕਰਕੇ ਪਾਠਕ ਮਨ ਅੰਦਰ ਹੋਰ ਜਗਿਆਸਾ ਪੈਦਾ ਹੁੰਦੀ ਜਾਂਦੀ ਹੈ।
ਯੁਵਾ ਕਵੀ ਪਰਦੀਪ ਤੇ ਤਜਰਬੇ ਇਹ ਸਾਬਤ ਕਰਦੇ ਹਨ ਕਿ ਉਹ ਮਾਹਿਲਪੁਰ ਇਲਾਕੇ ਦਾ ਇੱਕ ਨਿਵੇਕਲਾ ਸ਼ਾਇਰ ਹੈ ਜਿਸ ਨੇ ਕਾਵਿ ਜਗਤ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਪੁਸਤਕ ਤ੍ਰਿਕੁਟੀ ਵਿੱਚ ਦਰਜ ਕਵਿਤਾਵਾਂ ਨਿਜ ਤੋਂ ਸ਼ੁਰੂ ਹੋ ਕੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇਂ ਵਿੱਚ ਲੈਂਦੀਆਂ ਹਨ। ਮਿੱਟੀ, ਧਰਤੀ, ਆਕਾਸ਼, ਸਮੁੰਦਰ, ਪਹਾੜ ਜੰਗਲ ਅਤੇ ਜੀਵ ਜੰਤੂਆਂ ਨਾਲ ਵਰਤ ਰਹੇ ਕੁਦਰਤੀ ਵਰਤਾਰਿਆਂ ਦੇ ਭੇਦ ਨੂੰ ਖੋਲ੍ਹਣ ਦਾ ਯਤਨ ਕੀਤਾ ਗਿਆ ਹੈ। ਕਵੀ ਮਨੁੱਖ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਦਾ ਹੈ। ਦੁਨੀਆ ਦੇ ਖੋਰੂੰ ਤੋਂ ਸੁੰਨ ਸਮਾਧੀ ਤੱਕ ਦੇ ਸਫ਼ਰ ਨੂੰ ਬਿਆਨ ਕਰਦਿਆਂ ਕਵੀ ਨੇ ਮਨੁੱਖ ਅੰਦਰੋਂ ਖੁਰ ਰਹੀ ਮਨੁੱਖਤਾ ਦੀ ਚਿੰਤਾ ਵੀ ਜ਼ਾਹਰ ਕੀਤੀ ਹੈ। ਸਬਕ ਨਾਮੀ ਕਵਿਤਾ ਦੀਆਂ ਇਹ ਸਤਰਾਂ ਕਾਬਲੇ ਗੌਰ ਹਨ
ਇਹ ਕਿਹਾ ਸਬਕ ਸੀ
ਜਿਸ ‘ਤੇ ਪੈਰ ਧਰਦਿਆਂ
ਮੈਨੂੰ ਅਹਿਸਾਸ ਹੋਇਆ
ਕਿ ਮਿੱਟੀ ਮਿੱਟੀ ਅੰਦਰ ਸਫ਼ਰ ਕਰਦੀ ਹੈ
ਤੇ ਕਦੇ ਕਦੇ ਹਿਲਦਾ ਹੱਥ
ਕੋਈ ਰੌਸ਼ਨੀ ਛੂਹ ਲੈਂਦਾ ਹੈ।
ਕਵੀ ਮਨ ਅੰਦਰ ਇਹ ਕਵਿਤਾਵਾਂ ਧਰਤੀ ਅੰਦਰਲੇ ਲਾਵੇ ਵਾਂਗ ਬਲਦੀਆਂ ਹੋਈਆਂ ਜਦੋਂ ਬਾਹਰ ਆਉਂਦੀਆਂ ਹਨ ਤਾਂ ਧਰਤੀ ਦੀ ਹਿੱਕ ਤੇ ਪਹਾੜ ਉਸਾਰਦੀਆਂ ਹਨ। ਫੇਰ ਕਵੀ ਦੀ ਉਡਾਰੀ ਇਹਨਾਂ ਅੰਬਰਾਂ ਤੋਂ ਪਰੇ ਤੇ ਹੋਰ ਪਰੇ ਚਲੇ ਜਾਂਦੀ। ਕਦੀ ਉਹ ਜਿਉਣ ਦੀ ਆਸ ਪ੍ਰਗਟ ਕਰਦਾ ਹੈ ਤੇ ਕਦੀ ਉਹ ਆਪਣੀ ਨਿਰਾਸ਼ਾ ਨੂੰ ਆਸ਼ਾ ਵਿੱਚ ਬਦਲਦਾ ਹੋਇਆ ਮੁਰਸ਼ਦ ਦੇ ਲੜ ਲੱਗਦਾ ਹੈ। ਕੁਦਰਤ ਦੀ ਲੀਲਾ ਨੂੰ ਗੁਰੂ ਗਿਆਨ ਨਾਲ ਵਿਚਾਰਦਾ ਅਤੇ ਨਿਖਾਰਦਾ ਹੈ। ਇਸ ਵਿਚਾਰਨ ਤੇ ਨਿਖਾਰਨ ਦੀ ਪ੍ਰਕਿਰਿਆ ਵਿੱਚ ਕਵੀ ਦੀ ਕਵਿਤਾ ਉਡਾਰੀਆਂ ਦਾ ਸਿਖਰ ਸਿਰਜਦੀ ਹੋਈ ਇਸ ਧਰਤੀ ਦੀ ਹਿੱਕ ਅੰਦਰ ਡੂੰਘੀਆਂ ਜੜ੍ਹਾਂ ਖਿਲਾਰ ਦਿੰਦੀ ਹੈ। ਫਿਰ ਧਰਤੀ ਦੀਆਂ ਗਹਿਰਾਈਆਂ ਨੂੰ ਮਾਪਦੀ ਹੋਈ ਡੂੰਘੀਆਂ ਸਿਖਰਾਂ ਸਿਰਜਦੀ ਹੈ।
ਮੈਂ ਹੱਥ ਲੈਣ
ਅਕਸਰ ਦਫ਼ਤਰ ਭੱਜਦਾ ਹਾਂ
ਤੇ ਉਹ ਪਿਛਾਂਹ ਆਉਂਦੀ
ਗੁਆ ਲੈਂਦੀ ਹੈ ਪੈਰ ਆਪਣੇ।
ਭਾਲ ਨਾਮੀ ਕਵਿਤਾ ਦੀਆਂ ਇਹ ਸਤਰਾਂ ਵੀ ਪਾਠਕ ਮਨ ਅੰਦਰ ਹਲਚਲ ਪੈਦਾ ਕਰਦੀਆਂ ਹਨ।
ਤ੍ਰਿਕੁਟੀ ਪੁਸਤਕ ਦਾ ਪਾਠ ਕਰਦਿਆਂ ਪਾਠਕ ਅੰਦਰ ਜੰਮੇ ਹੋਏ ਵਹਿਮ ਭਰਮ ਕੁਰੇਦੇ ਜਾਂਦੇ ਹਨ ਅਤੇ ਉਹਨਾਂ ਵਹਿਮਾਂ ਭਰਮਾਂ ਦਾ ਨਿਤਾਰਾ ਵੀ ਕੀਤਾ ਜਾਂਦਾ ਹੈ। ਪੁਸਤਕ ਵਿੱਚ ਦਰਜ ਸੰਸਾਰ, ਜਨਮ, ਫਰਿਹਾਦ, ਤਾਂਘ, ਭੇਦ, ਲੰਘਦਿਆਂ, ਕੰਢਾ, ਦਾ ਵਿਜ਼ਨ, ਸਹਿਜ, ਅੱਗ ਦੇ ਸਫੇ, ਦਫਤਰ ਦਾ ਪੋਰਟਰੇਟ, ਲੀਲਾ, ਮੁਰਸ਼ਦ ਅਤੇ ਰੂਪ ਆਦਿ ਕਵਿਤਾਵਾਂ ਪਾਠਕਾਂ ਦੇ ਦਿਲ ਦੀਆਂ ਗਹਿਰਾਈਆਂ ਤੱਕ ਲਹਿ ਜਾਂਦੀਆਂ ਹਨ। ਇਹ ਕਵਿਤਾਵਾਂ ਕਵਿਤਾ ਦੇ ਡੂੰਘੇ ਸਾਗਰ ਦੀਆਂ ਘੋਗੇ ਸਿੱਪੀਆਂ ਅਤੇ ਹੀਰੇ ਜਵਾਹਰਤ ਪਾਠਕ ਅੱਗੇ ਪੇਸ਼ ਕਰਦੀਆਂ ਹਨ।

ਰੀਵਿਊਕਾਰ: ਬਲਜਿੰਦਰ ਮਾਨ
98150-18947
ਕਵੀ : ਪਰਦੀਪ
ਪ੍ਰਕਾਸ਼ਕਛ ਕਾਗਦ ਪ੍ਰਕਾਸ਼ਨ, ਜਲੰਧਰ
ਪੰਨੇ : 80, ਮੁੱਲ 100 ਰੁਪਏ