ਫੇਸਬੁਕੀ ਰਿਸ਼ਤੇ
ਫੇਸ ਬੁਕ ਤੇ ਦੋਸਤ ਬਣੇ ਮਾਮੇ ਦੇ ਦੋਹਾਂ ਮੁੰਡਿਆਂ ਨਾਲ ਚੈਟਿੰਗ ਹੁੰਦੀ ਤਾਂ ਉਹ ਅਕਸਰ ਗਿਲਾ ਕਰਦੇ ਕਿ ਮੈਂ ਹੁਣ ਕਾਰੋਬਾਰੀ ਬੰਦਾ ਬਣ ਕੇ ਆਪਣਾ ਨਾਨਕਾ ਪਿੰਡ ਭੁੱਲ ਗਿਆ ਹਾਂ। ਜੁਆਬ ਵਿਚ ਮੈਂ ਵੀ ਉਹਨਾਂ ਨਾਲ ਅਜਿਹਾ ਹੀ ਗਿਲਾ ਦੁਹਰਾਉਂਦਿਆਂ ਛੇਤੀ ਉਹਨਾਂ ਦੇ ਪਿੰਡ ਗੇੜਾ ਮਾਰਨ ਦਾ ਵਾਅਦਾ ਕਰ ਛੱਡਦਾ।
ਅਜਿਹੇ ਸਮੇਂ ਬਚਪਨ ਵਿਚ ਨਾਨਕੇ ਘਰ ਬਿਤਾਈਆਂ ਦੋ ਦੋ ਮਹੀਨਿਆਂ ਦੀਆਂ ਛੁਟੀਆਂ ਦੇ ਦਿਨ ਤੇ ਆਪਣੇ ਹਾਣੀ ਮਮੇਰੇ ਭਰਾਵਾਂ ਸਤੀਸ਼ ਤੇ ਮਦਨ ਨਾਲ ਖੇਡੀਆਂ ਨਿੱਕੀਆਂ ਨਿੱਕੀਆਂ ਖੇਡਾਂ ਨੂੰ ਯਾਦ ਕਰਕੇ ਮੇਰੇ ਬੁੱਲ੍ਹਾਂ ਤੇ ਮਿੱਠੀ ਜਿਹੀ ਮੁਸ਼ਕਰਾਹਟ ਆ ਜਾਂਦੀ।
ਨਾਨਕੇ ਪਿੰਡ ਤੋਂ 200 ਕਿਲੋਮੀਟਰ ਦੀ ਵਿੱਥ ਤੇ ਵੱਧੇ ਹੋਏ ਕਾਰੋਬਾਰ ਨੇ ਮੇਰਾ ਉੱਥੇ ਜਾਣ ਦਾ ਸਿਲਸਿਲਾ ਲੱਗ ਭੱਗ ਖ਼ਤਮ ਹੀ ਕਰ ਦਿੱਤਾ ਸੀ ਤੇ ਨਾ ਹੀ ਲੰਮੇ ਸਮੇ ਤੋਂ ਸਤੀਸ਼ ਤੇ ਮਦਨ ਮੇਰੇ ਕੋਲ ਆਏ ਸਨ। ਹੁਣ ਫੇਸ ਬੁਕ ਨੇ ਸਾਡੇ ਰਿਸ਼ਤੇ ਵਿਚ ਫਿਰ ਤੋਂ ਤਾਜ਼ਗੀ ਜਿਹੀ ਪੈਦਾ ਕਰ ਦਿੱਤੀ ਸੀ। ਮਾਰਕਿਟ ਵਿਚ ਹੜਤਾਲ ਚਲ ਰਹੀ ਹੋਣ ਕਾਰਨ ਮੈਂ ਮਨ ਬਣਾ ਹੀ ਲਿਆ ਕਿ ਸਤੀਸ਼ ਤੇ ਮਦਨ ਦਾ ਉਲਾਂਭਾ ਲਾਹ ਦਿੱਤਾ ਜਾਵੇ। ਮੈਂ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਜਾਣ ਲਈ ਤਿਆਰ ਕਰ ਲਿਆ।
‘ਹਾਂ ਬਈ ਮਦਨ ਕੱਲ੍ਹ ਮੈਂ ਤੇ ਤੇਰੀ ਭਰਜਾਈ ਤੇਰੇ ਕੋਲ ਆ ਰਹੇ ਹਾਂ।’ ਮੈਂ ਮਦਨ ਨੂੰ ਆਪਣੇ ਆਉਣ ਦੀ ਅਗਾਊਂ ਸੂਚਨਾ ਦੇਣ ਲਈ ਬੜੇ ਉਤਸ਼ਾਹ ਨਾਲ ਫੋਨ ਕੀਤਾ।
‘ਧੰਨ ਭਾਗ! ਪਰ ਕੱਲ ਤਾਂ ਯਾਰ ਅਸੀਂ ਕਿਸੇ ਜ਼ਰੂਰੀ ਕੰਮ ਲੁਧਿਆਣੇ ਜਾਣ ਦਾ ਮਨ ਬਣਾਈ ਬੈਠੇ ਹਾਂ। ਮੈਨੂੰ ਬੜਾ ਦੁੱਖ ਹੋਵੇਗਾ ਕਲ੍ਹ ਮੈਂ ਤੁਹਾਨੂੰ ਮਿਲ ਨਹੀਂ ਸਕਾਂਗਾ‘।
ਬੇਸ਼ਕ ਉਸਦੇ ਜੁਆਬ ਨੇ ਮੇਰਾ ਸਾਲਾਂ ਬਾਦ ਨਾਨਕੇ ਘਰ ਜਾਣ ਦਾ ਚਾਅ ਵੀ ਮੱਠਾ ਪਾ ਦਿੱਤਾ ਸੀ ਪਰ ਤਿਆਰੀ ਕੀਤੀ ਹੋਣ ਕਰਕੇ ਮੈਂ ਸਤੀਸ਼ ਨੂੰ ਵੀ ਆਪਣੇ ਆਉਣ ਦੀ ਖ਼ਬਰ ਦੇਣ ਲਈ ਫੋਨ ਕਰ ਦਿੱਤਾ।
‘ਭਰਾ ਜੀ, ਸਾਡੇ ਦਫ਼ਤਰ ਵਿਚ ਇਨਪੈਕਸ਼ਨ ਚੱਲ ਰਹੀ ਹੈ। ਮੈਨੂੰ ਛੁੱਟੀ ਨਹੀਂ ਮਿਲ ਸਕੇਗੀ। ਤੁਸੀ ਮਦਨ ਨਾਲ ਗੱਲ ਕਰ ਲਵੋ।‘
ਸਤੀਸ਼ ਦੀ ਗੱਲ ਪੂਰੀ ਤਰਾਂ ਸੁਣੇ ਹੀ ਮੈਂ ਫੋਨ ਕੱਟ ਦਿੱਤਾ ਤੇ ਪਤਨੀ ਵੱਲ ਮੂੰਹ ਕਰਦਿਆ ਬੋਲਿਆ, ‘ਕਿਤੇ ਨਹੀਂ ਜਾਣਾ ਆਪਾਂ। ਮੇਰਾ ਨਾਨਕਾ ਪਿੰਡ ਹੁਣ ਸ਼ਹਿਰ ਬਣ ਗਿਆ ਹੈ ਜਿੱਥੇ ਕੇਵਲ ਫੇਸ ਬੁਕੀ ਰਿਸ਼ਤੇ ਹੀ ਜਿਉਂਦੇ ਨੇ।‘ ਮੇਰੀ ਪਤਨੀ ਮੇਰੀ ਗੱਲ ਨੂੰ ਸਮਝਣ ਲਈ ਮੇਰੇ ਮੂੰਹ ਵੱਲ ਝਾਕ ਰਹੀ ਸੀ।