ਲਾਲ ਫੀਤਾਸ਼ਾਹੀ ਤੇ ਪੈਰ ਟਿਕਾਊ
ਅਰਜ਼ੀ ਦੇਣ ਦੀ ਆਖਰੀ ਤਾਰੀਖ ਤੋਂ ਨਿਯੁਕਤੀ ਤਕ ਢਾਈ ਸਾਲਾਂ ਦਾ ਲੰਮਾ ਅਰਸਾ ਤੇ ਉਸ ਦੌਰਾਨ ਦੋ ਲਿਖਤੀ ਇਮਤਿਹਾਨ, ਇਕ ਰੂਬਰੂ ਅਤੇ ਤਿੰਨ ਵਾਰ ਡਾਕਟਰੀ ਪ੍ਰੀਖਿਆ । ਇਸ ਗੋਰਖ ਧੰਦੇ ਨੂੰ ਪਾਰ ਕੇ ਅੰਤ ਉਹ ਕਰਮਾਂ ਵਾਲਾ ਦਿਨ ਆ ਹੀ ਗਿਆ ਜਦ ਭੀਖੂ (ਘਰੇਲੂ ਨਾਂ) ਉਰਫ ਦੇਵਤਾ ਦਾਸ ਪੁੱਤਰ ਦਲੀਪਾ, ਪਿੰਡ ਤਲਵੰਡੀ ਸਲੇਮ ਜ਼ਿਲਾ ਜੰਲਧਰ ਨਿਵਾਸੀ ਨੂੰ ਕੇਂਦਰੀ ਸਰਕਾਰ ਅਧੀਨ ਇਕ ਮਹਿਕਮੇ ਵਿਚ ਇਨਸਪੈਕਟਰ ਦੀ ਮਾਨ ਯੋਗ ਕੁਰਸੀ ਪ੍ਰਾਪਤ ਹੋ ਗਈ । ਮੇਜ ਤੇ ਸ਼ਾਹੀ ਠਾਠ ਬਾਠ ਦੀਆਂ ਸਭ ਵਸਤਾਂ ਮੌਜੂਦ ਸਨ ਪਰ ਕੁਰਸੀ ਦੇਵਤਾ, ਮਧਰਾ ਕੱਦ ਦਾ ਹੋਣ ਕਾਰਨ ਉਸ ਦੇ ਪੈਰ, ਪੈਰ ਟਿਕਾਊ-ਚੌਂਕੀ ਤਕ ਨਾ ਹੀ ਪਹੁੰਚੇ ਤੇ ਉਸ ਨੂੰ ਆਪਣਾ ਆਪ ਪਤੰਗ ਵਾਂਗ ਲਟਕਦਾ ਮਹਿਸੂਸ ਹੋਣ ਲੱਗਾ। ਨਾਲ ਹੀ ਖੰਨਾ ਸਾਹਬ ਬੈਠੇ ਸਨ, ਉਨ੍ਹਾਂ ਨੂੰ ਅਫਸਰਾਂ ਦੀ ਮਾਲਿਸ਼ ਕਰਨ ਦਾ ਪੁਰਾਣਾ ਝੱਲ ਸੀ। ਝੱਟ ਬੋਲ ਉਠੇ, “ਸਰ, ਰਾਮ ਪ੍ਰਸ਼ਾਦ ਨੂੰ ਲਿਖ ਕੇ ਦਿਉ । ਪ੍ਰਸ਼ਾਸਨ ਵਿਭਾਗ ਦਾ ਕੰਮ ਹੈ । ਬਾਜ਼ਾਰੋਂ ਉੱਚੀ ਚੌਂਕੀ ਮੰਗਾ ਕੇ ਦੇਣਗੇ । ਵੱਡਾ ਬਾਬੂ ਹੈ ਤਾ ਬਹੁਤ ਉਸਤਾਦ ਪਰ ਮੈਂ ਕਹਿ ਦੇਂਦਾ ਹਾਂ ਜਲਦੀ ਖਰੀਦ ਦੇਣਗੇ, ਮਨਜ਼ੂਰੀ ਦੀ ਤਾਂ ਲੋੜ ਨਹੀਂ, ਛੋਟੀ ਮੋਟੀ ਚੀਜ਼ ਹੈ ।”
‘ਬਿਲਕੁਲ ਠੀਕ’, ਕਹਿ ਕੇ ਦੇਵਤਾ ਨੇ ਹਿੰਦੀ ਵਿਚ ਨੋਟ ਲਿਖ ਦਿੱਤਾ। “ਮੈਂ ਰਜਿਸਟਰਾਰ ਦਫਤਰ ਹੁਕਮ- 31 ਤਾਰੀਖ 12-6-83 ਮੁਤਾਬਕ ਕੰਮ ਤੇ ਹਾਜ਼ਰ ਹੋ ਗਿਆ ਹਾਂ। ਕ੍ਰਿਪਾ ਕਰਕੇ ਮੈਨੂੰ 2×2 ਫੁੱਟ ਦੀ ਨਵੀਂ ਪੈਰ-ਟਿਕਾਊ ਚੌਂਕੀ ਮੁਹੱਈਆ ਕੀਤੀ ਜਾਵੇ ਕਿਉਂਕਿ ਪਹਿਲੇ ਵਾਲੀ ਛੋਟੀ ਹੈ ਤੇ ਮੈਨੂੰ ਪੈਰ ਥੱਲੇ ਨਾ ਲੱਗਣ ਕਰ ਕੇ ਲਿਖਣ ਵਿਚ ਔਕੜ ਮਹਿਸੂਸ ਹੁੰਦੀ ਹੈ।” ਇਹ ਨੋਟ ਸ੍ਰੀ ਰਾਮ ਪ੍ਰਸਾਦ, ਛੱਤੀਆਂ ਪੱਤਣਾਂ ਦੇ ਤਾਰੂ ਕੋਲ ਪਹੁੰਚ ਗਿਆ। ਉਨ੍ਹਾਂ ਇਹ ਕਈ ਵਾਰ ਪੜ੍ਹ ਸੁੱਟਿਆ ਉਸ ਨੂੰ ਵਾਲ ਦੀ ਖੱਲ ਉਤਾਰਨੀ ਆਉਂਦੀ ਸੀ । ਉਸ ਨੇ ਦੇਖਿਆ ਦਫ਼ਤਰੀ ਫਰਨੀਚਰ ਸੂਚੀ ਵਿਚ ਐਸੀ ਕੋਈ ਚੀਜ਼ ਹੀ ਨਹੀਂ ਹੈ ਤੇ ਹੁਣ ਹੋਇਆ ਜਨਮ ਇੱਕ ਨਵੀਂ ਫਾਇਲ ਦਾ। ਦੇਵਤਾ ਦੇ ਨੋਟ ਥੱਲੇ ਰਾਮ ਪ੍ਰਸ਼ਾਦ ਨੇ ਇਕ ਹੋਰ ਨੋਟ ਲਿਖ ਦਿੱਤਾ, “ਮਾਤਰੀ ਭਾਸ਼ਾ ਵਿਚ ਲਿਖਿਆ ਨੋਟ ਅਸਪੱਸ਼ਟ ਹੈ ਕਿਰਪਾ ਕਰਕੇ ਪਿਤਰੀ ਭਾਸ਼ਾ ਵਿਚ ਨਵਾਂ ਨੋਟ ਲਿਖਿਆ ਜਾਵੇ ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ।” ਤੇਰ੍ਹਾਂ ਦਿਨਾਂ ਮਗਰੋਂ ਨਵੀਂ ਫਾਈਲ ਵਾਪਿਸ ਦੇਵਤਾ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਨੋਟ ਲਿਖ ਦਿੱਤਾ, “ਮੇਰੇ ਮਾਤਾ ਪਿਤਾ ਇਕੋ ਹੀ ਭਾਸ਼ਾ ਬੋਲਦੇ ਹਨ।” ਫ਼ਾਈਲ ਫੇਰ ਰਾਮ ਪ੍ਰਸ਼ਾਦ ਕੋਲ ਪਹੁੰਚੀ ਤਾਂ ਉਸਨੂੰ ਮਿਰਚਾਂ ਲੱਗ ਗਈਆਂ। ਹੱਛਾ, ਇਸ ਨਵੇਂ ਛੋਕਰੇ ਦੀ ਇਹ ਮਜਾਲ ! ਤੇ ਉਸ ਨੇ ਅੱਠ ਦਿਨ ਫਾਈਲ ਰੱਖ ਕੇ ਨੋਟ ਲਿਖਿਆ, “ਪੈਰ ਟਿਕਾਊ ਨਾਂ ਦਾ ਕੋਈ ਬੰਦਾ ਦਫਤਰ ਵਿਚ ਨਹੀਂ ਹੈ, ਤੁਹਾਡੀ ਸੂਚਨਾ ਹਿੱਤ।” ਫਾਈਲ ਦੇਵਤਾ ਕੋਲ ਗਈ ਉਨ੍ਹਾਂ ਲਿਖਿਆ, “ ਪੈਰ ਟਿਕਾਊ ਨੂੰ ਅੰਗਰੇਜ਼ੀ ਵਿਚ ‘Foot rest” ਕਹਿੰਦੇ ਹਨ। ਇਸ ਦੀ ਘਾਟ ਨਾਲ ਮੇਰਾ ਖੂਨ ਲੱਤਾਂ ਵਿਚ ਉਤਰ ਜਾਂਦਾ ਹੈ ਤੇ ਦਿਮਾਗ ਖਾਲੀ ਹੋ ਜਾਂਦਾ ਹੈ ਇਸ ਹਾਲਤ ਵਿਚ ਮੈਂ ਕੀ ਜਨ-ਸੇਵਾ ਕਰ ਸਕਦਾ ਹਾਂ ਸੋ ਜਲਦੀ ਪੈਰ ਟਿਕਾਊ ਦਿੱਤਾ ਜਾਵੇ ।” ਰਾਮ ਪ੍ਰਸ਼ਾਦ ਨੇ ਨੋਟ ਪੜ੍ਹਿਆ ਤਾਂ ਉਹ ਬੋਲਿਆ, “ਇਹ ਐਵੇਂ ਨਾ ਹਿੰਦੀ ਦਾ ਅਨੁਵਾਦ ‘Foot rest’ ਦਾ ਅਨੁਵਾਦ ਕੀਤਾ ਹੈ, ‘ਪੈਰ ਟਿਕਾਊ’ ਵਾਹ !” ਉਸ ਨੇ ਪਹਿਲਾਂ ਇਹ ਅਨੁਵਾਦ ਦਾ ਆਸਰਾ ਨਿਪਟਾਇਆ ਹੀ ਠੀਕ ਸਮਝਿਆ ਤੇ ਫਾਇਲ ‘ਰਾਜ ਭਾਸ਼ਾ’ ਮਹਿਕਮੇ ਨੂੰ ਭੇਜ ਦਿੱਤੀ। ਉਥੇ ਛੇ ਮਹੀਨੇ ਤੱਕ ਇੱਕ ਕਮਰੇ ਇੱਕ ਮੇਜ ਤੋਂ ਦੂਜੇ ਮੇਜ ਤੱਕ ਉਸਦੀ ਦੁਰਦਸ਼ਾ ਹੁੰਦੀ ਗਈ ਤੇ “ਸਾਡੇ ਨਾਲ ਸਬੰਧਤ ਨਹੀਂ” ਆਦਿ ਨੋਟਾਂ ਨਾਲ ਫਾਈਲ ਭਰ ਗਈ।
ਛੇ ਮਹੀਨੇ ਬਾਅਦ ਇਕ ਵਿਭਾਗ ਨੇ ਇਹ ਟਿਪਣੀ ਲਾਈ, “ਇਹ ਮਾਮਲਾ ਰਾਜਭਾਸ਼ਾ ਮਹਿਕਮੇ ਦੇ ਯੋਗ ਨਹੀਂ ਹੈ। ਇਸਨੂੰ ਤੁਸੀਂ ਆਪਣੇ ਵਿਭਾਗ ਦੇ ‘ਹੈਡਕੁਆਟਰ’ ਨੂੰ ਭੇਜ ਸਕਦੇ ਹੋ।” ਤੇ ਫਾਈਲ ਫਿਰ ਰਾਮ ਪ੍ਰਸ਼ਾਦ ਦੀ ਮੇਜ਼ ਤੇ ਹਾਜ਼ਰ ਹੋ ਗਈ।
ਉਸ ਦੇ ਮਨ ਵਿਚ ਇਕ ਹੋਰ ਫੁਰਨਾ ਫੁਰਿਆ। ਆਜ਼ਾਦੀ ਤੋਂ 36 ਸਾਲ ਬਾਅਦ ਤੱਕ ਕਿਸੇ ਨੂੰ ਐਸੇ ਪੈਰ ਟਿਕਾਊਂ ਦੀ ਨਹੀਂ ਸੁੱਝੀ ਤਾਂ ਦੇਵਤਾ ਦਾਸ ਨੂੰ ਕੀ ਤਕਲੀਫ ਹੈ ਐਸੇ ਨੋਟ ਨਾਲ ਫਾਈਲ ਦੇਵਤਾ ਕੋਲ ਆਈ ਤਾਂ ਉਨਾਂ ਲਿਖਿਆ, “ਜਮਾਂਦਰੂ ਹੀ, ਮੇਰੇ ਉਪਰਲੇ ਧੜ ਦੀ ਬਨਿਸਬਤ ਮੇਰੀਆਂ ਲੱਤਾਂ ਛੋਟੀਆਂ ਹਨ। ਸੋ ਇਸ ਨੂੰ ਵਿਸ਼ੇਸ਼ ਕੇਸ ਸਮਝਿਆ ਜਾਵੇ।” ਰਾਮ ਪ੍ਰਸ਼ਾਦ ਨੇ ਇਹ ਨੋਟ ਪੜ੍ਹਿਆ ਤਾਂ ਉਨ੍ਹਾਂ ਨੂੰ ਇਕ ਹੋਰ ਨਵੀਂ ਗੱਲ ਖਟਕੀ। ਇਹ ਜਨਾਬ ਦੂਜੀ ਸ਼੍ਰੇਣੀ ਵਿਚ ਨੌਕਰ ਹੋਏ ਹਨ। ਡਾਕਟਰੀ ਬੋਰਡ ਦੁਆਰਾ ਪਾਸ ਹੋਏ ਬਗੈਰ ਕਿਸੇ ਦੀ ਨਿਯੁਕਤੀ ਨਹੀਂ ਹੋ ਸਕਦੀ ਇਹ ਸ੍ਰੀਮਾਨ ਜੀ ਜੰਮਦੇ ਹੀ ਅਪੰਗ ਹਨ ਤਾਂ ਚੜ੍ਹਾਵੇ ਦੇ ਜ਼ੋਰ ਨਾਲ ਪਾਸ ਹੋਏ ਹੋਣਗੇ। ਰਾਮ ਪ੍ਰਸ਼ਾਦ ਨੇ ਫਾਈਲ ਗੁਪਤ ਤੌਰ ਤੇ ਸਿਹਤ ਮਹਿਕਮੇ ਨੂੰ ਭੇਜ ਦਿੱਤੀ।
ਆਪਣੇ ਨੋਟ ਵਿਚ ਉਨ੍ਹਾਂ ਮੈਡੀਕਲ ਬੋਰਡ ਦੇ ਫੈਸਲੇ ‘ਤੇ ਕਿੰਤੂ ਕਰ ਦਿੱਤਾ। ਫਾਈਲ ਪੰਜ ਮਹੀਨੇ ਸਿਹਤ ਮਹਿਕਮੇ ਵਿਚ ਘੁੰਮਦੀ ਰਹੀ। ਤਿੰਨ ਵਾਰ ਵਾਪਸ ਰਾਮ ਪ੍ਰਸ਼ਾਦ ਕੋਲ ਭੇਜੀ ਗਈ। ਪਹਿਲਾਂ ਤਾਂ ਸਿਹਤ ਵਿਭਾਗ ਦੀ ਜੁਰਅੱਤ ਨਾ ਹੋਈ ਕਿ ਮੈਡੀਕਲ ਬੋਰਡ ਤੋਂ ਸਪੱਸ਼ਟੀਕਰਣ ਮੰਗ ਲਵੇ ਪਰ ਰਾਮ ਨੇ ‘ਲੋਕ ਸੇਵਾ ਦੀ ਆੜ ਵਿਚ ਐਸੀ ਪੱਟੀ ਪਾਈ ਕਿ ਸਿਹਤ ਮਹਿਕਮੇ ਨੇ ਫਾਈਲ ਪਟਿਆਲੇ ਹਸਪਤਾਲ ਨੂੰ ਭੇਜ ਦਿਤੀ ਤੇ ਸ਼ੁਰੂ ਹੋ ਗਿਆ ਮੈਡੀਕਲ ਬੋਰਡ ਤੇ ਸਿਹਤ ਮਹਿਕਮੇ ਵਿਚ ਚਿੱਠੀ ਪੱਤਰ ਦਾ ਸਿਲਸਿਲਾ। ਅੰਤ ਵਿਚ ਸਿਹਤ ਵਿਭਾਗ ਨੇ ਪੂਰੀ ਛਾਣਬੀਣ ਕਰ ਕੇ ਨੋਟ ਲਿਖਿਆ, “ਠੀਕ ਹੈ ਦੇਵਤਾ ਦਾਸ ਦਾ ਕੱਦ ਠਿਗਣਾ ਹੈ ਪਰੰਤੂ ਮੈਡੀਕਲ ਬੋਰਡ ਨੇ ਇਨ੍ਹਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਮੰਨਿਆ ਹੈ ਤੇ ਸਿਰਫ ਠਿਗਣਾ ਕੱਦ ਜਨ ਸੇਵਾ ਦੇ ਮਾਰਗ ਵਿਚ ਕੋਈ ਰੋੜਾ ਨਹੀਂ ਅਟਕਾਂਦਾ!” ਫਾਈਲ ਪੜ੍ਹੀ ਤਾਂ ਰਾਮ ਪ੍ਰਸ਼ਾਦ ਨੂੰ ਲੱਗਾ, ਬਾਜ਼ੀ ਹਾਰ ਗਏ ਹਨ ਪਰ ਉਹ ਵੀ ਢੀਠ ਕਿਸਮ ਦੇ ਆਦਮੀ ਸਨ। ਮਰੇ ਹੋਏ ਨੂੰ ਕਾਫੀ ਦੇਰ ਆਕੜਿਆ ਹੋਇਆ ਹੀ ਸਾਬਤ ਕਰਦੇ ਰਹਿੰਦੇ ਸਨ। ਇਕ ਗੱਲ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਸੀ ਕਿ ਇੰਨਾ ਲੰਮਾ ਸਮਾਂ ਬੀਤਣ ਬਾਅਦ ਵੀ ਦੇਵਤਾ ਦਾਸ ਨੇ ਕਦੀ ਰਾਮ ਪ੍ਰਸ਼ਾਦ ਨੂੰ ਆਪਣੇ ਮੂੰਹੋਂ ‘ਪੈਰ ਟਿਕਾਊਂ ਬਾਰੇ ਨਹੀਂ ਸੀ ਪੁਛਿਆ। ਰਾਮ ਪ੍ਰਸ਼ਾਦ ਨੂੰ ਤਾਂ ਕਈ ਨਿਰਾਲੇ ਤਜਰਬੇ ਸਨ ਉਸ ਨੇ ਉਹ ਅਫਸਰ ਦੇਖੇ ਸਨ ਜੋ ਉਸ ਕੋਲੋ ਆਪਣੇ ਬੱਚਿਆਂ ਲਈ ਵੀ ਦਫਤਰ ਦੀ ਸਟੇਸ਼ਨਰੀ ਲੈ ਜਾਂਦੇ ਸਨ। ਕਹਿੰਦੇ ਨੇ ਜਵਾਨੀ ਵਿਚ ਰਾਮ ਪ੍ਰਸ਼ਾਦ ਫੁੱਟਬਾਲ ਦਾ ਚੰਗਾ ਖਿਡਾਰੀ ਸੀ ਤੇ ਹੁਣ ਉਹ ਫਾਈਲਾਂ ਨਾਲ ਫੁਟਬਾਲ ਦੀ ਆਦਤ ਦਾ, ਝੱਸ ਪੂਰਾ ਕਰਦੇ ਸਨ ਤੇ ਫਾਈਲਾਂ ਨੂੰ ਲੱਤਾਂ ਮਾਰਦੇ ਰਹਿੰਦੇ ਪਰ ਗੋਲ ਕਰਦੇ ਸਨ ਫਾਈਲ ਦਾ ਨਾਸ ਮਾਰ ਕੇ। ਰਾਮ ਪ੍ਰਸ਼ਾਦ ਨੇ ਹੁਣ ਫਾਈਲ ਸਰਕਾਰੀ ਲੋਕ ਨਿਰਮਾਣ ਵਿਭਾਗ ਨੂੰ ਭੇਜ ਦਿੱਤੀ ਜਿੱਥੇ ਫਰਨੀਚਰ ਸਪਲਾਈ ਕੀਤਾ ਜਾਂਦਾ ਸੀ, “ਕਿਰਪਾ ਕਰਕੇ ਇਕ ਦਰਜਨ ‘ਪੈਰ ਟਿਕਾਊ’ ਅਲੱਗ-ਅਲੱਗ ਨਾਪ ਦੇ ਤੁਰੰਤ ਭੇਜੇ ਜਾਣ। ਫਿਲਹਾਲ ਬੇਸ਼ੱਕ ਇਕੋ ਦੀ ਹੀ ਮੰਗ ਹੈ ਪਰੰਤੂ ਅੱਜ ਕੱਲ੍ਹ, ਮੈਡੀਕਲ ਬੋਰਡ ਕਾਫੀ ਖੁੱਲ੍ਹੇ- ਦਲੇਰ ਹੋ ਗਏ ਹਨ ਸੋ ਭਵਿਖ ਵਿਚ ਵੀ ਇਨ੍ਹਾਂ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ “ਲੋਕ ਨਿਰਮਾਣ ਵਿਭਾਗ ਨੂੰ ਕਈ ਚੇਤਾ-ਕਰਾਉ ਚਿੱਠੀਆਂ ਭੇਜੀਆਂ ਗਈਆਂ। ਪੰਜ ਮਹੀਨੇ ਮਗਰੋਂ ਇਹ ਚਿੱਠੀ ਆਈ, “ਇਹ ‘ਚਰਨ-ਟਿਕਾਊ’ ਸਾਡੇ ਸਟਾਕ ਵਿਚ ਨਹੀਂ ਹਨ।
ਤੁਸੀਂ ਇਹਨਾਂ ਨੂੰ ਸਿੱਧਾ ਹੀ ਖਰੀਦ ਸਕਦੇ ਹੋ ਪਰ ਕਾਰਵਾਈ ਸਾਡੇ ਮਹਿਕਮੇ ਦੀ ਗਸ਼ਤੀ ਚਿੱਠੀ ਨੰਬਰ iCTI 13063/13/69-31-3-69-1″ ਮਹਿਕਮੇ ਦਾ ਇਹ ਨੋਟ ਰਾਮ ਪ੍ਰਸ਼ਾਦ ਦੇ ਮੂੰਹ ਤੇ ਇਕ ਤਮਾਚਾ ਸੀ। 35 ਸਾਲਾਂ ਤੋਂ ਉਹ ਫਰਨੀਚਰ ਖਰੀਦ ਦਾ ਆਇਆ ਸੀ ਪਰ ਉਸ ਨੂੰ ਮਹਿਕਮੇ ਦੀ 1969 ਦੀ ਗਸ਼ਤੀ ਚਿੱਠੀ ਦਾ ਵੀ ਗਿਆਨ ਨਹੀਂ ਪਰ, ਉਹਨਾਂ ਇਥੇ ਵੀ ਹੁਸ਼ਿਆਰੀ ਦਿਖਾਈ ਤੇ ਮੁੜਵੀਂ ਚਿੱਠੀ ਲਿਖਤੀ, “ਹਵਾਲੇ ਤਹਿਤ, ਤੁਹਾਡੀ ਗਸ਼ਤੀ ਚਿੱਠੀ ਸਾਡੇ ਰਿਕਾਰਡ ਵਿਚ ਨਹੀਂ ਹੈ। ਇਸ ਦਾ ਉਤਾਰਾ ਭੇਜਿਆ ਜਾਵੇ।” ਤਿੰਨ ਮਹੀਨੇ ਮਗਰੋਂ ਜਵਾਬ ਆ ਗਿਆ, “ਗਸ਼ਤੀ ਚਿੱਠੀ ਸਾਡੇ ਕੋਲ ਨਹੀਂ ਹੈ। ਬੇਸ਼ੱਕ ਤੁਸੀਂ ਆਪਣਾ ਟਾਈਪਿਸਟ ਭੇਜ ਕੇ ਸਾਡੀ ਦਫਤਰੀ ਫਾਇਲ ‘ਚੋਂ ਇਸ ਦੀ ਨਕਲ ਕਰਵਾ ਸਕਦੇ ਹੋ। ਵੈਸੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਐਸੇ ਅਤਿ ਜ਼ਰੂਰੀ ਸੰਜ਼ਮ-ਵਰਤੋਂ ਸੰਬੰਧੀ ਚਿੱਠੀ ਦਾ ਉਤਾਰਾ ਤੁਹਾਡੇ ਕੋਲ ਨਹੀਂ ਹੈ।”
ਰਾਮ ਪ੍ਰਸ਼ਾਦ ਦੇ ਮੂੰਹੋਂ ਗਾਲ੍ਹ ਨਿਕਲ ਗਈ, ” ਸਾਲਿਓ, ਨੰਗੋ ਚਾਰ ਜ਼ਮਾਨੇ ਦਿਓ, ਤੁਸੀਂ ਬਿਨਾਂ ਟਾਈਪਿਸਟਾਂ ਦੇ ਹੀ ਬੈਠੇ ਹੋ। ਚੱਲੋ ਅੱਛਾ ਗਰਜ਼ ਤਾਂ ਸਾਡੀ ਹੈ ਨਾ।” ਰਾਮ ਪ੍ਰਸ਼ਾਦ ਨੇ ਵਰਿੰਦਰ ਕੁਮਾਰ ਕਲਰਕ ਨੂੰ ਦਿੱਲੀ ਜਾ ਕੇ ਗਸ਼ਤੀ ਚਿੱਠੀ ਲਿਆਉਣ ਲਈ ਹੁਕਮ ਕਰ ਦਿੱਤੇ। ਪਚਨਵੇਂ ਰੁਪਏ ਉਸ ਨੂੰ ਜਲੰਧਰ ਤੋਂ ਦਿੱਲੀ ਤੱਕ ਸਫਰ ਭੱਤੇ ਆਦਿਕ ਲਈ ਮਿਲ ਗਏ ਗਸ਼ਤੀ ਚਿੱਠੀ ਆਈ ਤਾਂ ਲਿਖਿਆ ਸੀ, “ਜੇ ਕਿਸੇ ਮਹਿਕਮੇ ਨੂੰ ਕਿਸੇ ਨਵੇਂ ਸਾਮਾਨ ਦੀ ਲੋੜ ਪੈ ਜਾਵੇ ਤਾਂ ਇਸ ਨੂੰ ਖਰੀਦਣ ਤੋਂ ਪਹਿਲਾਂ ਉਸ ਨੂੰ ਚਾਹੀਦਾ ਹੈ ਕਿ ਬਾਕੀ ਸਭ ਮਹਿਕਮਿਆਂ ਨਾਲ ਚਿੱਠੀ ਪੱਤਰ ਕਰ ਲਵੇ ਤਾਂ ਜੋ ਜੇਕਰ ਕਿਸੇ ਕੋਲ ਐਸਾ ਸਾਮਾਨ ਪਿਆ ਹੋਵੇ ਤਾਂ ਲੋੜੀਂਦੀ ਕਾਰਵਾਈ ਕਰਕੇ ਲਿਆ ਜਾਵੇ। ਇਸ ਨਾਲ ਸਰਕਾਰੀ ਬੱਚਤ ਹੋਵੇਗੀ।” ਰਾਮ ਪ੍ਰਸ਼ਾਦ ਨੂੰ ਤਾਂ ਜਿਵੇਂ ਕੋਈ ਅਣਲੱਭ ਚੀਜ਼ ਮਿਲ ਗਈ ਹੋਵੇ। ਸਾਰੇ ਵਿਭਾਗਾਂ ਨੂੰ ਚਿੱਠੀਆਂ ਪਾ ਦਿੱਤੀਆਂ ਗਈਆਂ। ਸਾਰੇ ਮਹਿਕਮਿਆਂ ਤੋਂ ਜਵਾਬ ਜਦੋਂ ਤੱਕ ਆਏ ਦਸ ਮਹੀਨੇ ਹੋਰ ਕਾਲ ਦੀ ਖਾਈ ਵਿਚ ਗੁੰਮ ਹੋ ਗਏ। ਗੱਲ ਉੱਥੇ ਦੀ ਉੱਥੇ ਹੀ ਰਹੀ।
ਸਾਲ ਬੀਤ ਗਏ। ਦੇਵਤਾ ਦਾਸ ਰਾਮ ਪ੍ਰਸ਼ਾਦ ਦੀ ਮੱਖਾਬਾਜ਼ੀ ਕਰਨ ਵੀ ਨਾ ਆਇਆ। ਅੰਤ ਰਾਮ ਪ੍ਰਸ਼ਾਦ ਨੇ ਹਥਿਆਰ ਸੁੱਟ ਦਿੱਤੇ । ਫਾਇਲ ਤਾਂ ਖਮੀਰੇ ਆਟੇ ਵਾਂਗ ਫੁੱਲਦੀ ਹੀ ਜਾਂਦੀ ਸੀ। ਅੰਤ ਉਸਨੇ ਪਾਏਦਾਨ ਖਰੀਦਣ ਦਾ ਫੈਸਲਾ ਕਰ ਹੀ ਲਿਆ। ਪਰ ਇਸ ਨਵੇਂ ਖਰਚੇ ਲਈ ਬਜਟ ਵਿਚ ਕੋਈ ਧਾਰਾ ਨਹੀਂ ਸੀ।
ਇਸ ਦਾ ਮਤਲਬ ਸੀ ਬਗੈਰ ਯੋਜਨਾ ਦੇ ਖਰਚੇ ਲਈ ਵਿੱਤ ਵਿਭਾਗ ਦੇ ਮੁੱਖ ਸਲਾਹਕਾਰ ਗੁਪਤੇ ਕੋਲੋਂ ਮਨਜੂਰੀ ਲੈਣੀ ਪਵੇਗੀ। ਪਰ ਗੁਪਤੇ ਕੋਲ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਉਸ ਬਾਰੇ ਮਸ਼ਹੂਰ ਸੀ ਕਿ ਅਫਸਰ ਉਸ ਨਾਲ ਹੱਥ ਮਿਲਾ ਕੇ ਆਪਣੀਆਂ ਉਂਗਲਾਂ ਗਿਣ ਲਿਆ ਕਰਦੇ ਸਨ। ਉਹਨਾਂ ਇਕ ਤਕੜਾ ਨੋਟ ਲਿਖਿਆ ਤੇ ਫਾਈਲ ਕਾਨਪੁਰ ਭੇਜ ਦਿੱਤੀ। ਪਹਿਲਾਂ ਨਾ-ਮਨਜ਼ੂਰੀ ਦੀ ਚਿੱਠੀ ਆਈ ਤੇ ਫਿਰ ਸਪੱਸ਼ਟੀਕਰਣ। ਫਿਰ ਇਕ ਚੱਕਰ ਕਾਨਪੁਰ ਦਾ ਰਾਮ ਪ੍ਰਸ਼ਾਦ ਨੂੰ ਲਾਉਣਾ ਪਿਆ ਤੇ ਕਿਤੇ ਜਾ ਕੇ ਮਨਜ਼ੂਰੀ ਮਿਲੀ ਪਰ ਸਿਰਫ ਦੋਹਾਂ ਦੀ। ਪਰ ਰਾਜੇ ਦੀ ਘੋੜੀ ਅਜੇ ਸੂਈ ਨਹੀਂ ਸੀ ਅਜੇ ਕੁਝ ਮਹੀਨੇ ਹੋਰ ਲੱਗਣੇ ਸਨ। ਇਸ਼ਤਿਹਾਰ ਦਿੱਤਾ ਗਿਆ- ਟੈਂਡਰ ਮੰਗੇ ਗਏ। ਖੋਲ੍ਹੇ ਗਏ। ਫਿਰ ਘੱਟ ਕੀਮਤ ਵਾਲੀ ਫਰਮ ਨੂੰ ਲਿਖਿਆ ਗਿਆ। ਇਸ ਦੀ ਇਕ ਕਾਪੀ ਦੇਵਤਾ ਦਾਸ ਨੂੰ ਦੇ ਦਿੱਤੀ ਗਈ। ਰਾਮ ਪ੍ਰਸ਼ਾਦ ਨੂੰ ਆਪਣੇ ਫਰਜ਼ ਦਾ ਅਹਿਸਾਸ ਹੋਇਆ। ਉਹਨਾਂ ਨੇ ਫੁੱਟਬਾਲ ਦੇ ਜ਼ਮਾਨੇ ਦਾ ਗੋਲ ਕਰ ਦਿੱਤਾ ਤੇ ਫਾਇਲ ਸੂਚਨਾ ਲਈ ਦੇਵਤਾ ਦਾਸ ਕੋਲ ਭੇਜ ਦਿੱਤੀ ਗਈ।
ਇੰਨੀ ਮੋਟੀ ਫਾਈਲ ਜਦ ਦੇਵਤਾ ਦਾਸ ਦੇ ਮੇਜ਼ ‘ਤੇ ਪਹੁੰਚੀ ਤਾਂ ਉਸ ਨੂੰ ਲੱਗਾ ਕਿ ਇਹ ਕੋਈ ਮੱਹਤਵਪੂਰਨ ਫਾਈਲ ਹੋਵੇਗੀ। ਕਈ ਦਿਨ ਸੋਚਦਾ ਰਿਹਾ ਕਿਸੇ ਵਿਹਲੇ ਸਮੇਂ ਇਹ ਫਾਈਲ ਪੜ੍ਹਾਂਗਾ। ਇਕ ਦਿਨ ਉਹ ਜਲਦੀ ਦਫਤਰ ਪਹੁੰਚ ਗਿਆ ਕਿਉਂਕਿ ਵਿਸ਼ੇਸ਼ ਫਾਈਲਾਂ ਦਫਤਰੀ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਹੀ ਦੇਖੀਆਂ ਜਾਂਦੀਆਂ ਹਨ। ਡਰਦੇ ਡਰਦੇ ਨੇ ਫਾਈਲ ਖੋਲ੍ਹੀ ਅਖੀਰ ਵਿਚ ਇਕੋ ਸਤਰ ਸੀ, “ਕਿਰਪਾ ਕਰਕੇ ਇਕ ਸਫ਼ੇ ਦੇ ਮਾਮਲੇ ਹਿੱਤ ਅੰਤਿਮ ਕਾਰਵਾਈ ਦੇਖੋ।”
ਦੇਵਤਾ ਦਾਸ ਨੇ ਸਾਰੀ ਫਾਈਲ ਫੋਲੀ, ਸਾਰਾ ਪਹਾੜ ਪੱਟਿਆ ਪਰ ਖਾਲੀ ਹੱਥ। ਉਹ ਹੱਸਿਆ ਤੇ ਨੋਟ ਲਿਖਿਆ, “ਦੇਖ ਲਿਆ ਧੰਨਵਾਦ। ਜੇ ਦੋ ਸਾਲ ਪਹਿਲਾਂ ਇਹ ਫਾਈਲ ਆ ਜਾਂਦੀ ਤਾਂ ਪਾਏਦਾਨ ਦਾ ਕੰਮ ਮੈਂ ਇਸੇ ਤੋਂ ਲੈ ਲੈਂਦਾ ਹੁਣ ਮੈਨੂੰ ‘ਪੈਰ-ਟਿਕਾਉਂ’ ਦੀ ਲੋੜ ਨਹੀਂ ਹੈ। ਮੈਂ ‘ਪੈਰ- ਟਿਕਾਊ’ ਦੀ ਲੋੜ ਸੰਬੰਧੀ ਨੋਟ ਲਿਖਣ ਤੋਂ ਬਾਦ ਦੋ ਚਾਰ ਦਿਨ ਇੰਤਜ਼ਾਰ ਕੀਤਾ ਸੀ। ਜਦ ਮੈਨੂੰ ਪਤਾ ਲੱਗਾ ‘ਪੈਰ-ਟਿਕਾਊ’ ਜਲਦੀ ਮਿਲਣ ਵਾਲਾ ਨਹੀਂ ਤਾਂ ਮੈਂ ਇਕ ਐਤਵਾਰ ਰੈਣਕ ਬਾਜ਼ਾਰ ਚਲਾ ਗਿਆ ਤੇ ਹੇਮ ਬਾਣੀਏ ਦੀ ਹੱਟੀ ਤੋਂ ਦੋ ਰੁਪਏ ਦਾ ਖਾਲੀ ਟੀਨ ਦਾ ਡੱਬਾ ਖਰੀਦ ਲਿਆਇਆ ਸੀ। ਇਹੋ ਖਾਲੀ ਡੱਬਾ ਮੈਨੂੰ ‘ਪੈਰ- ਟਿਕਾਊ’ ਦਾ ਬੜਾ ਵਧੀਆ ਕੰਮ ਦੇ ਰਿਹਾ ਹੈ।
ਫਾਈਲ ਰਾਮ ਪ੍ਰਸ਼ਾਦ ਕੋਲ ਪਹੁੰਚੀ। ਉਸਨੇ ਦੇਵਤਾ ਦਾਸ ਦਾ ਨੋਟ ਪੜ੍ਹਿਆ। ਇਹ ਨੋਟ ਇਕ ਧਮਾਕਾ ਸੀ। ਰਾਮ ਪ੍ਰਸ਼ਾਦ ਡੌਰ-ਭੌਰ ਦੇਖਦਾ ਰਹਿ ਗਿਆ। ਇੰਨੀ ਮੁਸੀਬਤ ਮਗਰੋਂ ਨਵਾਂ ਸਾਮਾਨ ਖਰੀਦਿਆ ਜਾਣ ਵਾਲਾ ਸੀ। ਜੇ ਉਸਦੀ ਵਰਤੋਂ ਨਾ ਕੀਤੀ ਗਈ ਤਾਂ ਲੇਖਾ ਵਿਭਾਗ ਇਸ ‘ਤੇ ਆਪੱਤੀ ਤੇ ਫਿਰ ਇਕ ਹੋਰ ਨਵੀਂ ਫਾਈਲ ਦੀ ਜਨਮ- ਸਾਖੀ ਸ਼ੁਰੂ ਹੋ ਜਾਏਗੀ।
ਪੰਜਾਬੀ ਰੂਪ : ਸੰਤ ਸੰਧੂ
ਤਲਵੰਡੀ ਸਲੇਮ (ਨਕੋਦਰ)