ਵਿਹੜੇ ਦੀ ਧੁੱਪ
ਬਾਰ੍ਹਾਂ ਵਜੇ ਦੇ ਲਗਭਗ ਘਰ ਦੇ ਛੋਟੇ ਜਿਹੇ ਵਿਹੜੇ ਵਿਚ ਸੂਰਜ ਦੀਆਂ ਕਿਰਨਾਂ ਨੇ ਪ੍ਰਵੇਸ਼ ਕੀਤਾ। ਧੁੱਪ ਦਾ ਦੋ ਫੁੱਟ ਚੌੜਾ ਟੁਕੜਾ ਜਦੋਂ ਚਾਰ ਫੁੱਟ ਲੰਬਾ ਹੋ ਗਿਆ ਤਾਂ ਸੱਠ ਵਰ੍ਹਿਆਂ ਦੀ ਮੁੰਨੀ ਦੇਵੀ ਨੇ ਉਸਨੂੰ ਆਪਣੀ ਮੰਜੀ ਉੱਤੇ ਵਿਛਾ ਲਿਆ।
“ਆਪਣੀ ਮੰਜੀ ਥੋੜੀ ਪਰੇ ਸਰਕਾ ਨਾ, ਇਨ੍ਹਾਂ ਪੌਦਿਆਂ ਨੂੰ ਵੀ ਥੋੜੀ ਧੁੱਪ ਲਵਾ ਦਿਆਂ।” ਹੱਥ ਵਿਚ ਗਮਲਾ ਚੁੱਕੀ ਸੰਪਤ ਲਾਲ ਜੀ ਨੇ ਪਤਨੀ ਨੂੰ ਕਿਹਾ।
ਧੁੱਪ ਦਾ ਟੁਕੜਾ ਮੰਜੀ ਤੇ ਗਮਲਿਆਂ ਵਿਚ ਵੰਡਿਆ ਗਿਆ। ਦੋ-ਢਾਈ ਘੰਟਿਆਂ ਤੱਕ ਮੰਜੀ ਤੇ ਗਮਲੇ ਧੁੱਪ ਦੇ ਟੁਕੜੇ ਦੇ ਨਾਲ ਨਾਲ ਸਰਕਦੇ ਰਹੇ।
ਛੁੱਟੀਆਂ ਵਿਚ ਨਾਨਕੇ ਆਏ ਦਸ ਵਰ੍ਹਿਆਂ ਦੇ ਰਾਹੁਲ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਸਦੇ ਨਾਨਾ ਜੀ ਗਮਲਿਆਂ ਨੂੰ ਵਾਰ-ਵਾਰ ਚੁੱਕ ਕੇ ਇੱਧਰ-ਉੱਧਰ ਕਿਉਂ ਕਰ ਰਹੇ ਹਨ।
ਆਖਿਰ ਉਸਨੇ ਇਸ ਬਾਰੇ ਨਾਨਾ ਜੀ ਤੋਂ ਪੁੱਛ ਹੀ ਲਿਆ।
ਸੰਪਤ ਲਾਲ ਜੀ ਬੋਲੇ, “ਬੇਟੇ, ਪੌਦਿਆਂ ਦੇ ਵਧਣ- “ਫੁੱਲਣ ਲਈ ਧੁੱਪ ਬਹੁਤ ਜ਼ਰੂਰੀ ਹੈ । ਧੁੱਪ ਦੇ ਬਿਨਾਂ ਤਾਂ ਇਹ ਹੌਲੇ-ਹੌਲੇ ਮਰ ਜਾਣਗੇ।”
ਕੁਝ ਦੇਰ ਸੋਚਣ ਮਗਰੋਂ ਰਾਹੁਲ ਬੋਲਿਆ, “ਨਾਨੂੰ, ਜਦੋਂ ਸਾਡੇ ਵਿਹੜੇ ਵਿਚ ਚੰਗੀ ਤਰ੍ਹਾਂ ਨਾਲ ਧੁੱਪ ਆਉਂਦੀ ਹੀ ਨਹੀਂ ਤਾਂ ਤੁਸੀਂ ਇਹ ਪੌਦੇ ਲਾਏ ਹੀ ਕਿਉਂ?”
“ਜਦੋਂ ਪੌਦੇ ਲਾਏ ਸਨ, ਉਦੋਂ ਤਾਂ ਬਹੁਤ ਧੁੱਪ ਆਉਂਦੀ ਸੀ। ਉਂਜ ਵੀ ਹਰ ਘਰ ‘ਚ ਪੌਦੇ ਤਾਂ ਹੋਣੇ ਹੀ ਚਾਹੀਦੇ ਨੇ।”
“ਪਹਿਲਾਂ ਬਹੁਤ ਧੁੱਪ ਕਿਵੇਂ ਆਉਂਦੀ ਸੀ?” ਰਾਹੁਲ ਹੈਰਾਨ ਸੀ।
“ਬੇਟੇ, ਪਹਿਲਾਂ ਸਾਡੇ ਘਰ ਦੇ ਚਾਰੇ ਪਾਸੇ, ਸਾਡੇ ਘਰ ਵਰਗੇ ਇਕ ਮੰਜ਼ਲਾ ਮਕਾਨ ਹੀ ਸਨ। ਫਿਰ ਬਾਹਰੋਂ ਲੋਕ ਆਉਣ ਲੱਗੇ। ਉਨ੍ਹਾਂ ਨੇ ਇਕ-ਇਕ ਕਰਕੇ ਗਰੀਬ ਲੋਕਾਂ ਦੇ ਕਈ ਮਕਾਨ ਖਰੀਦ ਲਏ ਤੇ ਸਾਡੇ ਇਕ ਪਾਸੇ ਬਹੁ-ਮੰਜ਼ਲਾ ਇਮਾਰਤ ਬਣਾ ਲਈ। ਫਿਰ ਇੰਜ ਹੀ ਸਾਡੇ ਦੂਜੇ ਪਾਸੇ ਵੀ ਉੱਚੀ ਇਮਾਰਤ ਬਣ ਗਈ।”
” ਤੇ ਫਿਰ ਪਿੱਛਲੇ ਪਾਸੇ ਵੀ ਉੱਚੀ ਬਿਲਡਿੰਗ ਬਣ ਗਈ, ਹੈ ਨਾ?” ਰਾਹੁਲ ਨੇ ਆਪਣੀ ਬੁੱਧੀ ਦਾ ਪ੍ਰਯੋਗ ਕਰਦੇ ਹੋਏ ਕਿਹਾ।
” ਹਾਂ, ਅਸੀਂ ਆਪਣਾ ਜੱਦੀ ਮਕਾਨ ਨਹੀਂ ਵੇਚਿਆ ਤਾਂ ਉਨ੍ਹਾਂ ਨੇ ਸਾਡੇ ਵਿਹੜੇ ਦੀ ਧੁੱਪ ਤੇ ਕਬਜਾ ਕਰ ਲਿਆ।” ਸੰਪਤ ਲਾਲ ਜੀ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ।