ਦਰਿਆਵਾਂ ਦੇ ਵਹਿਣ

ਜਾ ਕੇ ਪੁੱਛੋ ਉਨ੍ਹਾਂ ਦੁਖਿਆਰਿਆਂ ਨੂੰ,
ਜਿੱਥੇ ਪਈ ਪਾਣੀ ਦੀ ਮਾਰ ਭਾਈ।

ਫਸਲ ਹੜ੍ਹੀ, ਹੜ੍ਹੇ ਘਰ ਬਾਰ ਸਾਰੇ,
ਗਏ ਕਰਮ ਜਿਨ੍ਹਾਂ ਦੇ ਹਾਰ ਭਾਈ।

ਸੈਂਕੜੇ ਸਾਲ ਨਾ ਘਾਟੇ ਹੋਣ ਪੂਰੇ,
ਉੱਜੜ ਗਏ ਨੇ ਲੱਖਾਂ ਪ੍ਰੀਵਾਰ ਭਾਈ।

ਹਾਕਾਂ ਮਾਰ ਦੇ ਖੜ੍ਹ ਬਨੇਰਿਆਂ ‘ਤੇ,
ਆ ਕੇ ਲਵੇ ਕੋਈ ਸਾਡੀ ਸਾਰ ਭਾਈ।

ਪਾਣੀ ਕੰਢੇ ਖੋਰੇ, ਮਾਵਾਂ ਪੁੱਤ ਤੋਰੇ,
ਭਰ ਟਰਾਲੀਆਂ ਹੋ ਤਿਆਰ ਭਾਈ।

ਚਾਰਾ, ਤੂੜੀ, ਖਲ, ਫੀਡ ਲੱਦ ਲੈ ਗਏ,
ਕਣਕ, ਆਟਾ, ਚੋਲ, ਜਵਾਰ ਭਾਈ।

ਮਾਰ ਬੰਨ੍ਹ ਦਰਿਆਵਾਂ ਦੇ ਵਹਿਣ ਮੋੜੇ,
ਨਹੀਂ ਮੰਨਦੇ ਪੰਜਾਬੀ ਹਾਰ ਭਾਈ।

ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਪੱਤੋ’,
ਜਿੱਥੇ ਹੋਏ ਅਜੀਤ ਜੁਝਾਰ ਭਾਈ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ, ਮੋਗਾ
ਫੋਨ: 9465821417