ਬਹਾਰਾਂ ਆਉਣੀਆਂ ਮੁੜਕੇ

ਬਹਾਰਾਂ ਆਉਣੀਆਂ ਮੁੜਕੇ, ਉਡੀਕਾਂ ਪਾਸ ਤੂੰ ਰੱਖੀਂ।
ਬਦਲਦੀ ਹਰ ਘੜੀ ਪਲ ਨੂੰ, ਕਲੇਜੇ ਆਸ ਤੂੰ ਰੱਖੀਂ।

ਸਮੁੰਦਰ ਸ਼ੂਕਦਾ ਸੀ ਜਿਸ ਜਗ੍ਹਾ ਪਰਬਤ ਨਜ਼ਰ ਆਉਂਦੇ,
ਤੇਰੇ ਥਲ ਨੇ ਸਮੁੰਦਰ ਹੋਵਣਾ ਵਿਸ਼ਵਾਸ ਤੂੰ ਰੱਖੀ।

ਜ਼ਮਾਨਾ ਇਸ ਤਰ੍ਹਾਂ ਦਾ ਹੈ ਚੁਫੇਰੇ ਦਿਸ ਰਹੇ ਰਾਖ਼ਸ਼,
ਭਲੇ ਮਾਨਵ ਦਾ ਅਪਣੇ ਜਿਗਰ ਵਿਚ ਅਹਿਸਾਸ ਤੂੰ ਰੱਖੀਂ।

ਇਹ ਉਡਦੀ ਮਹਿਕ ਫੁੱਲਾਂ ਦੀ, ਜਿਵੇਂ ਮਦਹੋਸ਼ ਕਰ ਦੇਵੇ,
ਗਲੀ ਵਿਚ ਕੱਖ ਜਿਹਾ ਹੋ ਕੇ, ਵੀ ਦਰਜਾ ਖ਼ਾਸ ਤੂੰ ਰੱਖੀਂ।

ਤੂੰ ਅਪਣੀ ਸੋਚ ਵਿਚ ਉਪਰਾਮਤਾ ਦਾ ਰਾਗ ਨਾ ਛੇੜੀਂ,
ਉਡਾਰੀ ਅੰਬਰਾਂ ਤਕ ਲਾਉਣ ਦਾ ਧਰਵਾਸ ਤੂੰ ਰੱਖੀਂ।

ਕਮਾਈ ਆਪਣੇ ਕਰਮਾਂ ਤੇ ਧਰਮਾਂ ਤੋਂ ਕਮਾਉਣੀ ਹੈ,
ਤਿਹਾਏ ਪੰਛੀਆਂ ਲਈ ਰੂਹ ਦੇ ਵਿਚ ਅਰਦਾਸ ਤੂੰ ਰੱਖੀਂ।