ਨੀਨਾ ਦੀ ਮੰਮੀ

ਹਰੀਸ਼ ਕੁਮਾਰ 'ਅਮਿਤ'

ਗੁਰੂਗ੍ਰਾਮ-122011 (ਹਰਿਆਣਾ) 98992 21107.

ਜਦੋਂ ਮੈਂ ਬੱਸ ਤੋਂ ਉਤਰ ਕੇ ਘਰ ਵੱਲ ਤੁਰਨਾ ਸ਼ੁਰੂ ਕੀਤਾ ਤਾਂ ਸ਼ਾਮ ਰਾਤ ਵਿੱਚ ਬਦਲ ਰਹੀ ਸੀ। ਆਪਣੇ ਸੱਜੇ ਹੱਥ ਵਿੱਚ ਬ੍ਰੀਫਕੇਸ ਫੜ ਕੇ ਮੈਂ ਨਪੇ-ਤੁਲੇ ਕਦਮਾਂ ਨਾਲ ਚੱਲ ਰਿਹਾ ਸਾਂ। ਅੱਜ ਮੈਂ ਪੱਕਾ ਇਰਾਦਾ ਕੀਤਾ ਸੀ ਕਿ ਘਰ ਪਹੁੰਚਦੇ ਹੀ ਨੀਨਾ ਦੀ ਮੰਮੀ ਨੂੰ ਘਰੋਂ ਚਲੇ ਜਾਣ ਲਈ ਕਹਿ ਦਿਆਂਗਾ।

ਮੈਂ ਕਈ ਦਿਨਾਂ ਤੋਂ ਸੋਚਾਂ ਵਿੱਚ ਡੁੱਬਿਆ ਹੋਇਆ ਸਾਂ ਕਿ ਨੀਨਾ ਦੀ ਮੰਮੀ ਨੂੰ ਇਹ ਗੱਲ ਕਹਾਂ ਜਾਂ ਨਾ। ਆਖ਼ਰ ਉਹ ਮੇਰੀ ਸੱਸ ਲੱਗਦੀ ਸੀ। ਇੱਕ ਪਾਸੇ ਮੇਰਾ ਦਿਲ ਕਹਿੰਦਾ ਸੀ ਕਿ ਉਹ ਮਜਬੂਰੀ ਵਿੱਚ ਸਾਡੇ ਕੋਲ ਰਹਿਣ ਆਈ ਹੈ, ਇਸ ਲਈ ਸਾਨੂੰ ਉਸਨੂੰ ਸ਼ਰਨਾਰਥੀ ਸਮਝ ਕੇ ਆਸਰਾ ਦੇਣਾ ਚਾਹੀਦਾ ਹੈ। ਪਰ ਦੂਜੇ ਪਾਸੇ ਮੇਰਾ ਮਨ ਮੈਨੂੰ ਸਮਝਾਉਣ ਲੱਗਦਾ ਕਿ ਜੇ ਇਹ ਦੋ-ਚਾਰ ਦਿਨਾਂ ਦੀ ਗੱਲ ਹੁੰਦੀ, ਫਿਰ ਤਾਂ ਠੀਕ ਸੀ। ਪਰ ਉਨ੍ਹਾਂ ਨੂੰ ਸਾਡੇ ਕੋਲ ਆਇਆਂ ਲਗਭਗ ਇੱਕ ਮਹੀਨਾ ਹੋ ਗਿਆ ਸੀ, ਅਤੇ ਅਜੇ ਉਨ੍ਹਾਂ ਦੇ ਆਪਣੇ ਕਿਸੇ ਵੀ ਪੁੱਤਰ ਕੋਲ ਜਾ ਕੇ ਰਹਿਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਸਨ। ਇਸ ਲਈ ਮੈਨੂੰ ਇਸ ਬਾਰੇ ਵਧੇਰੇ ਸੋਚਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਸਖ਼ਤ ਸ਼ਬਦਾਂ ਵਿੱਚ ਕਹਿ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਕਿਸੇ ਬੇਟੇ ਕੋਲ ਚਲੇ ਜਾਣ।

ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਉਹ ਸਾਡੇ ਕੋਲ ਰਹਿਣ ਆਏ ਸਨ, ਸਾਡੀ ਤਾਂ ਜਿਵੇਂ ਜ਼ਿੰਦਗੀ ਹੀ ਬਦਲ ਗਈ ਸੀ। ਸਭ ਤੋਂ ਪਹਿਲਾਂ ਤਾਂ ਥਾਂ ਦੀ ਸਮੱਸਿਆ ਸੀ। ਸਾਡੇ ਸਕੂਲ ਜਾਣ ਵਾਲੇ ਦੋਵੇਂ ਬੱਚੇ ਵੱਡੇ ਹੋ ਰਹੇ ਸਨ। ਅਜਿਹੀ ਹਾਲਤ ਵਿੱਚ ਸਾਡਾ ਇੱਕ ਬੈੱਡਰੂਮ ਵਾਲਾ ਫਲੈਟ ਅਕਸਰ ਛੋਟਾ ਲੱਗਦਾ ਸੀ। ਘਰ ਵਿੱਚ ਕਿਸੇ ਹੋਰ ਦੇ ਰਹਿਣ ਲਈ ਜਗ੍ਹਾ ਕੱਢਣੀ ਬੜਾ ਮੁਸ਼ਕਿਲ ਕੰਮ ਸੀ। ਉੱਤੋਂ ਸਰਦੀਆਂ ਦੇ ਦਿਨ ਚੱਲ ਰਹੇ ਸਨ।

ਪਹਿਲਾਂ ਜਦੋਂ ਵੀ ਉਹ ਸਾਡੇ ਘਰ ਕੁਝ ਦਿਨਾਂ ਲਈ ਆਉਂਦੇ ਸਨ, ਤਾਂ ਮੈਨੂੰ ਡਰਾਇੰਗ ਰੂਮ ਵਿੱਚ ਫਰਸ਼ ‘ਤੇ ਸੌਣਾ ਪੈਂਦਾ ਸੀ ਤਾਂ ਜੋ ਉਸਦੇ ਲਈ ਬੈੱਡਰੂਮ ਵਿੱਚ ਜਗ੍ਹਾ ਬਣ ਸਕੇ। ਇਸ ਨਾਲ ਮੈਨੂੰ ਬਹੁਤ ਬੇਆਰਾਮੀ ਮਹਿਸੂਸ ਹੁੰਦੀ ਸੀ। ਮੇਰਾ ਪੜ੍ਹਨ-ਲਿਖਣ ਦਾ ਸਾਰਾ ਕੰਮ ਜਿਵੇਂ ਬੰਦ ਹੀ ਹੋ ਜਾਂਦਾ ਸੀ, ਪਰ ਮੇਰੇ ਕੋਲ ਡਰਾਇੰਗ ਰੂਮ ਵਿੱਚ ਫਰਸ਼ ‘ਤੇ ਸੌਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਸਵੇਰੇ ਦਫ਼ਤਰ ਜਾਣ ਲਈ ਤਿਆਰ ਹੋਣ ਵਿੱਚ ਵੀ ਬਹੁਤ ਮੁਸ਼ਕਲ ਆਉਂਦੀ ਸੀ, ਕਿਉਂਕਿ ਮੇਰਾ ਰੋਜ਼ਾਨਾ ਦਾ ਬਹੁਤਾ ਸਾਮਾਨ ਬੈੱਡਰੂਮ ਵਿੱਚ ਹੀ ਪਿਆ ਹੁੰਦਾ ਸੀ, ਜਿੱਥੇ ਨੀਨਾ ਦੀ ਮੰਮੀ ਸੌਂ ਰਹੀ ਹੁੰਦੀ ਸੀ।

ਨੀਨਾ ਦੀ ਮਾਂ ਦੇ ਜ਼ਿੰਦਗੀ ਬਿਤਾਉਣ ਦੇ ਆਪਣੇ ਵੱਖਰੇ ਹੀ ਨਿਯਮ ਸਨ। ਮੈਂ ਸਵੇਰੇ 5:30 ਵਜੇ ਉੱਠ ਜਾਂਦਾ ਸਾਂ ਅਤੇ ਭੱਜ-ਦੌੜ ਕਰਕੇ 8:30 ਵਜੇ ਦੇ ਕਰੀਬ ਘਰੋਂ ਦਫ਼ਤਰ ਲਈ ਨਿਕਲ ਪੈਂਦਾ ਸਾਂ। ਨੀਨਾ ਮੇਰੇ ਤੋਂ ਵੀ ਪਹਿਲਾਂ ਉੱਠ ਜਾਂਦੀ ਸੀ ਅਤੇ ਚਾਹ, ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਤਿਆਰ ਕਰਨ ਵਿੱਚ ਜੁਟ ਜਾਂਦੀ ਸੀ। ਥੋੜ੍ਹੀ ਦੇਰ ਬਾਅਦ ਬੱਚੇ ਵੀ ਉੱਠ ਕੇ ਸਕੂਲ ਜਾਣ ਲਈ ਤਿਆਰ ਹੋ ਜਾਂਦੇ ਸਨ, ਪਰ ਨੀਨਾ ਦੀ ਮੰਮੀ 7:00- 7:30 ਵਜੇ ਆਰਾਮ ਨਾਲ ਉੱਠਦੀ ਸੀ। ਫਿਰ ਕਿਸੇ ਹੋਰ ਬਾਰੇ ਸੋਚੇ ਬਿਨਾਂ ਉਹ ਬਾਥਰੂਮ ਵਿਚ ਚਲੀ ਜਾਂਦੀ ਅਤੇ ਕਾਫੀ ਦੇਰ ਬਾਅਦ ਬਾਹਰ ਆਉਂਦੀ ਸੀ।

ਮੈਨੂੰ ਦਫ਼ਤਰ ਜਾਣ ਦੀ ਕਾਹਲੀ ਹੁੰਦੀ। ਮੈਂ ਨਹਾਉਣਾ ਹੁੰਦਾ, ਪਰ ਬਾਥਰੂਮ ਖਾਲੀ ਨਹੀਂ ਹੁੰਦਾ ਸੀ। ਮੇਰੇ ਮਨ ਵਿੱਚ ਤੂਫਾਨ ਉੱਠਣ ਲੱਗਦੇ। ਜੇ ਮੈਂ ਨੀਨਾ ਨੂੰ ਦਰਵਾਜਾ ਖੜਕਾਉਣ ਅਤੇ ਉਨ੍ਹਾਂ ਨੂੰ ਜਲਦੀ ਬਾਹਰ ਆਉਣ ਲਈ ਕਹਿੰਦਾ, ਤਾਂ ਉਹ ਵੀ ਕਹਿਣ ਤੋਂ ਝਿਜਕਦੀ। ਇਸੇ ਕਰਕੇ ਕਈ ਵਾਰ ਮੈਨੂੰ ਨਹਾਉਣ ਦਾ ਵਿਚਾਰ ਛੱਡ ਕੇ ਅਤੇ ਸਿਰਫ਼ ਮੂੰਹ ਅਤੇ ਹੱਥ ਧੋ ਕੇ ਹੀ ਦਫ਼ਤਰ ਜਾਣ ਨੂੰ ਮਜਬੂਰ ਹੋਣਾ ਪੈਂਦਾ ਸੀ।

ਜੱਦ ਮੈਂ ਦਫ਼ਤਰ ਜਾਣ ਤੋਂ ਪਹਿਲਾਂ ਨਾਸ਼ਤਾ ਕਰ ਰਿਹਾ ਹੁੰਦਾ ਸੀ ਤਾਂ ਉਹ ਬੈਡ ਟੀ ਦੀਆਂ ਚੁਸਕੀਆਂ ਲੈ ਰਹੇ ਹੁੰਦੇ ਸਨ। ਉਨ੍ਹਾਂ ਦਾ ਖਾਣ-ਪੀਣ ਦਾ ਰੁਟੀਨ ਵੀ ਕੁਝ ਅਲੱਗ ਹੀ ਹੁੰਦਾ ਸੀ। ਉਸ ਬੈਠ ਹੀ ਤੋਂ ਖਾਦਾ-ਪੀਂਦਾ ਘੰਟਾ ਬਾਅਦ ਉਹ ਆਮ ਤੌਰ ‘ਤੇ ਇੱਕ ਕੱਪ ਚਾਹ ਹੋਰ ਪੀਂਦੇ ਸਨ। ਫਿਰ ਦਸ-ਸਾਡੇ ਦਸ ਵਜੇ ਉਹ ਇੱਕ ਗਲਾਸ ਦੁੱਧ ਪੀਂਦੇ ਸਨ। ਉਨ੍ਹਾਂ ਦਾ ਨਾਸ਼ਤਾ ਬਾਰ੍ਹਾਂ – ਸਾਡੇ ਬਾਰ੍ਹਾਂ ਬਜੇ ਹੁੰਦਾ ਸੀ। ਉਹ ਦੁਪਹਿਰ ਦਾ ਖਾਣਾ ਲਗਭਗ ਚਾਰ ਵਜੇ ਖਾਂਦੇ ਸਨ। ਸੱਤ-ਸਾਡੇ ਸੱਤ ਵਜੇ ਉਹ ਦੋ ਪੀਸ ਸੇਕੀ ਹੋਈ ਬਰੈੱਡ, ਨਮਕ-ਮਿਰਚ ਅਤੇ ਮੱਖਣ ਨਾਲ ਖਾਂਦੀ ਸੀ ਅਤੇ ਨਾਲ ਚਾਹ ਪੀਂਦੀ ਸੀ। ਉਨ੍ਹਾਂ ਦਾ ਰਾਤ ਦਾ ਖਾਣਾ ਲਗਭਗ ਦੱਸ ਵਜੇ ਹੁੰਦਾ ਸੀ, ਜਦੋਂ ਕਿ ਅਸੀਂ ਰਾਤ ਦਾ ਖਾਣਾ ਸ਼ਾਮ ਨੂੰ ਅੱਠ ਵਜੇ ਹੀ ਖਾਂਦੇ ਲੈਂਦੇ ਸਾਂ।

ਅਸੀਂ ਰਾਤ 10 ਵਜੇ ਦੇ ਕਰੀਬ ਸੌਣ ਦੇ ਆਦੀ ਸਾਂ। ਨੀਨਾ ਦੀ ਮੰਮੀ ਰਾਤ 10:30 ਜਾਂ 11 ਵਜੇ ਤੱਕ ਟੀਵੀ  ਚਾਲੂ ਰੱਖਦੀ ਸੀ ਅਤੇ ਕੋਈ ਧਾਰਮਿਕ ਪ੍ਰਵਚਨ ਵਾਲਾ ਪ੍ਰੋਗਰਾਮ ਵੇਖਦੀ ਰਹਿੰਦੀ ਸੀ। ਬੈੱਡਰੂਮ ਵਿੱਚੋਂ ਟੀਵੀ ਦੀ ਆਵਾਜ਼ ਆਉਣ  ਕਾਰਨ ਮੈਨੂੰ ਨੀਂਦ ਨਹੀਂ ਆਉਂਦੀ ਸੀ। ਮੈਂ ਆਪਣੀ ਚਿੜਚਿੜੇਪਨ ਨੂੰ ਕਿਸੇ ਤਰ੍ਹਾਂ ਦਬਾਉਣ ਅਤੇ ਸੌਣ ਦੀ ਕੋਸ਼ਿਸ਼ ਕਰਦਾ ਰਹਿੰਦਾ।

ਗੱਲ ਸਿਰਫ਼ ਉਨ੍ਹਾਂ ਦੇ ਸੌਣ-ਜਾਗਣ ਅਤੇ ਖਾਣ-ਪੀਣ ਦੇ ਸਮੇਂ ਦੀ ਹੀ ਨਹੀਂ ਸੀ। ਇਹਨਾਂ ਨਾਲ ਤਾਂ ਕਿਸੇ ਤਰ੍ਹਾਂ ਨਜਿੱਠਿਆ ਜਾ ਸਕਦਾ ਸੀ। ਸਭ ਤੋਂ ਵੱਡੀ ਸਮੱਸਿਆ ਤਾਂ ਇਸ ਗੱਲ ਦੀ ਸੀ ਕਿ ਉਹ ਸਵੇਰ ਤੋਂ ਸ਼ਾਮ ਤੱਕ ਦੂਜਿਆਂ ਨੂੰ ਸਲਾਹਾਂ ਦਿੰਦੇ ਰਹਿੰਦੇ ਸਨ। ਉਹ ਨੀਨਾ ਅਤੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਕਿ ਇਸ ਚੀਜ਼ ਨੂੰ ਫਲਾਂ ਥਾਂ ਤੇ ਰੱਖ; ਇਸ ਸਮੇਂ ਇਹ ਕੰਮ ਕਰੋ ਜਾਂ ਨਾ ਕਰੋ; ਇਸ ਜਗ੍ਹਾ ਨੂੰ ਸਾਫ਼ ਕਰੋ, ਅਤੇ ਹੋਰ ਵੀ ਪਤਾ ਨਹੀਂ ਕੀ- ਕੁੱਝ।

ਬੈੱਡਰੂਮ ਵਿੱਚ ਪਲੰਘ ਕੋਲ ਇੱਕ ਤਿਪਾਈ ‘ਤੇ ਬਹੁਤ ਸਾਰੇ ਪੁਰਾਣੇ ਅਖ਼ਬਾਰ ਅਤੇ ਰਸਾਲੇ ਸਾਫ਼-ਸੁਥਰੇ ਢੰਗ ਨਾਲ ਰੱਖੇ  ਹੋਏ ਸਨ, ਜਿਨ੍ਹਾਂ ਨੂੰ ਮੈਂ ਹੁਣ ਤੱਕ ਸਮੇਂ ਦੀ ਘਾਟ ਕਾਰਨ ਨਹੀਂ ਪੜ੍ਹ ਸਕਿਆ ਸੀ। ਜਦੋਂ ਵੀ ਮੇਰੇ ਕੋਲ ਸਮਾਂ ਹੁੰਦਾ, ਮੈਂ ਇਨ੍ਹਾਂ ਰਸਾਲਿਆਂ ਨੂੰ ਪੜ੍ਹਦਾ, ਪਰ ਉਦੋਂ ਤੱਕ ਹੋਰ ਹੋਰ ਨਵੀਆਂ ਪੱਤਰ- ਪੱਤ੍ਰਿਕਾਵਾਂ ਆਉਣ ਨਾਲ ਤਿਪਾਈ ਤੇ ਲੱਗਿਆ ਢੇਰ ਘੱਟ ਨਹੀਂ ਹੁੰਦਾ ਸੀ।

ਨੀਨਾ ਦੀ ਮੰਮੀ ਰਸਾਲਿਆਂ ਅਤੇ ਅਖ਼ਬਾਰਾਂ ਦੇ ਢੇਰ ਤੋਂ  ਪਰੇਸ਼ਾਨ ਸੀ। ਜਦੋਂ ਵੀ ਉਹ ਸਾਡੇ ਕੋਲ ਆਉਂਦੇ ਸਨ, ਉਹ ਜ਼ੋਰ  ਦਿੰਦੇ ਸਨ ਕਿ ਅਸੀਂ ਇਨ੍ਹਾਂ ਨੂੰ ਕਿਤੇ ਅੰਦਰ ਰੱਖ ਦੇਈਏ। ਉਨ੍ਹਾਂ ਨੂੰ ਇਸ ਤਰ੍ਹਾਂ ਪਿਆ ਰਹਿਣਾ ਚੰਗਾ ਨਹੀਂ ਲੱਗਦਾ ਸੀ। ਇਹ ਸੁਣ ਕੇ ਮੈਨੂੰ ਬਹੁਤ ਖਿਝ ਆਉਂਦੀ। ‘ਕਿੱਥੇ ਅੰਦਰ ਰੱਖਾਂ?’ ਇੱਕ ਬੈੱਡਰੂਮ ਵਾਲੇ ਫਲੈਟ ਵਿੱਚ ਇੰਨੀ ਥਾਂ ਕਿੱਥੇ ਸੀ ਕਿ ਇਨ੍ਹਾਂ ਰਸਾਲਿਆਂ ਅਤੇ ਮੈਗਜ਼ੀਨਾਂ ਨੂੰ ਕਿਤੇ ਅੰਦਰ ਰੱਖਿਆ ਜਾ ਸਕੇ।

ਅਸੀਂ ਆਮ ਤੌਰ ‘ਤੇ ਰਾਤ ਦਾ ਖਾਣਾ ਬੈੱਡਰੂਮ ਵਿੱਚ ਬਿਸਤਰੇ ‘ਤੇ ਬੈਠ ਕੇ ਟੀਵੀ ਵੇਖਦੇ ਹੋਏ ਖਾਂਦੇ ਸਾਂ। ਜਦੋਂ ਨੀਨਾ ਦੀ ਮੰਮੀ ਆਉਂਦੀ ਸੀ ਤਾਂ ਮੈਂ ਟੀਵੀ ਦੇਖਣਾ ਬੰਦ ਕਰ ਦਿੰਦਾ ਸਾਂ। ਮੈਂ ਰਾਤ ਦਾ ਖਾਣਾ ਡਰਾਇੰਗ ਰੂਮ ਦੇ ਸੋਫ਼ੇ ‘ਤੇ ਜਾਂ ਫ਼ਰਸ਼ ‘ਤੇ ਵਿਛੇ ਆਪਣੇ ਬਿਸਤਰੇ ‘ਤੇ ਬੈਠ ਕੇ ਖਾਂਦਾ ਸਾਂ। ਇਸ ਦੌਰਾਨ ਮੈਂ ਬੈੱਡਰੂਮ ਤੋਂ ਆਉਣ ਵਾਲੀਆਂ ਟੀਵੀ ਪ੍ਰੋਗਰਾਮਾਂ ਦੀਆਂ ਆਵਾਜ਼ਾਂ ਨਾਲ ਹੀ ਆਪਣਾ ਦਿਲ ਬਹਿਲਾਉਣ ਦੀ ਕੋਸ਼ਿਸ਼ ਕਰਦਾ ਸਾਂ।

ਪਰ ਸਾਡੇ ਮਨਪਸੰਦ ਟੀਵੀ ਪ੍ਰੋਗਰਾਮ ਵੀ ਅਕਸਰ ਨਹੀਂ ਦੇਖੇ ਜਾ ਸਕਦੇ ਸਨ ਕਿਉਂਕਿ ਨੀਨਾ ਦੀ ਮੰਮੀ ਆਪਣੀ ਪਸੰਦ ਦਾ ਕੋਈ ਧਾਰਮਿਕ ਪ੍ਰੋਗਰਾਮ ਵੇਖਣ ਦੀ ਫ਼ਰਮਾਇਸ਼ ਕਰਦੀ ਸੀ, ਜਿਸਦਾ ਪਾਲਣ ਨੀਨਾ ਅਤੇ ਬੱਚਿਆਂ ਨੂੰ ਕਰਨਾ ਪੈਂਦਾ ਸੀ। ਨੀਨਾ ਦੀ ਮੰਮੀ ਦੀਆਂ ਟਿੱਪਣੀਆਂ ਤੋਂ ਸਿਰਫ਼ ਮੈਂ ਹੀ ਚਿੜਚਿੜਾ ਅਤੇ ਨਾਰਾਜ਼ ਨਹੀਂ ਸੀ; ਉਨ੍ਹਾਂ ਦਾ ਅਸਰ ਸਪਸ਼ਟ ਤੌਰ ‘ਤੇ ਨੀਨਾ ‘ਤੇ ਵੀ ਨਜ਼ਰ ਆਉਂਦਾ ਸੀ। ਇਹ ਵੱਖਰੀ ਗੱਲ ਹੈ ਕਿ ਉਹ ਸ਼ਾਇਦ ਮੇਰਾ ਆਪਣੀ ਮਾਂ ਦੇ ਖ਼ਿਲਾਫ਼ ਕੁਝ ਕਹਿਣਾ ਬਰਦਾਸ਼ਤ ਨਹੀਂ ਕਰੇਗੀ – ਇਸ ਲਈ ਉਹ ਮੈਨੂੰ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਕਹਿਣ ਦਿੰਦੀ ਸੀ।

ਨੀਨਾ ਦੀ ਮੰਮੀ ਜ਼ਿਆਦਾਤਰ ਆਪਣੇ ਛੋਟੇ ਪੁੱਤਰ ਰਾਹੁਲ ਕੋਲ ਰਹਿੰਦੀ ਸੀ। ਉਹ ਕਦੇ-ਕਦੇ ਆਪਣੇ ਵੱਡੇ ਪੁੱਤਰ ਸੁਨੀਲ ਨੂੰ ਮਿਲਣ ਇੱਕ-ਅੱਧ ਹਫ਼ਤੇ ਲਈ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਨੀਨਾ ਦੀ ਮੰਮੀ ਦੀ ਸੁਨੀਲ ਦੀ ਪਤਨੀ ਸ਼ਾਲੀਨੀ ਨਾਲ ਜ਼ਿਆਦਾ ਬਣਦੀ ਨਹੀਂ ਸੀ। ਅਜਿਹਾ ਨਹੀਂ ਸੀ ਕਿ ਰਾਹੁਲ ਦੀ ਪਤਨੀ ਦਿਵਿਆ ਨਾਲ ਨੀਨਾ ਦੀ ਮੰਮੀ ਦੀ ਬਹੁਤ ਬਣਦੀ ਸੀ। ਪਰ ਕਿਸੇ ਨਾ ਕਿਸੇ ਤਰ੍ਹਾਂ ਗੱਡੀ ਰਿੜ ਰਹੀ ਸੀ। ਰਾਹੁਲ ਕੋਲ ਰਹਿਣ ਦਾ ਇੱਕ ਕਾਰਨ ਇਹ ਵੀ ਸੀ ਕਿ ਰਾਹੁਲ ਆਪਣੇ ਪਰਿਵਾਰ ਨਾਲ ਉਸ ਘਰ ਵਿੱਚ ਰਹਿ ਰਿਹਾ ਸੀ ਜੋ ਨੀਨਾ ਦੇ ਸਵਰਗ ਵਾਸੀ ਪਿਤਾ ਦਾ ਸੀ।

ਲਗਭਗ ਦੋ ਮਹੀਨੇ ਪਹਿਲਾਂ ਮੈਂ ਨੀਨਾ ਤੋਂ ਇਹ ਗੱਲ ਸੁਣੀ ਸੀ ਕਿ ਉਸਦੀ ਮੰਮੀ ਦੀ ਰਾਹੁਲ ਅਤੇ ਦਿਵਿਆ ਨਾਲ ਨਿਭ ਨਹੀਂ ਰਹੀ ਸੀ ਅਤੇ ਉਹ ਜੋਰ ਦੇ ਰਹੇ ਹਨ ਨੀਨਾ ਦੀ ਮੰਮੀ ਸੁਨੀਲ ਨਾਲ ਪੱਕੇ ਤੌਰ ਤੇ ਰਹੇ। ਨੀਨਾ ਤੋਂ ਹੀ ਮੈਨੂੰ ਪਤਾ ਲੱਗਿਆ ਸੀ ਕੀ ਸ਼ਾਲੀਨੀ ਨੇ ਨੀਨਾ ਦੀ ਮੰਮੀ ਨੂੰ ਆਪਣੇ ਕੋਲ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ।

ਇਨ੍ਹਾਂ ਸਾਰੇ ਕਾਰਨਾਂ ਕਰਕੇ ਨੀਨਾ ਦੀ ਮੰਮੀ ਆਖਰਕਾਰ ਸਾਡੇ ਕੋਲ ਰਹਿਣ ਲੱਗ ਪਈ ਸੀ। ਹਾਲਾਂਕਿ ਨੀਨਾ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਵੀ ਮੈਨੂੰ ਇਸ ਬਾਰੇ ਪੁੱਛਣ ਦੀ ਖੇਚਲ ਨਹੀਂ ਕੀਤੀ।

ਮੈਂ ਘਰ ਪਹੁੰਚਣ ਹੀ ਵਾਲਾ ਸੀ। ਚਲਦੇ- ਚਲਦੇ ਮੈਂ ਫਿਰ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ।

ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਨੀਨਾ ਦੀ ਮੰਮੀ ਦੇ ਆਉਣ ਨਾਲ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਸਾਡੇ ਕੋਲ ਇੰਨ੍ਹੀ ਥਾਂ ਕਿੱਥੇ ਸੀ! ਇਸ ਤੋਂ ਇਲਾਵਾ ਉਨ੍ਹਾਂ ਦੀਆਂ ਆਦਤਾਂ, ਖਾਣ-ਪੀਣ ਅਤੇ ਸੌਣ-ਜਾਗਣ ਆਪਣਾ ਹੀ ਸਮਾਂ ਇਨ੍ਹਾਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੰਦਾ। ਫਿਰ ਉਨ੍ਹਾਂ ਦੀ ਟੋਕਾ-ਟਾਕੀ, ਜੋ ਸਵੇਰ ਤੋਂ ਸ਼ਾਮ ਤੱਕ ਚੱਲਦੀ ਰਹਿੰਦੀ ਸੀ, ਸੜੇ ਤੇ ਨਮਕ ਦਾ ਕੰਮ ਕਰਦੀ ਸੀ।

ਇਨ੍ਹਾਂ ਸਾਰੀਆਂ ਗੱਲਾਂ ਨਾਲ ਮੇਰਾ ਸਿਰ ਘੁੰਮਣ ਲੱਗਦਾ। ਘਰ ਦੀ ਹਾਲਤ ਬਾਰੇ ਸੋਚ ਕੇ ਮੇਰਾ ਖੂਨ ਅਕਸਰ ਉਬਾਲੇ ਖਾਣ ਲੱਗ ਪੈਂਦਾ। ਮੇਰਾ ਦਿਲ ਵਾਰ-ਵਾਰ ਨੀਨਾ ਦੀ ਮਾਂ ਨੂੰ ਚਲੇ ਜਾਣ ਲਈ ਕਹਿਣਾ ਚਾਹੁੰਦਾ ਸੀ, ਪਰ ਪਤਾ ਨਹੀਂ ਕੀ ਸੋਚ ਕੇ ਮੈਂ ਚੁੱਪ ਰਹਿੰਦਾ । ਹਾਲਾਂਕਿ ਮੈਂ ਨੀਨਾ ਨੂੰ ਇੱਕ ਜਾਂ ਦੋ ਵਾਰ ਧੀਮੀ ਆਵਾਜ਼ ਵਿੱਚ ਕਿਹਾ ਵੀ ਸੀ ਕਿ ਉਸਦੀ ਮੰਮੀ ਨੂੰ ਰੱਖਣਾ ਰਾਹੁਲ ਅਤੇ ਸੁਨੀਲ ਦੀ ਜ਼ਿੰਮੇਵਾਰੀ ਹੈ, ਸਾਡੀ ਨਹੀਂ, ਪਰ ਨੀਨਾ ਨੇ ਆਪਣੀ ਮਾਂ ਦਾ ਪੱਖ ਲੈਂਦੇ ਹੋਏ ਕਿਹਾ ਸੀ ਕਿ ਜੇਕਰ ਉਸਦੇ ਭਰਾ ਉਸਨੂੰ ਰੱਖਣ ਲਈ ਤਿਆਰ ਨਹੀਂ ਸਨ, ਤਾਂ ਕੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ?

ਜਦੋਂ ਵੀ ਮੈਂ ਨੀਨਾ ਦੀਆਂ ਗੱਲਾਂ ‘ਤੇ ਇਤਰਾਜ਼ ਕਰਦਾ ਸੀ, ਤਾਂ ਉਹ ਪੁੱਛਦੀ ਸੀ ਕਿ ਕੀ ਮੈਂਨੂੰ ਆਪਣੀ ਮਾਂ ਨੂੰ ਘਰੋਂ ਕੱਢ ਦਿਆਂ ! ਮੈਂ ਸਿਰਫ਼ ਮਨ ਮਸੋਸ ਕੇ ਚੁੱਪ ਕਰ ਜਾਂਦਾ। ਪਰ ਹੌਲੀ-ਹੌਲੀ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਸੀ। ਅੰਤ ਵਿੱਚ ਮੈਂ ਨੀਨਾ ਦੀ ਮੰਮੀ ਨੂੰ ਘਰੋਂ ਚਲੇ ਜਾਣ ਲਈ ਕਹਿਣ ਦਾ ਫੈਸਲਾ ਕਰ ਹੀ ਲਿਆ।

ਜਦੋਂ ਮੈਂ ਘਰ ਪਹੁੰਚਿਆ ਤਾਂ ਵੇਖਿਆ ਕਿ ਨੀਨਾ ਦੀ ਮੰਮੀ ਡਰਾਇੰਗ ਰੂਮ ਵਿੱਚ ਬੈਠੀ ਸੀ ਅਤੇ ਨੀਨਾ ਨਾਲ ਕੋਈ ਗੱਲਾਂ ਕਰ ਰਹੀ ਸੀ। ਬੱਚੇ ਵੀ ਓਥੇ ਨੇੜੇ ਹੀ ਸਨ । ਮੈਂ ਖਿਝਿਆ ਹੋਇਆ ਕਮਰੇ ਵਿੱਚ ਦਾਖਲ ਹੋਇਆ ਅਤੇ ਬ੍ਰੀਫਕੇਸ ਨੂੰ ਥਾਂ ਸਿਰ ਰੱਖ ਕੇ ਬਾਥਰੂਮ ਵੱਲ ਚਲਾ ਗਿਆ। ਮੈਂ ਫੈਸਲਾ ਕਰ ਲਿਆ ਸੀ ਕਿ ਬਾਥਰੂਮ ਤੋਂ ਬਾਹਰ ਨਿਕਲਦੇ ਹੀ ਸਭ ਤੋਂ ਪਹਿਲਾਂ ਨੀਨਾ ਦੀ ਮੰਮੀ ਨੂੰ ਸਾਫ਼-ਸਾਫ਼ ਕਹਿ ਦਿਆਂਗਾ ਕਿ ਉਨ੍ਹਾਂ ਨੂੰ ਰਾਹੁਲ ਦੇ ਘਰ ਚਲੇ ਜਾਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਹੋਰ ਜ਼ਿਆਦਾ ਆਪਣੇ ਕੋਲ ਨਹੀਂ ਰੱਖ ਸਕਦੇ।

ਮੈਨੂੰ ਆਪਣੇ ਬਿਆਨ ਦੇ ਨਤੀਜਿਆਂ ਦਾ ਚੰਗੀ ਤਰ੍ਹਾਂ ਪਤਾ ਸੀ। ਮੇਰੀ ਗੱਲ ਸੁਣ ਕੇ ਨੀਨਾ ਦੀ ਮੰਮੀ ਤਾਂ ਗੁੱਸੇ ਹੋਵੇਗੀ ਹੀ, ਨੀਨਾ ਦਾ ਪਾਰਾ ਵੀ ਸੱਤਵੇਂ ਆਕਾਸ਼ ਤੇ ਚੜ੍ਹ ਜਾਵੇਗਾ। ਪਰ ਦਿਨੋਂ-ਦਿਨ ਮੁਸ਼ਕਲ ਹੁੰਦੀ ਜਾ ਰਹੀ ਇਸ ਸਥਿਤੀ ਤੋਂ ਨਿਕਲਣ ਦਾ ਬਸ ਇਹੋ ਤਰੀਕਾ ਮੈਨੂੰ ਨਜ਼ਰ ਆ ਰਿਹਾ ਸੀ। ਦੁਬਿਧਾ ਦੇ ਚੱਕਰ ਵਿੱਚੋਂ ਮੈਂ ਹੁਣ ਬਾਹਰ ਆ ਗਿਆ ਸਾਂ । ਨੀਨਾ ਦੀ ਮੰਮੀ ਨੂੰ ਆਪਣੀ ਗੱਲ ਕਹਿ ਸਕਣ ਦੀ ਹਿੰਮਤ ਆਪਣੇ ਅੰਦਰ ਮਹਿਸੂਸ ਕਰ ਰਿਹਾ ਸਾਂ।

ਜਿਵੇਂ ਹੀ ਮੈਂ ਬਾਥਰੂਮ ਤੋਂ ਬਾਹਰ ਨਿਕਲ ਕੇ ਡਰਾਇੰਗ ਰੂਮ ਵਿੱਚ ਗਿਆ, ਮੈਨੂੰ ਨੀਨਾ ਦਾ ਉੱਚੀ ਹਾਸਾ ਸੁਣਾਈ ਦਿੱਤਾ। ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਮੇਰੇ ਕਦਮ ਓਥੇ ਹੀ ਰੁਕ ਗਏ। ਫਿਰ ਮੈਨੂੰ ਖਿਆਲ ਆਇਆ ਕਿ ਮੈਂ ਨੀਨਾ ਦਾ ਹਾਸਾ ਬਹੁਤ ਸਮੇਂ ਬਾਅਦ ਸੁਣਿਆ ਸੀ। ਘਰ-ਗ੍ਰਹਿਸਥੀ ਦੀ ਗੱਡੀ ਖਿੱਚਦੇ-ਖਿੱਚਦੇ ਸਾਡੇ ਰਿਸ਼ਤਿਆਂ ਵਿੱਚ ਅਜਿਹੀਆਂ ਕੁੜੱਤਣਾਂ ਭਰ ਗਈਆਂ ਸਨ ਕਿ ਅਸੀਂ ਸਿਰਫ਼ ਲੋੜ ਪੈਣ ‘ਤੇ ਹੀ ਇੱਕ-ਦੂਜੇ ਨਾਲ ਗੱਲ ਕਰਦੇ ਸਾਂ। ਪਿਛਲੇ ਕੁਝ ਸਾਲਾਂ ਵਿੱਚ ਮੈਂ ਨੀਨਾ ਦਾ ਗੰਭੀਰ, ਗੁੱਸੇ ਵਾਲਾ ਅਤੇ ਤਣਾਅ ਭਰਿਆ ਚਿਹਰਾ ਹੀ ਵੇਖਿਆ ਸੀ। ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਮੈਂ ਉਸਦੇ ਹਾਸੇ ਅਤੇ ਮੁਸਕਰਾਹਟਾਂ ‘ਤੇ ਮੋਹਿਤ ਰਿਹਾ ਸਾਂ। ਉਸਦਾ ਹਾਸਾ ਅੰਦਰੋਂ ਉੱਠਦਾ ਤਾਂ ਮੈਨੂੰ ਇੱਕ ਅਜੀਬ ਜਿਹਾ ਸਕੂਨ ਮਿਲਦਾ ਸੀ, ਪਰ ਹੁਣ ਉਹ ਮੁਸਕਰਾਹਟ ਅਤੇ ਹਾਸਾ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਅਲੋਪ ਹੋ ਗਏ ਸਨ। ਹੁਣ ਤਾਂ ਜ਼ਿੰਦਗੀ ਜਿਵੇਂ ਜ਼ਹਿਰ ਨਾਲ ਭਰਿਆ ਇੱਕ ਪਿਆਲਾ ਬਣ ਗਈ ਸੀ ਜਿਸਨੂੰ ਦਿਨ-ਰਾਤ ਪੀਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਨੀਨਾ ਦੇ ਹਾਸੇ ਤੋਂ ਹੈਰਾਨ ਹੋ ਕੇ ਮੈਂ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ। ਨੀਨਾ ਦੀ ਮੰਮੀ ਕੋਈ ਮਜ਼ੇਦਾਰ ਕਹਾਣੀ ਸੁਣਾ ਰਹੀ ਸੀ ਜਿਸਨੂੰ ਸੁਣ ਕੇ ਨੀਨਾ ਖਿੜਖਿੜਾ ਰਹੀ ਸੀ। ਬੱਚੇ ਵੀ ਆਪਣੀ ਨਾਨੀ ਦੀਆਂ ਗੱਲਾਂ ‘ਤੇ ਖੂਬ ਹੱਸ ਰਹੇ ਸਨ।

ਮੇਰੇ ਮਨ ਦਾ ਸਾਰਾ ਗੁੱਸਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਜੇਕਰ ਨੀਨਾ ਦੀ ਮੰਮੀ ਨਾਲ ਇਸ ਘਰ ਵਿੱਚ ਹਾਸਾ ਵਾਪਸ ਆਇਆ ਹੈ ਤਾਂ ਉਨ੍ਹਾਂ ਦਾ ਸਾਡੇ ਨਾਲ ਰਹਿਣਾ ਹੀ ਠੀਕ ਹੈ। ਅਸੀਂ ਅਗਲਾ ਸਮਾਂ ਵੀ ਉਸੇ ਤਰ੍ਹਾਂ ਕੱਟ ਲਵਾਂਗੇ, ਜਿਵੇਂ ਪਿਛਲਾ ਇੱਕ ਮਹੀਨਾ ਬਿਤਾਇਆ ਹੈ। ਜੋੜ-ਤੋੜ ਕਰਕੇ ਮੈਂ ਆਪਣੇ ਲਈ ਇੱਕ ਦੀਵਾਨ ਖਰੀਦ ਲਵਾਂਗਾ ਤਾਂ ਜੋ ਮੈਨੂੰ ਰਾਤ ਨੂੰ ਫਰਸ਼ ‘ਤੇ ਨਾ ਸੌਣਾ ਪਵੇ। ਇਹ ਸਭ ਸੋਚਦਿਆਂ ਮੈਂ ਡਰਾਇੰਗ ਰੂਮ ਵੱਲ ਵਧਿਆ ਅਤੇ ਸੋਫੇ ‘ਤੇ ਬੈਠਦਿਆਂ ਹੀ ਨੀਨਾ ਨੂੰ ਖੁਸ਼ੀ-ਭਰੀ ਆਵਾਜ਼ ਵਿੱਚ ਕਿਹਾ, “ਇੱਕ ਕੱਪ ਗਰਮਾ-ਗਰਮ ਚਾਹ ਹੋ ਜਾਏ ਝੱਟਪੱਟ। ਜੇ ਪਕੌੜੇ ਵੀ ਮਿਲ ਜਾਣ ਤਾਂ ਕਿਆ ਬਾਤ ਹੈ!”

ਅਨੁ : ਪ੍ਰੋ. ਨਵ ਸੰਗੀਤ ਸਿੰਘ

# 1, ਲਤਾ ਗਰੀਨ ਐਨਕਲੇਵ, ਪਟਿਆਲਾ-147002 (94176 92015).