ਫੋਟੋ ਦੀ ਥਾਂ

“ਨੀ, ਇੱਥੇ ਸਬਾਤ ਵਿਚ ਤੇਰੇ ਸਹੁਰੇ ਦੀ ਫੋਟੋ ਲੱਗੀ ਸੀ, ਉਹ ਕੀਹਨੇ ਲਾਹੀ ਐ? ਮੈਂ ਤਾਂ ਰੋਜ਼ਾਨਾ ਉਨਾਂ ਦੇ ਦਰਸ਼ਨ ਕਰਕੇ ਹੀ ਕਿਸੇ ਕੰਮ ਦੀ ਸ਼ੁਰੂਆਤ ਕਰਦੀ ਹਾਂ ।” ਸੱਸ ਨੇ ਆਪਣੀ ਨੂੰਹ ਨੂੰ ਕਿਹਾ।

“ਮੈਂ ਹੀ ਇਥੋਂ ਲਾਹੀ ਹੈ ਮਾਂ ਜੀ।” ਨੂੰਹ ਨੇ ਮੋੜਵਾਂ ਜਵਾਬ ਦਿਤਾ।

“ਕਿਉਂ ਤੈਨੂੰ ਕੀ ਲੋੜ ਪੈ ਗਈ ਫੋਟੋ ਲਾਹੁਣ ਦੀ? ਵੱਡੇ ਲੋਕਾਂ ਦਾ ਕੀ ਐਵੇਂ ਆਦਰ-ਮਾਣ ਕਰਦੇ ਨੇ?” ਸੱਸ ਗੁੱਸੇ ਹੋ ਗਈ।

“ਫੋਟੋ ਅਤੇ ਕੰਧ ਦੇ ਵਿਚਾਲੇ ਚਿੜੀਆਂ ਨੇ ਆਪਣਾ ਆਲ੍ਹਣਾ ਬਣਾ ਲਿਆ ਸੀ। ਉਨ੍ਹਾਂ ਦੀ ਚੀਂ-ਚੀਂ ਦੀ ਆਵਾਜ਼ ਨੇ ਸਾਰੇ ਘਰ ਨੂੰ ਸਿਰ ਤੇ ਚੁੱਕ ਰੱਖਿਆ ਸੀ। ਆਲ੍ਹਣੇ ਦੇ ਤਿਣਕੇ ਪਿੰਡ ਕੇ ਰਸੋਈ ਵਿਚ ਆ ਜਾਂਦੇ ਸਨ। ਮੈਂ ਤਾਂ ਰਸੋਈ ਵਿਚ ਝਾੜੂ ਲਗਾਉਂਦੀ -ਲਗਾਉਂਦੀ ਥਕ ਗਈ। ਇਹਦੇ ਵਿਚ ਆਦਰ-ਮਾਣ ਘਟਣ ਵਾਲੀ ਤਾਂ ਕੋਈ ਗੱਲ ਨੀ।”

“ਠੀਕ ਹੈ ਠੀਕ ਹੈ, ਪਰ ਉਹ ਫੋਟੋ ਹੈ ਕਿੱਥੇ?” ਸੱਸ ਨੇ ਫੇਰ ਪੁੱਛਿਆ।

“ਉਹ ਦੇਖੋ, ਸਾਹਮਣੇ ਗੁਸਲਖਾਨੇ ਦੀ ਕੰਧ ‘ਤੇ। ਉਸ ਥਾਂ ਤੇ ਟੈਂਕੀ ਦੀ ਸਲਾਬ ਨਾਲ ਕੰਧ ਦਾ ਰੰਗ ਉਤਰ ਗਿਆ ਸੀ। ਆਉਣ-ਜਾਣ ਵਾਲਿਆਂ ਦੀ ਨਿਗਾਂ ਪੈਂਦੀ ਐ ਤਾਂ ਸ਼ਰਮ ਜਿਹੀ ਆਉਂਦੀ ਹੈ| ਫੋਟੋ ਟੰਗਣ ਲਈ ਇਸ ਤੋਂ ਵਧੀਆਂ ਥਾਂ ਹੋਰ ਕਿਹੜੀ ਹੋ ਸਕਦੀ ਸੀ?” ਨੂੰਹ ਦਾ ਇਹ ਜਵਾਬ ਸੁਣ ਕੇ ਵਿਹੜੇ ਵਿਚ ਚੁੱਪ ਪਸਰ ਗਈ।