"ਡਾਂਗੇ ਮਰ ਚੁੱਕਾ ਹੈ" ਇਕ ਤਥਾਤਮਕ ਕਹਾਣੀ

ਅੱਜ ਕਿਸੇ ਦੇ ਘਰ ਖਾਣਾ ਨਹੀਂ ਪੱਕਿਆ ਕਿਉਂਕਿ ਲੋਕਾਂ ਦਾ ਹਰਮਨ ਪਿਆਰਾ ਨੇਤਾ ਡਾਂਗੇ ਮਰ ਚੁੱਕਾ ਸੀ । ਲੋਕ ਉਸ ਨੂੰ ਆਪਣਾ ਜਿਉਂਦਾ ਭਗਵਾਨ ਮੰਨਦੇ ਸਨ । ਪਾਰਟੀ ਦਫਤਰ ‘ਚ ਮ੍ਰਿਤ ਸ਼ਰੀਰ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਸੀ। ਘਰ ਵਾਲਿਆਂ ਨੇ ਮ੍ਰਿਤ ਸ਼ਰੀਰ ਦੇ ਸੰਸਕਾਰ ਲਈ ਸੱਤ ਮਣ ਲਕੜਾਂ ਮੰਗਵਾ ਲਈਆਂ ਸਨ, ਜਿਨ੍ਹਾਂ ਵਿੱਚ ਕੁੱਝ ਚੰਦਨ ਦੀਆਂ ਲਕੜਾਂ ਵੀ ਸਨ ਪਰ ਸੋਲਾਂ ਮੈਂਬਰੀ ਕਮੇਟੀ ਨੇ ਹੁਕਮ ਪਾਸ ਕੀਤਾ, ਕਾਮਰੇਡ ਡਾਂਗੇ ਦੀ ਮੌਤ ਆਰਜੀ ਹੈ, ਇਹ ਕਦੇ ਵੀ ਜੀਵਤ ਹੋ ਸਕਦੇ ਹਨ। ਮ੍ਰਿਤ ਸ਼ਰੀਰ ਨੂੰ ਇੱਕ ਵੱਡੇ ਫਰਿਜ਼ ਵਿੱਚ ਸਮਾਧੀ ਦੇ ਭੇਸ ਵਿੱਚ ਬਿਠਾ ਦਿੱਤਾ ਗਿਆ। ਲੋਕਾਂ ਨੂੰ ਕਿਹਾ ਗਿਆ, ‘ਵਿਗਿਆਨ ਬਹੁਤ ਵੱਡੀ ਤਰੱਕੀ ਕਰ ਰਿਹਾ ਹੈ, ਕਦੇ ਵੀ ਕਾਮਰੇਡ ਡਾਂਗੇ ਸਾਡੇ ਵਿੱਚ ਮੁੜ ਆ ਸਕਦੇ ਹਨ, ਬੱਸ ਸ਼ੁਭ ਸਮਾਚਾਰ ਦੀ ਉਡੀਕ ਕਰੋ।’

ਏ.ਜੀ.ਕਾਰ ਮੰਨਿਆ ਪ੍ਰਮਨਿਆ ਬੁੱਧੀਜੀਵੀ ਅਤੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕਾ ਸੀ। ਰਾਸ਼ਟਰੀ, ਅੰਤਰਾਸ਼ਟਰੀ ਵਿਸ਼ਿਆਂ ਦੀ ਪੂਰੀ ਸਮਝ ਰੱਖਦਾ ਸੀ। ਬਚਪਨ ਅੰਮ੍ਰਿਤਸਰ ਵਿੱਚ ਬੀਤਨ ਕਰਕੇ ਬੰਗਾਲੀ, ਪੰਜਾਬੀ ਅਤੇ ਅੰਗਰੇਜੀ ਉੱਪਰ ਚੰਗੀ ਪਕੜ ਰੱਖਦਾ ਸੀ। ਡਾਂਗੇ ਨੇ ਉਸ ਨੂੰ 16 ਮੈਂਬਰੀ ਕਮੇਟੀ ਦੇ ਨਾਲ ਇੱਕ ਵਾਧੂ ਪਰਵੇਕਸ਼ਕ ਜੋੜਿਆ ਹੋਇਆ ਸੀ ਅਤੇ ਟੀ.ਵੀ. ਉੱਪਰ ਰਾਜਨੀਤਿਕ ਵਿਸ਼ਿਆਂ ਉੱਪਰ ਪਾਰਟੀ ਦਾ ਪੱਖ ਰੱਖਦਾ ਸੀ।

ਏ.ਜੀ.ਕਾਰ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ, ਪਾਰਟੀ ਸਮਰਥਣ ਵਿੱਚ ਲੋਕਾਂ ਦੀ ਆ ਰਹੀ ਭਾਰੀ ਗਿਰਾਵਟ ਤੋਂ ਚਿਤੰਤ ਸੀ, ‘ਕਿਸੇ ਸਮੇਂ ਪਾਰਟੀ ਦਫਤਰ ਵਿੱਚ ਲੋਕਾਂ ਦਾ ਮੇਲਾ ਲਗਦਾ ਸੀ। ਹੁਣ ਟਾਵਾਂ-ਟਾਵਾਂ ਵਰਕਰ ਹੀ ਪਾਰਟੀ ਦਫਤਰ ਆਉਂਦਾ ਸੀ, ਪਾਰਟੀ ਦਫਤਰ ਦੇ ਵੱਡੇ ਵਿਹੜੇ ਵਿੱਚ ਥੜੇ ਉੱਪਰ ਲੱਗੀ ਲੈਨਿਨ ਦੀ ਮੂਰਤੀ ਹਿਲ ਰਹੀ ਸੀ, ਕਿਉਂਕਿ ਜੜਾਂ ਵਿੱਚ ਚੂਹਿਆਂ ਨੇ ਖੁੱਡਾਂ ਕਰ ਲਈਆਂ ਸਨ । ਪਾਰਟੀ ਦੇ ਸਾਰੇ ਦਾਅ ਪੇਚ ਪੁੱਠੇ ਪੈਣ ਲੱਗ ਪਏ। ਏ.ਜੀ.ਕਾਰ ਆਪਣੀ ਆਤਮਾ ਨੂੰ ਝੂਠ ਦੇ ਬੋਝ ਥੱਲੇ ਹੋਰ ਦੁਖੀ ਨਹੀਂ ਕਰਨਾ ਚਾਹੁੰਦਾ ਸੀ। 16 ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਕਹਿਣ ਲੱਗਾ, “ ਅਤੀਤ ਵਿੱਚ ਜਦੋਂ ਅਸੀਂ ਭਾਰਤ ਨੂੰ ਇੱਕ ਰਾਸ਼ਟਰ ਨਹੀਂ ਮੰਨਿਆ, ਕਦੇ ‘ਭਾਰਤ ਮਾਂ ਦੀ ਜੈ’ ਜਾਂ ‘ਵੰਦੇ ਮਾਤਰਮ’ ਨਹੀਂ ਕਿਹਾ, ਜਦੋਂ ਕਿ ਇਹ ਦੋਵੇਂ ਨਾਅਰੇ ਕਮਿਊਨਿਸਟਾਂ ਦੇ ਮੁੱਢਲੇ ਨਾਅਰੇ ਹੋਣੇ ਚਾਹੀਂਦੇ ਸਨ, ਅਸੀਂ ਨਾ ਹੀ ਹੋਚੀਮਿਨ ਦੇ, ਨਾਂ ਹੀ ਫੀਦਲ ਕਾਸਤਰੋ ਦੇ ਅਤੇ ਨਾ ਹੀ ਮਾਓ ਦੇ ਰਾਸ਼ਟਰਵਾਦ ਤੋਂ ਕੁੱਝ ਸਿੱਖਿਆ। 19 ਸਤੰਬਰ 1942 ਦੇ ਇੱਕ ਮਤੇ ਨੇ ਭਾਰਤ ਵਿੱਚੋਂ ਕਮਿਊਨਿਸਟ ਲਹਿਰ ਦੀਆਂ ਜੜਾਂ ਇੱਕ ਝਟਕੇ ਵਿੱਚ ਹੀ ਉਖਾੜ ਦਿੱਤੀਆਂ। ਇਹ ਉਹ ਮਤਾ ਸੀ ਜਿਸ ਨੇ ਭਾਰਤ ਦੇ ਟੋਟੇ ਕਰਕੇ, ਪਾਕਿਸਤਾਨ ਦੇ ਬਣਨ ਦੀ  ਹਿਮਾਇਤ ਕੀਤੀ ਸੀ। ਅਸੀਂ ਇੰਨੇ ਕੁੱਪਤੇ ਬਣ ਚੁੱਕੇ ਸੀ ਆਪਣੀ ਹੀ ਮਾਂ ਦੇ ਟੋਟੇ ਕਰਨ ਵਿੱਚ ਭਾਗੀਦਾਰ ਬਣ ਗਏ ।ਅਸੀਂ ਜਿਨ੍ਹਾਂ ਨੂੰ ਕ੍ਰਾਂਤੀਕਾਰੀ ਸਮਝ ਬੈਠੇ, ਜਿਨ੍ਹਾਂ ਦੇ ਹੱਥੋਂ ਆਪਣੀ ਹੀ ਭੋਲੀ ਭਾਲੀ ਜਨਤਾ ਦਾ ਘਾਣ ਕਰਵਾ ਬੈਠੇ। ਉੱਚੀ-ਉੱਚੀ ਚੀਕਾਂ ਮਾਰਨ ਨੂੰ ਜੀਅ ਕਰਦਾ ਹੈ ਜਦੋਂ ਇਤਿਹਾਸ ਨੂੰ ਦੇਖਦੇ ਹਾਂ ਕਿ ਦੋ ਚੋਟੀ ਦੇ ਕਮਿਊਨਿਸਟ ਲੀਡਰ ਜਿਨਹਾ ਦੇ 16 ਅਗਸਤ 1946 ਦੇ ਡਾਇਰੈਕਟ ਐਕਸ਼ਨ ਡੇ ਦੇ ਸੱਦੇ ਤੇ ਮੰਚ ਉੱਪਰ ਹਾਜ਼ਿਰ ਸਨ ।ਜਿਹਾ ਵੱਲੋਂ ਦਿੱਤੇ ਡਾਇਰੈਕਟ ਐਕਸ਼ਨ ਡੇ ਦੇ ਸੱਦੇ ਕਾਰਨ ਬੰਗਾਲ ਵਿੱਚ ਦੰਗੇ ਭੜਕ ਗਏ ਸਨ ਜਿਸ ਵਿੱਚ 6000 ਦੇ ਲਗਭਗ ਹਿੰਦੂ ਅਤੇ ਮੁਸਲਿਮ ਮਾਰੇ ਗਏ ਸਨ ਅਤੇ ਲਗਭਗ 2 ਲੱਖ ਔਰਤਾਂ ਦਾ ਬਲਾਤਕਾਰ ਹੋਇਆ ਸੀ। ਇਸ ਡੇ ਉਪਰਾਂਤ ਪਾਕਿਸਤਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ। ਹੁਣ ਜਦੋਂ ਚੀਨ ਨਾਲ ਯੁੱਧ ਦਾ ਸਵਾਲ ਖੜ੍ਹਾ ਹੋ ਗਿਆ ਹੈ, ਹੁਣ ਅਸੀਂ ਸਮੁੱਚੀ ਪਾਰਟੀ ਨੂੰ ਦੇਸ਼ ਦੀ ਕੌਮੀ ਸਰਮਾਏਦਾਰੀ ਦੀ ਅਗਵਾਈ ਵਿੱਚ ਰਾਸ਼ਟਰਵਾਦ ਨਾਲ ਖੜ੍ਹਨ ਦਾ ਹੋਕਾ ਦੇ ਰਹੇ ਹਾਂ, ਜਦੋਂ ਅਸੀਂ ਆਪਣੇ ਕੇਡਰ ਨੂੰ ਰਾਸ਼ਟਰਵਾਦ ਤੇ ਲਾਮਬੰਦ ਹੀ ਨਹੀਂ ਕੀਤਾ, ਸਗੋਂ ਰਾਸ਼ਟਰਵਾਦ ਨੂੰ ਕੌਮੀ ਸਰਮਾਏਦਾਰੀ ਦੇ ਹੱਥ ਕੰਡੇ ਦੇ ਤੌਰ ਤੇ ਪੇਸ਼ ਕੀਤਾ ਹੈ, ਫੇਰ ਤੁਸੀਂ ਕਿਵੇਂ ਸੋਚ ਲਿਆ ਸਾਡਾ ਕੇਡਰ ਦਿੱਤੀ ਕਾਲ ਤੇ ਸਾਡੇ ਨਾਲ ਖੜ੍ਹਾ ਜਾਵੇਗਾ । ਕੇਡਰ ਦੀ ਨਵਜ਼ ਪਛਾਣ ਕੇ ਸਾਡੇ ਆਪਣੇ ਵਿੱਚੋਂ ਹੀ ਪਾਰਟੀ ਤੋੜਨ ਲਈ ਖੜ੍ਹੇ ਹੋ ਜਾਣਗੇ।”

16 ਮੈਂਬਰੀ ਕਮੇਟੀ ਵਿੱਚੋਂ ਪ੍ਰਕਾਸ਼ ਚੰਦ ਜੋਸ਼ੀ ਬੋਲਿਆ, “ਕਾਮਰੇਡ ਕਾਰ ਬੰਦ ਕਮਰੇ ਵਿੱਚ ਤਾਂ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਪਰ ਕ੍ਰਿਪਾ ਕਰਕੇ ਇਨ੍ਹਾਂ ਵਿਚਾਰਾਂ ਨੂੰ ਕਿਸੇ ਅਖਬਾਰ ਵਿੱਚ ਨਾ ਪ੍ਰਕਟ ਕਰਿਓ, ਇਸ ਵਿੱਚ ਹੀ ਤੁਹਾਡੀ ਭਲਾਈ ਹੈ, ਆਪਣਾ ਸਾਥ ਬਣਿਆ ਰਹੇਗਾ”।
ਉਹੀ ਹੋਇਆ, ਪਾਰਟੀ ਟੁੱਟ ਗਈ, ਟੋਟੇ ਦੇ ਅੱਗੇ ਟੋਟੇ ਹੋ ਗਏ । ਦਫਤਰਾਂ ਦੀ ਲੁੱਟ ਪੈ ਗਈ। ਜਿਸ ਦੇ ਹੱਥ ਜੋ ਆਇਆ ਉਹ ਚੁੱਕ ਕੇ ਲੈ ਗਿਆ। ਏ.ਜੀ.ਕਾਰ. ਫੇਰ ਬੋਲਿਆ ਜਦੋਂ ਤੁਸੀਂ ਕੇਡਰ ਨੂੰ ਧਰਤੀ ਦੇ ਪੁੱਤਰ ਨਹੀਂ ਬਣਾਇਆ ਤਾਂ ਮੱਤ ਆਸ ਰੱਖੋ ਇਹ ਪਾਰਟੀ ਲਈ ਸਪੁੱਤਰ ਸਾਬਿਤ ਹੋਣਗੇ।

ਪ੍ਰਕਾਸ਼ ਚੰਦ ਜੋਸ਼ੀ ਬੋਲਿਆ, ਕਾਮਰੇਡ ਕਾਰ ਜੀ ਇਹ ਦੱਸੋ, ‘ਹੁਣ ਪਾਰਟੀ ਨੂੰ ਖੜ੍ਹਾ ਕਰਨ ਲਈ ਅੱਗੇ ਕੀ ਨੀਤੀ ਹੋਣੀ ਚਾਹੀਂਦੀ ਹੈ?’ ਏ.ਜੀ.ਕਾਰ. ਬੋਲਿਆ, ‘ ਪਹਿਲਾਂ ਤਾਂ ਪਿਛਲੀਆਂ ਕੀਤੀਆਂ ਗਲਤੀਆਂ ਲਈ ਦੇਸ਼ ਦੀ ਜਨਤਾ ਕੋਲੋਂ ਮੁਆਫ਼ੀ ਮੰਗੋ। ਪਾਰਟੀ ਪ੍ਰੋਗਰਾਮ ਨੂੰ ਰਾਸ਼ਟਰਵਾਦ ਨਾਲ ਜੋੜੋ। ਭਾਰਤੀ ਰਾਸ਼ਟਰਵਾਦ ਨਿਰੋਲ ਸੰਸਕ੍ਰਿਤਿਕ ਅਤੇ ਵਿਗਿਆਨਿਕ ਹੈ। ਵਾਤਾਵਰਣ ਅਤੇ ਕੁੱਲ ਲੋਕਾਈ ਲਈ ਹਿਤੇਸ਼ੀ ਹੈ । ਤੁਸੀਂ ਯੋਗ ਨੂੰ ਹੀ ਦੇਖ ਸਕਦੇ ਹੋ, ਇਹ ਸਮੁੱਚੇ ਸੰਸਾਰ ਨੂੰ ਸਿਹਤ ਸੰਭਾਲ ਦੇ ਗੁਣਾ ਨਾਲ ਜੋੜ ਰਿਹਾ ਹੈ। ਤੁਸੀਂ ਕੁੰਭ ਨੂੰ ਦੇਖ ਲਓ, ਜਿੱਥੇ ਦੇਸ਼ ਦੀ ਅੱਧੀ ਅਬਾਦੀ ਪਹੁੰਚ ਜਾਂਦੀ ਹੈ ਜੋ ਕੇਵਲ ਸੂਰਜ ਅਤੇ ਨਦੀ ਨੂੰ ਮੱਥਾ ਟੇਕਦੀ ਹੈ, ਜਿੱਥੇ ਨਿਰਾਕਾਰ ਈਸ਼ਵਰ ਦੀ ਕੋਈ ਮਾਨਤਾ ਨਹੀ ਸਮਝੀ ਜਾਂਦੀ। ਇਸ ਮਕਸਦ ਦੀ ਪੂਰਤੀ ਲਈ ਕਮਿਊਨਿਸਟ ਪਾਰਟੀ ਆਪਣੇ ਕੇਡਰ ਵਿੱਚ ਦੋ ਮੁੱਖ ਨਾਅਰੇ ਬੁਲੰਦ ਕਰੇ, ਪਹਿਲਾ: “ਭਾਰਤ ਮਾਤਾ ਦੀ ਜੈ”ਅਤੇ ਦੂਜਾ “ਵੰਦੇ ਮਾਤਰਮ”। ਇਹ ਸੁਣ ਕੇ ਪ੍ਰਕਾਸ਼ ਚੰਦ ਜੋਸ਼ੀ ਬੋਲਿਆ, ‘ਕਾਮਰੇਡ ਕਾਰ ਕਮਿਊਨਿਸਟ ਪਾਰਟੀ ਇਹ ਨਾਅਰੇ ਨਹੀਂ ਸਵੀਕਾਰ ਕਰ ਸਕਦੀ, ਜੇਕਰ ਪਾਰਟੀ ਇਹ ਨਾਅਰੇ ਸਵੀਕਾਰ ਕਰਦੀ ਹੈ ਤਾਂ ਉਸ ਦੇ ਪ੍ਰੋਗਰਾਮ ਦਾ ਸੈਕੂਲਰ ਢਾਂਚਾ ਹੀ ਤਬਾਹ ਹੋ ਜਾਵੇਗਾ, ਇਹ ਨਾਅਰੇ ਸਿਧਾਂਤਕ ਤੌਰ ਤੇ ਵੀ ਠੀਕ ਨਹੀਂ ਹਨ’। ਏ.ਜੀ.ਕਾਰ. ਬੋਲਿਆ, “ ਤੁਸੀਂ ਸੈਕੂਲਰ ਪਲੇਟਫਾਰਮ ਤੇ ਖੜ੍ਹ ਕੇ ਨਹੀਂ ਬੋਲ ਰਹੇ, ਸਗੋਂ ਤੁਸੀਂ ਇੱਕ ਪੰਥ ਦੇ ਪਲੇਟਫਾਰਮ ਤੋਂ ਬੋਲ ਰਹੇ ਹੋ। ਕੀ ਅਰਥ ਹੈ ਇਨ੍ਹਾਂ ਨਾਅਰਿਆਂ ਦਾ, ਇਹੋ ਨਾਂ, ਹੇ! ਮਾਤਭੂਮੀ ਤੇਰੀ ਜਿੱਤ ਹੋਵੇ, ਅਸੀਂ ਤੈਨੂੰ ਪ੍ਰਣਾਮ ਕਰਦੇ ਹਾਂ, ਇਹ ਤਾਂ ਨਿਰੋਲ ਮਾਰਕਸਵਾਦੀ ਹਨ, ਇਨ੍ਹਾਂ ਵਿੱਚ ਤਾਂ ਕਿਤੇ ਈਸ਼ਵਰ ਦੇ ਗੁਣਗਾਣ ਦੀ ਝਲਕ ਨਹੀਂ ਪੈਂਦੀ। ਉਲਟਾ ਜਿਹੜੇ ਪੰਥ ਇਹਨਾਂ ਨਾਅਰਿਆਂ ਨੂੰ ਰੱਦ ਕਰਦੇ ਹਨ, ਉਹ ਇਹੋ ਦਲੀਲ ਦਿੰਦੇ ਹਨ ਕਿ ਉਹ ਕਿਸੇ ਪੱਥਰ ਜਾਂ ਮਿੱਟੀ ਨੂੰ ਸਿਜਦਾ ਨਹੀਂ ਕਰ ਸਕਦੇ, ਉਹ ਕੇਵਲ ਨਿਰਾਕਾਰ ਈਸ਼ਵਰ ਨੂੰ ਹੀ ਸਿਜਦਾ ਕਰਨਗੇ। ਇਹ ਦਾ ਮਤਲਬ ਅਸੀਂ ਮਾਰਕਸਵਾਦ ਨਾਲ ਨਹੀਂ ਖੜ੍ਹਦੇ ਸਗੋਂ ਪੰਥਕ ਸ਼ਕਤੀਆਂ ਅੱਗੇ ਸਿਰ ਝੁਕਾਉਂਦੇ ਹਾਂ। ਯਾਦ ਰੱਖਣਾ ਜਿਵੇਂ ਇੱਕ ਕਿਸਾਨ ਆਪਣੀ ਜਮੀਨ ਦਾ ਆਪਣੇ ਪੁੱਤਰ ਨੂੰ ਵਾਰਿਸ ਬਣਾਉਂਦਾ ਹੈ, ਉਸੇ ਤਰ੍ਹਾਂ ਇਹ ਧਰਤੀ ਵੀ ਆਪਣੇ ਪੁੱਤਰ ਨੂੰ ਵਾਰਿਸ ਬਣਾਏਗੀ। ਯਾਦ ਰੱਖਣਾ ‘ਵੰਦੇ ਮਾਤਰਮ’ ਦਾ ਨਾਅਰਾ ਬੰਗਾਲ ਦੀ ਧਰਤੀ ਚੋਂ ਉੱਠਿਆ ਸੀ, ਬੰਗਾਲ ਵੀ ਸਾਡੇ ਕੋਲ ਲੰਬਾ ਸਮਾਂ ਨਹੀਂ ਰਹਿਣਾ, ਇਹ ਉਨ੍ਹਾਂ ਕੋਲ ਚਲਾ ਜਾਵੇਗਾ ਜਿਹੜੇ ‘ਵੰਦੇ ਮਾਤਰਮ; ਦਿਲ ਚੋਂ ਕਹਿਣਗੇ।

ਬਹੁਤ ਸਾਲ ਬੀਤ ਗਏ, ਕਾਮਰੇਡ ਏ.ਜੀ.ਕਾਰ. ਬੁੱਢਾ ਹੋ ਚੱਲਿਆ ਸੀ। ਉੱਘਾ ਸਾਹਿਤਕਾਰ ਸਰਚਾਂਦਪੁਰੀ ਮਿਲਣ ਆਉਂਦਾ ਹੈ। ਬੋਲਿਆ, ‘ਕਾਮਰੇਡ ਜੀ, ਆਪਾਂ ਨੂੰ ਕਸ਼ਮੀਰੀਆਂ ਦੇ ਸਵੈ ਨਿਰਣੈ ਦੇ ਹੱਕ ਵਿੱਚ ਅੰਦੋਲਨ ਛੇੜ ਦੇਣਾ ਚਾਹੀਦਾ ਹੈ, ਭਾਰਤ ਵਿੱਚ ਪੂੰਜੀਪਤੀਆਂ ਦੀ ਸਰਕਾਰ ਨੇ ਕਸ਼ਮੀਰੀਆਂ ਨੂੰ ਦਬਾਕੇ ਰੱਖਿਆ ਹੈ, ਇਸ ਨੂੰ ਅਸੀਂ ਸ਼ਾਂਤੀ ਨਹੀਂ ਕਹਿ ਸਕਦੇ।’ ਇਹ ਸੁਣ ਕੇ ਏ.ਜੀ.ਕਾਰ. ਗੁੱਸੇ ਵਿੱਚ ਆ ਜਾਂਦਾ ਹੈ, ਪਰ ਗੁੱਸੇ ਨੂੰ ਅਕਲ ਰਾਹੀਂ ਵਿਚਾਰਾਂ ‘ਚ ਪੇਸ਼ ਕਰਨਾ ਹੀ ਉੱਤਮ ਰਸਤਾ ਮੰਨਦਾ ਹੋਇਆ ਬੋਲਿਆ, ਪਹਿਲਾਂ ਮੈਨੂੰ ਇਹ ਦੱਸੋ: ਭਾਰਤ ਦੇ ਤਿੰਨ ਟੋਟੇ ਤਾਂ ਪਹਿਲਾਂ ਹੀ ਹੋ ਚੁੱਕੇ ਹਨ, ਇਸ ਟੁੱਟ ਵਿੱਚ ਨਿਭਾਈ ਭੂਮਿਕਾ ਦਾ ਲੱਗਿਆ ਕਲੰਕ ਪਾਰਟੀ ਹਾਲੇ ਤੱਕ ਭੁਗਤ ਰਹੀ ਹੈ। ਅਸੀਂ ਆਪਣੇ ਹੱਥਾਂ ਨਾਲ ਬਣਾਈ ਆਪਣੀ ਹੀ ਪਾਰਟੀ ਨੂੰ ਹੋਰ ਕਿੰਨਾ ਕੁ ਡੋਬਾਂਗੇ, ਤ੍ਰਿਪੁਰਾ ਅਸੀਂ ਗੁਆ ਲਿਆ, ਬੰਗਾਲ ਅਸੀਂ ਗੁਆ ਲਿਆ, ਹੁਣ ਰਹਿੰਦਾ ਹੈ ਇੱਕਲਾ ਕੇਰਲਾ, ਹੁਣ ਇਹ ਵੀ ਤੁਹਾਡੀ ਕਲਮ ਨੂੰ ਚੁੱਭਦਾ ਹੈ। ਤੁਸੀਂ ਐਵੇਂ ਦੱਸੋ, ਜਿਸ ਦਿਨ ਕਸ਼ਮੀਰ ਦੇ ਅੱਤਵਾਦੀਆਂ ਨੇ ਇੱਕ ਕਸ਼ਮੀਰੀ ਪੰਡਤ ਔਰਤ ਗਿਰਜਾ ਟਿੱਕੂ ਨੂੰ ਆਰੇ ਨਾਲ ਵਿਚਾਲਿਓਂ ਚੀਰ ਦਿੱਤਾ ਸੀ, ਤੁਸੀਂ ਉਸ ਦਿਨ ਮੇਰੇ ਕੋਲ ਕਿਉਂ ਨਹੀਂ ਆਏ? ਸਰਚਾਂਦਪੁਰੀ ਜੀ ਤੁਸੀਂ ਖੁਦ ਪੰਡਤ ਜਾਤੀ ਨਾਲ ਸੰਬੰਧ ਰੱਖਦੇ ਹੋ, ਜਿਸ ਨੇ ਅਤੀਤ ਵਿੱਚ ਅਜਿਹੇ ਗ੍ਰੰਥਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਕਾਰਨ ਇਸ ਭੂਖੰਡ ਵਿੱਚ ਇੱਕ ਸਾਂਝੀ ਸੰਸਕ੍ਰਿਤੀ ਹਾਲੇ ਤੱਕ ਕਾਇਮ ਹੈ, ਹੁਣ ਤੁਸੀਂ ਚਾਹੁੰਦੇ ਹੋ ਕਸ਼ਮੀਰੀਆਂ ਨੂੰ ਸਵੈ ਨਿਰਣੇ ਦਾ ਹੱਕ ਦੇਕੇ ਵਾਦੀ ਵਿੱਚ ਰਹਿੰਦੇ ਪੰਡਤ ਵੀ ਆਰਿਆਂ ਨਾਲ ਚੀਰੇ ਜਾਣ। ਤੁਹਾਡਾ ਖੂਨ ਚਿੱਟਾ ਕਿਉਂ ਹੋ ਗਿਆ ਹੈ? ਮੇਰੀ ਆਤਮਾ ਚੀਕ ਰਹੀ ਹੈ, ਕਿਹੜੇ ਦੁਸ਼ਮਣਾਂ ਦੇ ਗਲ ਪਵਾਂ, ਫੇਰ ਸਿੱਟਾ ਨਿਕਲਦਾ ਹੈ, ਅਸੀਂ ਤਾਂ ਖੁਦ ਹੀ ਆਪਣੀ ਪਾਰਟੀ ਦੇ ਦੁਸ਼ਮਣ ਹਾਂ। ਮੇਰੀ ਹਾਲਤ ਦੇਖ ਰਹੇ ਹੋ, ਕਿੰਨਾ ਵੱਡਾ ਦਫਤਰ ਹੁੰਦਾ ਸੀ, ਅੱਜ ਜਿਹੜੇ ਕਮਰੇ ਵਿੱਚ ਬੈਠਾ ਹਾਂ ਇਸ ਵਿੱਚ ਬਾਥਰੂਮ ਨਹੀਂ ਹੈ, ਹੁਣ ਕ੍ਰਿਪਾ ਕਰੇ ਤੁਸੀਂ ਮੈਨੂੰ ਦੱਸੋ, ‘ਪਾਰਟੀ ਨੂੰ ਗੁਮਰਾਹ ਕਰਨ ਵਿੱਚ ਸਾਹਿਤਕਾਰਾਂ ਜਾਂ ਕਲਮਕਾਰਾਂ ਦਾ ਕਿੰਨਾ ਕੁ ਰੋਲ ਹੈ?’ ਇਹ ਸੁਣ ਕੇ ਸਰਚਾਂਦਪੁਰੀ ਨੇ ਕੋਈ ਉੱਤਰ ਨਾ ਦਿੱਤਾ, ਉੱਠ ਕੇ ਚੱਲ ਪਿਆ।

ਏ.ਜੀ.ਕਾਰ ਨੇ ਗੁੱਸੇ ਨੂੰ ਸ਼ਾਂਤ ਕਰਨ ਲਈ, ਪ੍ਰਕਾਸ਼ ਚੰਦ ਜੋਸ਼ੀ ਨੂੰ ਫੋਨ ਮਿਲਾਇਆ ਕਹਿਣ ਲੱਗਾ, ਕਾਮਰੇਡ ਜੀ ਪਾਰਟੀ ਦੀ ਹਾਲਤ ਨੂੰ ਸਮਝੋ, ਡਾਂਗੇ ਮਰ ਚੁੱਕਾ ਹੈ, ਇਸਨੂੰ ਅਗਨ ਭੇਂਟ ਕਰ ਦੇਵੋ, ਹੋ ਸਕਦੈ ਨਵੀਂ ਜਨਰੇਸ਼ਨ ਪਾਰਟੀ ਵਿੱਚ ਜਾਣ ਪਾ ਦੇਵੇ।

ਅਮਰ ਗਰਗ ਕਲਮਦਾਨ

7ਏ/71, 50 ਫੁੱਟ ਰੋਡ, ਧੁੂਰੀ
ਮੋਬਾਇਲ: 9814341746