ਡਰ
ਰੋਜ਼ ਵਾਂਘ ਬਸ ਅੱਡੇ ਵੱਲ ਜਾ ਰਿਹਾ ਸੁਰਜੀਤ ਸੋਚਾਂ ‘ਚ ਗੁੰਮ ਸੀ ਕਿ ਕਿਹੜਾ ਬਹਾਨਾ ਲਾ ਕੇ ਕੰਪਨੀ ਤੋਂ ਛੁੱਟੀ ਲਵਾਂ ਇਸ ਤਰ੍ਹਾਂ ਪਹਿਲਾਂ ਵੀ ਦੋ ਵਾਰ ਕਰ ਚੁੱਕਾ ਸੀ ਇਸ ਸ਼ਹਿਰ ਦਾ ਨਾਮ ਸੁਣਦਿਆਂ ਹੀ ਉਹ ਡਰਨ ਲੱਗ ਪੈਂਦਾ ਸੀ।
ਅੱਜ ਉਹ ਸਾਰੀ ਤਾਕਤ ਇਕੱਠੀ ਕਰ ਬੱਸ ਚੜ ਗਿਆ। ਬੱਸ ਜਿਉਂ ਹੀ ਸ਼ਹਿਰ ‘ਚੋਂ ਬਾਹਰ ਨਿੱਕਲੀ ਤਾਂ ਉਸ ਦੀਆਂ ਅੱਖਾਂ ਅੱਗੇ ਫਿਲਮ ਵਾਂਗੂ ਰੀਲ ਚੱਲਣ ਲੱਗੀ। ਇਸ ਸ਼ਹਿਰ ਜਦ ਵੀ ਉਹ ਆਉਂਦਾ ਸੀ ਤਾਂ ਸਿਮਰ ਦੇ ਘਰ ਰੁਕਦਾ ਸੀ। ਉਹਨਾਂ ਦੇ ਗੁਆਂਢ ਹੀ ਪ੍ਰੀਤ ਰਹਿੰਦੀ ਸੀ, ਜਿਸ ਦਾ ਸਿਮਰਨ ਦੇ ਘਰ ਆਉਣਾ ਜਾਣਾ ਆਮ ਸੀ। ਉਹ ਜਦ ਵੀ ਸੁਰਜੀਤ ਦੇ ਸਾਹਮਣੇ ਆਉਂਦੀ ਤਾਂ ਉਸ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਜਾਪਦੀ। ਹੁਣ ਪ੍ਰੀਤ ਵੀ ਸੁਰਜੀਤ ਦੇ ਆਏ ਤੇ ਆਨੇ ਬਹਾਨੇ ਕੁਛ ਵਧੇਰੇ ਚੱਕਰ ਮਾਰਦੀ। ਹੌਲੀ-ਹੌਲੀ ਦੋਵਾਂ ਦਾ ਝਾਕਾ ਉਤਰ ਗਿਆ ਉਹ ਅਕਸਰ ਹੀ ਆਪਸ ‘ਚ ਗੱਲਬਾਤ ਕਰਨ ਲਗ ਪਏ ਸਨ।
ਪ੍ਰੀਤ ਦਾ ਦਾਖਲਾ ਜਲੰਧਰ ਦੇ ਗਵਰਮੈਂਟ ਪੋਲੀਟੈਕਨਿਕ ਕਾਲਜ ਫਾਰ ਵੂਮੈਨ ‘ਚ ਹੋ ਗਿਆ ਸੀ ਉਹ ਹੁਣ ਸਿਰਫ ਸ਼ੁਕਰਵਾਰ ਸ਼ਾਮ ਨੂੰ ਆਉਂਦੀ ਤੇ ਸ਼ਨੀਵਾਰ ਐਤਵਾਰ ਨੂੰ ਰੁਕ ਕੇ ਸੋਮਵਾਰ ਸਵੇਰੇ ਚਲੀ ਜਾਂਦੀ। ਇੱਕ ਦਿਨ ਸੁਰਜੀਤ ਜਲੰਧਰ ਦੇ ਬੱਸ ਅੱਡੇ ਤੇ ਬੈਠਾ ਕਿਸੇ ਨੂੰ ਉਡੀਕ ਰਿਹਾ ਸੀ ਪ੍ਰੀਤ ਬੱਸ ‘ਚੋਂ ਉੱਤਰੀ। ਉਸਦੀ ਨਿਗਾਹਾ ਬੈਂਚ ਤੇ ਬੈਠੇ ਸੁਰਜੀਤ ‘ਤੇ ਪਈ ਉਹ ਉਸ ਅੱਗੇ ਜਾ ਖੜੀ ਹੋਈ ਸੁਰਜੀਤ ਪਤਾ ਨਹੀਂ ਕਿਹੜੀਆਂ ਸੋਚਾਂ ‘ਚ ਗੁਆਚਾ ਹੋਇਆ ਸੀ ਉਸ ਨੂੰ ਸਾਹਮਣੇ ਖੜੀ ਪ੍ਰੀਤ ਦਾ ਪਤਾ ਹੀ ਨਾ ਲੱਗਾ। ਪ੍ਰੀਤ ਨੇ ਖੰਗੂਰਾ ਮਾਰ ਕੇ ਕਿਹਾ ਕਿਸੇ ਦੀ ਉਡੀਕ ਹੋ ਰਹੀ ਹੈ ਜਨਾਬ ! ਸੁਰਜੀਤ ਉਸ ਨੂੰ ਇਸ ਤਰ੍ਹਾਂ ਅਚਾਨਕ ਸਾਹਮਣੇ ਦੇਖ ਹੈਰਾਨ ਹੁੰਦਾ ਬੋਲਿਆ ਉਹ ਤੁਸੀਂ ? ਸੁਰਜੀਤ ਅੱਗੋਂ ਕੁਝ ਹੋਰ ਬੋਲਦਾ ਪ੍ਰੀਤ ਨੇ ਉਸ ਦਾ ਹੱਥ ਫੜ ਉਠਾਇਆ ਤੇ ਉਸੇ ਤਰ੍ਹਾਂ ਹੱਥ ਫੜ ਬੱਸ ਅੱਡੇ ਦੇ ਬਾਹਰ ਇੱਕ ਢਾਬੇ ਤੇ ਲੈ ਗਈ।
ਉੱਥੇ ਬੈਠਦੇ ਹੀ ਪ੍ਰੀਤ ਬੋਲੀ ਵੈਸੇ ਤਾਂ ਇਸ ਮਸਲੇ ‘ਚ ਮੁੰਡੇ ਪਹਿਲ ਕਰਦੇ ਹੁੰਦੇ ਆ ਪਰ ਮੈਨੂੰ ਲੱਗਦਾ ਇਹ ਪਹਿਲ ਵੀ ਮੈਨੂੰ ਹੀ ਕਰਨੀ ਪੈਣੀ .ਉਸਦੀ ਇਹ ਗੱਲ ਸੁਣ ਸੁਰਜੀਤ ਬੋਲ ਪਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਮੇਰੇ ਅੰਦਰ ਚੱਲ ਰਿਹਾ ਉਹੀ ਤੇਰੇ ਅੰਦਰ ਵੀ ਚੱਲ ਰਿਹਾ ਪਰ ਮੈਂ ਡਰਦਾ ਹਾਂ ਤੂੰ ਕਿਧਰੇ ਨਾ ਹੀ ਨਾ ਕਰ ਦੇਵੇਂ। ਪ੍ਰੀਤ ਉਸਦਾ ਹੱਥ ਘੁੱਟਦੀ ਬੋਲੀ ਭੋਲੇ ਪੰਛੀਆ, ਜੇਕਰ ਮੈਂ ਨਾ ਕਰਨੀ ਹੁੰਦੀ ਤਾਂ ਤੇਰਾ ਹੱਥ ਫੜ ਇੱਥੇ ਨਾ ਲੈ ਕੇ ਆਉਂਦੀ। ਉਹ ਦੋਵੇਂ ਭਾਵੁਕ ਹੋ ਗਏ ਸੁਰਜੀਤ ਜਿਸ ਕੰਮ ਆਇਆ ਸੀ ਉਸ ਕਰਕੇ ਉਹ ਜਿਆਦਾ ਦੇਰ ਹੋਰ ਪ੍ਰੀਤ ਨਾਲ ਬੈਠ ਨਹੀਂ ਸਕਦਾ ਸੀ ।ਇਸ ਕਰਕੇ ਉਸ ਨੇ ਪੰਜ ਕੁ ਮਿੰਟ ਬਾਅਦ ਪ੍ਰੀਤ ਨੂੰ ਕਾਲਜ ਦਾ ਰਿਕਸ਼ਾ ਕਰਵਾ ਦਿੱਤਾ ਤੇ ਆਪ ਜਿਸ ਕੰਮ ਆਇਆ ਸੀ ਉਧਰ ਚੱਲ ਪਿਆ।
ਹੁਣ ਤਾਂ ਉਹ ਦੋਵੇਂ ਹਰ ਸ਼ੁਕਰਵਾਰ ਸ਼ਾਮ ਨੂੰ ਜਲੰਧਰ ਬੱਸ ਅੱਡੇ ਤੇ ਇਕੱਠੇ ਆਉਂਦੇ ਤੇ ਸੋਮਵਾਰ ਸਵੇਰ ਵੀ ਇਕੱਠੇ ਜਲੰਧਰ ਆਉਂਦੇ ਉਹ ਬੱਸ ਵਿੱਚੋਂ ਉੱਤਰ ਕੁਝ ਵਕਫਾ ਪਾ ਇੱਕ ਦੂਜੇ ਤੋਂ ਬਾਅਦ ਘਰ ਪੁੱਜਦੇ ਉਹਨਾਂ ਦਿਨਾਂ ‘ਚ ਪੰਜਾਬ ਵਿੱਚ ਖਾੜਕੂ ਲਹਿਰ ਜੋਰਾਂ ਤੇ ਸੀ। ਸੁਰਜੀਤ ਵੀ ਭਗੌੜਾ ਸੀ। ਕਿਸੇ ਇੱਕ ਸ਼ੁੱਕਰਵਾਰ ਸੁਰਜੀਤ ਨੂੰ ਬੱਸ ਅੱਡੇ ਬੈਠਾ ਦੇਖ ਇੱਕ ਮੁਖ਼ਬਰ ਨੇ ਮੁਖ਼ਬਰੀ ਕਰ ਦਿੱਤੀ ਉਹ ਹਰ ਵਾਰ ਦੀ ਤਰ੍ਹਾਂ ਉਸ ਦਿਨ ਵੀ ਪ੍ਰੀਤ ਤੋਂ 10-15 ਮਿੰਟ ਪਹਿਲਾਂ ਹੀ ਬੱਸ ਅੱਡੇ ਅੰਦਰ ਆ ਗਿਆ ਸੀ ਪਤਾ ਉਦੋਂ ਚੱਲਿਆ ਜਦ ਚਿੱਟ ਕੱਪੜੀਏ ਪੁਲਿਸ ਵਾਲੇ ਆ ਉਸ ਤੇ ਬਾਜ਼ ਵਾਂਗ ਆ ਝਪਟੇ ਤੇ ਮਿੰਟਾਂ ਸਕਿੰਟਾਂ ‘ਚ ਹੀ ਉਸ ਨੂੰ ਜਿਪਸੀ ‘ਚ ਸੁੱਟ ਕੇ ਲੈ ਗਏ। ਬੱਸ ਅੱਡੇ ਤੇ ਖੜੇ ਮੁਸਾਫਰਾਂ ਨੂੰ ਵੀ ਕੁਝ ਸਮਝ ਨਾ ਲੱਗੀ। ਖ਼ੈਰ ! ਪ੍ਰੀਤ ਆਈ ਤਾਂ ਕੁਝ ਦੇਰ ਉਸਨੂੰ ਉਡੀਕ ਆਖ਼ਰੀ ਬੱਸ ਫੜ ਚਲੀ ਗਈ । ਪਰ ਅੱਜ ਉਸਦਾ ਇਕੱਲਾ ਪਿੰਜਰ ਹੀ ਬਸ ਵਿੱਚੋਂ ਹੇਠਾਂ ਉਤਰਿਆ ਰੂਹ ਤਾਂ ਪਤਾ ਨਹੀਂ ਕਿੱਥੇ ਰਹਿ ਗਈ ਸੀ ਘਰ ਜਾਂਦੀ ਨੂੰ ਰਾਹ ਵਿੱਚ ਸਿਮਰ ਮਿਲ ਪਿਆ ਉਸਨੇ ਇਕੱਲੀ ਨੂੰ ਆਉਂਦੇ ਦੇਖ ਮਜ਼ਾਕ ਕਰਦੇ ਪੁੱਛਿਆ ਸਾਡਾ ਯਾਰ ਕਿੱਧਰ ਰਹਿ ਗਿਆ ਅੱਜ ? ਜੇਕਰ ਬੰਦੇ ਨੇ ਨਹੀਂ ਆਉਣਾ ਤਾਂ ਸਾਫ਼ ਕਹਿ ਦੇਵੇ ਝੂਠਾ ਲਾਰਾ ਤਾਂ ਨਾ ਲਾਵੇ ਕਹਿੰਦੀ ਪ੍ਰੀਤ ਘਰ ਵੱਲ ਤੁਰ ਗਈ। ਉਸ ਦੀ ਇਹ ਗੱਲ ਸੁਣ ਇੱਕ ਵਾਰ ਤਾਂ ਸਿਮਰ ਵੀ ਸੋਚਾਂ ‘ਚ ਪੈ ਗਿਆ ਕਿ ਕਿੱਧਰੇ ਕੋਈ ਹੋਰ ਭਾਣਾ ਤਾਂ ਨਹੀਂ ਵਾਪਰ ਗਿਆ ਕਿਉਂਕਿ ਉਸ ਨੂੰ ਤਾਂ ਸੁਰਜੀਤ ਬਾਰੇ ਸਾਰਾ ਕੁਝ ਪਤਾ ਸੀ।
ਦੂਜੇ ਪਾਸੇ ਪੁਲਿਸ ਵਾਲਿਆਂ ਨੇ ਸੁਰਜੀਤ ਨੂੰ ਬੱਕਰੇ ਵਾਂਗ ਪੁੱਠਾ ਟੰਗਿਆ ਹੋਇਆ ਸੀ ਅਲਫ਼ ਨੰਗਾ ਕਰਕੇ ਇੰਤਹਾ ਦਾ ਤਸਦਦ ਕੀਤਾ ਜਾ ਰਿਹਾ ਸੀ। ਪਰ ਉਸ ਨੂੰ ਕਿਸੇ ਸੱਟ ਦਾ ਅਸਰ ਨਹੀਂ ਹੋ ਰਿਹਾ ਸੀ ਉਸ ਨੂੰ ਤਾਂ ਪ੍ਰੀਤ ਦੀ ਚਿੰਤਾ ਸੀ ਕਿ ਕਿੱਧਰੇ ਉਸ ਨੂੰ ਵੀ ਨਾ ਇਹਨਾ ਚੁੱਕ ਲਿਆ ਹੋਵੇ ਉਸ ਦਾ ਭੋਲਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ।
ਦਸ ਦਿਨ ਬੀਤ ਗਏ ਸਨ ਸੁਰਜੀਤ ਨੂੰ ਪੁਲਿਸ ਦੀ ਮਾਰ ਸਹਿੰਦੇ ਤਸੀਹਿਆ ਕੇਂਦਰ ‘ਚੋਂ ਦੂਜੇ ਪਾਸੇ ਉਸਦੀ ਜਥੇਬੰਦੀ ਵਾਲੇ ਉਸ ਨੂੰ ਛਡਾਉਣ ਲਈ ਕਿਸੇ ਵੱਡੇ ਪੁਲਿਸ ਅਫ਼ਸਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਅਗਵਾਹ ਕਰਨ ਦੀ ਸਕੀਮ ਲਾ ਰਹੇ ਸਨ। ਨਾਲ ਹੀ ਉਹਨਾਂ ਅਖਬਾਰਾਂ ‘ਚ ਬਿਆਨ ਦੇ ਦਿੱਤਾ ਸੀ ਅਗਰ ਸੁਰਜੀਤ ਦਾ ਕੋਈ ਜਾਨੀ ਨੁਕਸਾਨ ਕੀਤਾ ਗਿਆ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ। ਓਧਰ ਸੁਰਜੀਤ ਦੇ ਘਰਦਿਆਂ ਵੀ ਭੱਜ ਨੱਠ ਕਰਕੇ ਸਿਫਾਰਿਸ਼ ਲਵਾ ਸੁਰਜੀਤ ਨੂੰ ਤਸੀਹਿਆ ਕੇਂਦਰ ਚੋਂ ਥਾਣੇ ਤੇ ਫਿਰ ਕਚਹਿਰੀ ਤੋਂ ਜੇਲ੍ਹ ਭਜਵਾ ਲਿਆ ਸੀ। ਇੰਤਹਾਂ ਦਾ ਤਸ਼ੱਦਦ ਸਹਿ ਕੇ ਵੀ ਸੁਰਜੀਤ ਨੇ ਕੋਈ ਭੇਦ ਨਾ ਦਿੱਤਾ ਪੁਲਿਸ ਵਾਲਿਆਂ ਨੂੰ ।
ਇੱਕ ਦਿਨ ਸੁਰਜੀਤ ਦੀ ਤਾਰੀਕ ਤੇ ਸਿਮਰ ਉਸ ਨੂੰ ਕਚਹਿਰੀ ਮਿਲਣ ਆ ਗਿਆ ਉਸ ਨੂੰ ਆਇਆ ਦੇਖ ਸੁਰਜੀਤ ਨੇ ਪਹਿਲਾ ਸਵਾਲ ਇਹੀ ਪੁੱਛਿਆ ਪ੍ਰੀਤ ਕਿਵੇਂ ਹੈ? ਸਿਮਰ ਨੇ ਉਸਦਾ ਹੱਥ ਕੜੀ ਲੱਗਾ ਹੱਥ ਘੁੱਟਦੇ ਕਿਹਾ ਉਹ ਠੀਕ ਹੈ । ਉਸਦੇ ਘਰ ਦਿਆਂ ਨੇ ਉਸਦਾ ਰਿਸ਼ਤਾ ਕਰ ਦਿੱਤਾ ਹੈ। ਅਗਲੇ ਹਫਤੇ ਵਿਆਹ ਵੀ ਹੈ। ਇਹ ਸੁਣ ਕੇ ਸੁਰਜੀਤ ਨੂੰ ਲੱਗਿਆ ਜਿਵੇਂ ਉਹ ਪ੍ਰੀਤ ਦੇ ਸੁਪਨਿਆਂ ਦਾ ਕਾਤਲ ਹੋਵੇ । ਉਸ ਨੇ ਪੜ੍ਹਾਈ ਕਰ ਅਜੇ ਬਹੁਤ ਕੁਝ ਕਰਨ ਦੇ ਸੁਪਨੇ ਲਏ ਹੋਏ ਸਨ । ਹੁਣ ਤਾਂ ਉਸਦੀ ਪੜ੍ਹਾਈ ਵੀ ਘਰਦਿਆਂ ਵਿੱਚੋਂ ਛਡਵਾ ਦਿੱਤੀ ਹੋਵੇਗੀ। ਇਸ ਦਾ ਮਤਲਬ ਉਸ ਨੇ ਹੌਸਲਾ ਕਰ ਸਿਮਰ ਤੋਂ ਪੁੱਛਿਆ ਯਾਰ ਉਸਦਾ ਤਾਂ ਅਜੇ ਕਾਲਜ ਸ਼ੁਰੂ ਹੀ ਹੋਇਆ ਸੀ ਉਸ ਦੇ ਘਰ ਦਿਆਂ ਨੂੰ ਕੀ ਜਲਦੀ ਪੈ ਗਈ ਉਸ ਦੇ ਵਿਆਹ ਦੀ ? ਸਿਮਰ ਠੰਡਾ ਹਉਕਾ ਲੈ ਕੇ ਬੋਲਿਆ ਜੋ ਸੀਆਈਡੀ ਵਾਲਾ ਜਲੰਧਰ ਤੇਰੇ ਪਿੱਛੇ ਕਈ ਦਿਨਾਂ ਤੋਂ ਅੱਖ ਰੱਖੀ ਬੈਠਾ ਸੀ ਉਹ ਰਿਸ਼ਤੇਦਾਰੀ ਚੋਂ ਪ੍ਰੀਤ ਦਾ ਮਾਮਾ ਹੈ ਉਹ ਹਰ ਵਾਰ ਪ੍ਰੀਤ ਦਾ ਤੇਰੇ ਨਾਲ ਹੋਣ ਕਰਕੇ ਹੱਥ ਨਹੀਂ ਪਾ ਰਿਹਾ ਸੀ ਤੈਨੂੰ, ਤੇ ਪ੍ਰੀਤ ਦੇ ਘਰ ਦਿਆਂ ਨੂੰ ਉਸ ਪਹਿਲਾਂ ਇਸ ਲਈ ਨਹੀਂ ਦੱਸਿਆ ਕਿ ਪ੍ਰੀਤ ਤੈਨੂੰ ਪਹਿਲਾਂ ਚੁਕੰਨਾ ਨਾ ਕਰ ਦੇਵੇ ।ਤੇਰੇ ਫੜ ਹੋਣ ਤੋਂ ਬਾਅਦ ਉਸ ਨੇ ਸਾਰੀ ਗੱਲ ਖੋਲ੍ਹ ਦਿੱਤੀ। ਉਸਦੀ ਸਲਾਹ ਨਾਲ ਹੀ ਉਸ ਦਾ ਰਿਸ਼ਤਾ ਬੰਗਲੌਰ ਵੱਲ ਕੀਤਾ ਗਿਆ ਹੈ। ਸਿਮਰ ਚਲਾ ਗਿਆ ਪਰ ਸੁਰਜੀਤ ਦੀ ਰੂਹ ਪਤਾ ਨਹੀਂ ਕਿੱਧਰ ਗਵਾਚ ਗਈ ਜੇਲ੍ਹ ਜਾ ਉਸ ਮਨ ਬਣਾ ਲਿਆ ਉਹ ਬਾਹਰ ਆ ਕੇ ਪੰਜਾਬ ਤੋਂ ਕਿਧਰੇ ਦੂਰ ਚਲਾ ਜਾਵੇਗਾ।
ਉਹ ਹੁਣ ਜਦ ਦੁਬਾਰਾ ਕਈ ਸਾਲਾਂ ਬਾਅਦ ਪੰਜਾਬ ਆਇਆ ਸੀ ਤਾਂ ਉਸਦੇ ਸ਼ਹਿਰ ਦਾ ਬੱਸ ਤੇ ਲੱਗਾ ਬੋਰਡ ਦੇਖ ਕੇ ਉਸਨੂੰ ਇੰਝ ਲੱਗਦਾ ਸੀ ਜਿਵੇਂ ਪ੍ਰੀਤ ਮੋਹਰੇ ਖੜੀ ਹੋ ਕੇ ਕਹਿ ਰਹੀ ਹੋਵੇ,ਜਾਹ ਵੇ ਵੱਡੇ ਖਾੜਕੂਆ, ਇੰਨੀ ਵੀ ਨਾ ਨਿਭਾਅ ਹੋਈ ਤੇਰੇ ਤੋਂ ਇੰਨੇ ‘ਚ ਹੀ ਉਸ ਨੂੰ ਧਰਤੀ ‘ਚ ਵਿਹਲ ਵੀ ਨਾ ਮਿਲਦੀ ਉਹ ਸਰਕਾਰ ਨਾਲੋਂ ਪ੍ਰੀਤ ਦਾ ਮੁਜਰਮ ਆਪਣੇ ਆਪ ਨੂੰ ਵੱਧ ਮੰਨਦਾ।
ਪਤਾ ਨਾ ਲੱਗਿਆ ਬਸ ਕੱਦ ਅੱਡੇ ਅੰਦਰ ਦਾਖਲ ਹੋ ਗਈ ਕੰਡਕਟਰ ਨੇ ਖਾਲੀ ਹੋਈ ਬੱਸ ‘ਚ ਇਕੱਲੇ ਬੈਠੇ ਸੁਰਜੀਤ ਨੂੰ ਮੋਢੇ ਤੋਂ ਹਿਲਾ ਕੇ ਕਿਹਾ, ‘ਸਰਦਾਰ ਜੀ ! ਉੱਤਰੋ.., ਤਲਵਾੜਾ ਆ ਗਿਆ ਹੈ। ਉਹ ਗੁਆਚਿਆ ਹੋਇਆ ਚੋਰਾਂ ਵਾਂਗ ਡਰਿਆ ਰਿਕਸ਼ਾ ਫੜ ਡੀਲਰ ਦੀ ਦੁਕਾਨ ਵਾਲੀ ਚੱਲ ਪਿਆ।

ਗੁਰਨਾਮ ਬਾਵਾ
ਅੰਬਾਲਾ,
+918307364301