ਸੁਪਨੇ ਪਿੰਡ ਦੇ

(ਕਰੋਨਾ ਕਾਲ ‘ਚ ਕੀਤੀ ਤੁਕਬੰਦੀ)

ਛੱਤੀ ਕੁ ਵਰ੍ਹੇ ਪਹਿਲਾਂ ਪਿੰਡ ਛੱਡ ਆਇਆ ਸਾਂ
ਰੋਜ਼ੀ ਰੋਟੀ ਖਾਤਰ ਸ਼ਹਿਰ ਵਸ ਗਿਆ ਸਾਂ

ਗੱਲ ਬੜੀ ਅਜੀਬ ਸੀ ਇਨ੍ਹਾਂ ਵਰ੍ਹਿਆਂ ਵਿੱਚ
ਮੈਨੂੰ ਹਮੇਸ਼ਾ ਹੀ ਸੁਪਨੇ ਆਪਣੇ ਪਿੰਡ ਦੇ ਆਉਂਦੇ ਰਹੇ

ਕਦੇ ਭਾਗੋ ਭੂਆ ਦੀ ਭੱਠੀ ਤੋਂ ਦਾਣੇ ਭੁੰਨਾਉਣ ਦੇ
ਕਦੇ ਅੰਬਾਂ ਦੇ ਬਾਗਾਂ ਚੋਂ ਅੰਬੀਆਂ ਚੁਰਾਉਣ ਦੇ

ਕਦੇ ਮਾਸਟਰਾਂ ਤੋਂ ਕੁੱਟ ਖਾਣ ਦੇ ਕਦੇ ਸਾਰੀ ਜਮਾਤ
ਸਾਹਮਣੇ ਕੰਨ ਫੜਾ ਕੇ ਮੁਰਗਾ ਬਣਾਉਣ ਦੇ

ਉਦਾਸੀ ਦੇ ਅਖਾੜੇ ਲਗਾਉਣ ਦੇ ਕਦੇ ਭਾਈ ਮੰਨਾ ਸਿੰਘ ਦੀ
ਨਾਟਕ ਮੰਡਲੀ ਮੰਗਾਉਣ ਦੇ ਕਦੇ ਖੇਡ ਮੁਕਾਬਲੇ ਕਰਾਉਣ ਦੇ

ਕਰੋਨਾ ਦੇ ਕਹਿਰ ਨੇ ਸੁਪਨਿਆਂ ਦੀ ਇਹ ਲੜੀ
ਮਧੋਲ ਕੇ ਰੱਖ ਦਿੱਤੀ ਰੋਲ ਕੇ ਰੱਖ ਦਿੱਤੀ

ਰਾਤਾਂ ਦੇ ਓਨੀਂਦਰੇਪਣ ‘ਚ ਸ਼ਾਂ-ਸ਼ਾਂ ਕਰਦਾ ਸੰਨਾਟਾ ਸੀ
ਅੰਗੜਾਈਆਂ ਦੇ ਇਸ ਦੌਰ ‘ਚ ਸੁਪਨੇ ਮਨਫ਼ੀ ਹੋ ਗਏ

ਚਾਹੁੰਦਾ ਇਹ ਹਾਂ ਮੈਂ ਸੁਪਨਿਆਂ ਦੀ ਲੜੀ ‘ਚ ਦੁਬਾਰਾ
ਪਿੰਡ ਦੇ ਖੁਆਬ ਦੇਖਦਾ ਰਹਾਂ.. ਦੇਖਦਾ ਰਹਾਂ…।