ਮਾਂ

ਸਾਦਗੀ ਦੀ ਸੂਰਤ
ਮਮਤਾ ਦੀ ਮੂਰਤ
ਉਹ ਹੈ ਇਸ ਦੁਨੀਆ ਤੋਂ ਵਿਲੱਖਣ
ਆਮ ਔਰਤਾਂ ਵਰਗੇ ਨਾ ਕੋਈ ਲੱਛਣ ।
ਉਹ ਤਾਂ ਬਸ ਪੈਦਾ ਹੋਈ ਸੀ
ਭਗਤੀ ਦੀ ਰਾਹ ਤੇ ਚੱਲਣ ਲਈ
ਪਰ ਭਗਤਾਂ ਨੂੰ ਕੌਣ ਪਛਾਣ ਸਕਿਆ?
ਭਗਤੀ ਦੀ ਰਮਜ਼ ਕੌਣ ਜਾਣ ਸਕਿਆ?
ਧੀਆਂ ਨੂੰ ਆਪਣੇ ਕੋਲ ਕੌਣ ਰੱਖ ਸਕਿਆ?
ਮੇਰੇ ਨਾਨਾ-ਨਾਨੀ ਨੇ ਆਪਣਾ ਫਰਜ਼ ਨਿਭਾ ਦਿੱਤਾ
ਮੇਰੀ ਮਾਂ ਨੂੰ ਵਿਆਹ ਕੇ ਤੋਰ ਦਿੱਤਾ
ਅਫਰੀਕਾ ਦੀ ਪੜੀ-ਲਿਖੀ ਨੂੰ
ਪਿੰਡ ਵਿੱਚ ਵਿਆਹ ਕੇ ਤੋਰ ਦਿੱਤਾ ।
ਭੋਲੀ-ਭਾਲੀ ਮਾਂ ਮੇਰੀ
ਮਾਪਿਆਂ ਦੇ ਹੁਕਮ ਨੂੰ ਮੰਨ
ਸਹੁਰੇ ਘਰ ਦੇ ਫ਼ਰਜ਼ ਨਿਭਾਉਣ ਲੱਗੀ
ਭਗਤੀ ਛੱਡ ਗ੍ਰਹਿਸਥੀ ਅਪਨਾਉਣ ਲੱਗੀ।
ਆਪਣੇ ਘਰ ਪਰਿਵਾਰ ਤੇ ਬੱਚਿਆਂ ਲਈ
ਜੀਵਨ ਆਪਣਾ ਜਿਊਣ ਲੱਗੀ
ਰੱਬੀ ਹੁਕਮ ਸਮਝ ਬੱਚਿਆਂ ਪ੍ਰਤੀ ਫਰਜ਼
ਬਾਖੂਬੀ ਨਿਭਾਉਣ ਲੱਗੀ।
ਬੱਚਿਆਂ ਦੇ ਪਾਲਣ ਪੋਸ਼ਣ ਦੇ ਫਰਜ਼ ਪੂਰੇ ਕਰਦੇ ਹੀ
ਫੇਰ ਭਗਤੀ ਦੀ ਭਾਵਨਾ ਜਾਗ ਉੱਠੀ.
ਮਾਂ ਮੇਰੀ ਆਪਣਾ ਅਸਲੀ ਫ਼ਰਜ਼ ਨਿਭਾਉਣ ਲੱਗੀ।
ਸਾਨੂੰ ਬੱਚਿਆਂ ਨੂੰ ਹੋਰ ਮਾਵਾਂ ਵੱਲ ਵੇਖ
ਅਕਸਰ ਇਹ ਸ਼ਿਕਾਇਤ ਹੁੰਦੀ
ਮਾਂ ਸਾਡੀ ਮਹਿੰਗੇ ਸੂਟ ਪਾ ਕੇ
ਗਹਿਣੇ ਗੱਟੇ ਪਾ ਕੇ
ਕਦੀ ਨਹੀਂ ਤਿਆਰ ਹੁੰਦੀ।
ਸਾਨੂੰ ਇਹ ਸਮਝ ਹੀ ਨਹੀਂ ਆਉਂਦੀ
ਜਿਸਨੂੰ ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ
ਉਹ ਝੂਠੇ ਹਾਰ- ਸ਼ਿੰਗਾਰ ਕਿਵੇਂ ਕਰ ਲੈਂਦੀ ?
ਹੁਣ ਬਜ਼ੁਰਗ ਦੁਬਲੀ-ਪਤਲੀ ਮਾਂ ਮੇਰੀ
ਹਾਲੇ ਵੀ ਅਲੌਕਿਕ ਕੀਰਤਨ ਕਰੀ ਜਾਂਦੀ ।
ਗੱਲਾਂ ਗੁਰਬਾਣੀ ਦੀਆਂ ਅਨੋਖੀਆਂ
ਵਾਰ-ਵਾਰ ਦੁਹਰਾਈ ਜਾਂਦੀ।
ਨਾਮ ਜਪੋ ਤੇ ਜਪਾਉ
ਇਹ ਗੁਰਮੰਤਰ ਸਾਨੂੰ ਦੇਈ ਜਾਂਦੀ
ਸੱਚ ਤੇ ਸਬਰ ਦਾ ਸਬਕ
ਸਾਨੂੰ ਹਮੇਸ਼ਾ ਪੜ੍ਹਾਈ ਜਾਂਦੀ ।
ਰੱਬ ਵਰਗੀ ਮਾਂ ਨੂੰ
ਰੱਬ ਆਪੇ ਹੀ ਤੰਦਰੁਸਤ ਰੱਖੇ!
ਰੱਬ ਆਪੇ ਹੀ ਤੰਦਰੁਸਤ ਰੱਖੇ!