ਪ੍ਰਕਾਸ਼ ਪੁੰਜ
ਕਾਲੀ ਬੋਲੀ ਰਾਤ
ਕਾਲੀ ਵੇਈਂ ਦੇ ਕਾਲੇ ਪਾਣੀ ਵਿੱਚ
ਉਤਰਿਆ ਇੱਕ ਕਾਲਾ ਸਾਇਆ
ਤੇ ਗੁੰਮ ਹੋ ਗਿਆ
ਕਾਲੇ ਪਾਣੀ ਅੰਦਰ
ਸਮੇਟ ਸਮੇਂ ਦੀ ਕਾਲਖ
ਤੇ ਉਗਮ ਪਿਆ
ਪ੍ਰਕਾਸ਼ ਪੁੰਜ ਬਣ।
ਤੇਰਾ ਤੇਰਾ ਤੋਲਦਾ
ਕੂੜ੍ਹ ਦੀ ਗਠੜੀ ਖੋਲ੍ਹਦਾ
ਸੱਚੇ ਅਲਫ਼ਾਜ਼ ਬੋਲਦਾ
ਪਾਪੀਆਂ ਨੂੰ ਵੰਗਾਰਦਾ
ਪਾਖੰਡਾਂ ਨੂੰ ਨਕਾਰਦਾ
ਹੱਥੀਂ ਕਿਰਤ ਕਮਾਂਵਦਾ
ਰੋਟੀ ਵੰਡ ਛਕਾਂਵਦਾ
ਨਾਮ ਦਾ ਜਾਪ ਕਰਾਂਵਦਾ
ਸ਼ਬਦ ਸੰਗੀਤ ਸਜਾਂਵਦਾ।
ਹਰ ਪਾਸੇ ਲੋਅ ਜਗਾਂਵਦਾ
ਮਜ਼ਲੂਮਾਂ ਦੀ ਰਾਖੀ ਕਰਾਂਵਦਾ।
ਨਾ ਓਹ ਬਾਬਾ
ਨਾ ਓਹ ਫ਼ਕੀਰ
ਉਹ ਤਾਂ ਸੀ
ਇੱਕ ਰਾਹਗੀਰ।
ਦਿਲਾਂ ਦਾ ਦਿਲਗੀਰ।
ਜਿੱਥੇ ਜਿੱਥੇ ਧਰਦਾ ਪੈਰ
ਛੱਡ ਜਾਂਦਾ ਉਹ ਆਪਣੀ ਪੈੜ।
ਨਾ ਉਹ ਹਿੰਦੂ
ਨਾ ਮੁਸਲਮਾਨ
ਲੋਕਾਈ ਦਾ ਗੁਰੂ
ਅਦੁੱਤੀ ਇਨਸਾਨ।
ਜੇਕਰ ਸੁੱਖੀ ਜੀਵਨ
ਬਿਤਾਉਣਾ ਚਾਹੋ
ਉਸਦੀ ਬਾਣੀ ਨੂੰ ਅਪਣਾਓ।
ਨਾ ਪਾਓ ਵੰਡੀਆਂ
ਧਰਮ ਦੇ ਨਾਂ ਤੇ
ਉਸ ਸਮੇਟੀ ਕਾਇਨਾਤ
ਭਵਖੰਡਨ ਦੇ ਨਾਂ ਤੇ।
ਯਾਦ ਰੱਖੋ ਇੱਕ ਹੀ ਨੂਰ ਨੂੰ
ਨਾ ਕਰੋ ਬੇਪੱਤ
ਮਾਂ ਵਰਗੀ ਹੂਰ ਨੂੰ
ਹਰ ਦਿਨ ਮਨਾਓ ਗੁਰਪੁਰਬ
ਏਕ ਪਿਤਾ ਏਕਸ ਕੇ ਬਾਰਕੋ
ਕੂੜ੍ਹ ਜੁਰਮ ਦਾ ਹਨੇਰ ਮਿਟਾਓ ਸੱਚ ਤੇ ਪਿਆਰ ਦਾ ਸੂਰਜ ਉਗਾਓ।
ਸਤਿਗੁਰ ਦੇ ਪੈਰੋਕਾਰ ਕਹਾਓ
ਤਾਂ ਹੀ ਵਾਹਿਗੁਰੂ ਦੀ ਕਿਰਪਾ ਪਾਓ।

- ਪ੍ਰੋਮਿਲਾ ਅਰੋੜਾ
(ਰਿਟਾ. ਪ੍ਰਿੰਸੀਪਲ ਤ੍ਰੈਭਾਸ਼ੀ ਲੇਖਿਕਾ)
ਅਨੁਵਾਦਕ ਤੇ ਸਮਾਜ ਸੇਵਿਕਾ
ਕਪੂਰਥਲਾ, (ਪੰਜਾਬ) 9814958386