ਹੰਝੂ

ਤਿੱਖੜ ਦੁਪਹਿਰ ਸੀ। ਹਵਾ ਬੁੱਲ੍ਹਿਆਂ ਵਿਚ ਬੰਦ ਹੋ ਕੇ ਆ ਰਹੀ ਸੀ। ਇਕ ਬੁੱਢੜ ਜਿਹਾ ਸਾਈਕਲ ਦੇ ਮਗਰ ਬੈਠੀ ਭਰ ਜਵਾਨ ਮੁਟਿਆਰ ਨੂੰ ਹੁਝਕੇ ਮਾਰ ਮਾਰ ਖਿੱਚ ਰਿਹਾ ਸੀ। ਕਦੇ ਉਹ ਸਾਈਕਲ ਨੂੰ ਅਗਾਂਹ ਤੋਰਨ ਲਈ ਇਕ ਪੈਡਲ ਉੱਤੇ ਸਾਰੇ ਦਾ ਸਾਰਾ ਝੁਕ ਜਾਂਦਾ, ਕਦੇ ਦੂਜੇ ਉੱਤੇ। ਹੁਝਕਿਆਂ ਨਾਲ ਸਾਈਕਲ ਸੱਪ ਵਾਂਗ ਮੇਲ੍ਹ ਮੇਲ੍ਹ ਤੁਰ ਰਿਹਾ ਸੀ। ਬੁੱਢੜ ਗਰਮੀ ਵਿਚ ਨੁਚੜਦਾ ਮਾਯੂਸ ਜਿਹਾ ਲੱਗ ਰਿਹਾ ਸੀ। ਕਦੇ ਕਦੇ ਉਹ ਪਿੱਠ ਪਿੱਛੇ ਵੀ ਝਾਤੀ ਮਾਰ ਲੈਂਦਾ ਤਾਂ ਵਸਮਾ ਲਾਈ ਖਤ ਕੱਢੀ ਦਾੜੀ ਵਿਚ ਹੱਥ ਫੇਰਦਾ ਤੇ ਤਿੱਖੀਆਂ ਮੁੱਛਾਂ ਨੂੰ ਖੜ੍ਹੀਆਂ ਕਰਨ ਦਾ ਯਤਨ ਕਰਦਾ। ਮੁਟਿਆਰ ਪੱਕੇ ਅੰਬ ਵਾਂਗ ਆਪਣੇ ਹੀ ਭਾਰ ਨਾਲ ਦੱਬੀ ਸਾਈਕਲ ਉੱਤੇ ਅਡੋਲ ਬੈਠੀ ਪਤਾ ਨਹੀਂ ਕਿੰਨ੍ਹਾਂ ਖਿਆਲਾਂ ਵਿਚ ਗੁੰਮ ਸੀ। ਅਚਾਨਕ ਮੋੜ ਤੇ ਸਾਈਕਲ ਦਾ ਪਹੀਆ ਸਲਿੱਪ ਹੋ ਗਿਆ। ਮੁਟਿਆਰ ਸੜਕ ਉੱਤੇ ਚੌਫ਼ਾਲ ਡਿੱਗ ਪਈ ਤੇ ਬੁੱਢੜ ਸਾਈਕਲ ਦੇ ਭਾਰ ਥੱਲੇ ਦੱਬਿਆ ਗਿਆ।
‘ਓਏ ਬੁੜ੍ਹਿਆ! ਕਿਸੇ ਜਵਾਨ ਪੁੱਤ ਨੂੰ ਭੇਜ ਦਿੰਦਾ। ਤੈਥੋਂ ਹੁਣ ਇਹ ਖਿੱਚ ਹੁੰਦੀ ਐ?’ ਕੋਲ ਖੜੇ ਜਵਾਨ ਤੋਂ ਰਿਹਾ ਨਾ ਗਿਆ ਤੇ ਸਾਈਕਲ ਥੱਲਿਓਂ ਬੁੱਢੜ ਨੂੰ ਕੱਢਣ ਲੱਗਾ।
‘ਕਿਉਂ ਭਾਈ! ਤੈਨੂੰ ਨੀਂ ਸੀ ਪਤਾ ਕਿ ਇਹ ਕਿਵੇਂ ਖਿੱਚੂ? ਨਾਲ ਲੈ ਕੇ ਤੁਰ ਪਈ ਏਂ।’
ਮੁਟਿਆਰ ਦੇ ਤਾਂ ਜਿਵੇਂ ਕਿਸੇ ਨੇ ਖਿੱਚ ਕੇ ਬਰਛੀ ਮਾਰੀ ਹੋਵੇ। ਉਹ ਤੜਫ਼ ਕੇ ਰਹਿ ਗਈ।
‘ਵੇ ਕਾਹਨੂੰ ਵੇ ਵੀਰਾ! ਮੈਂ ਕਿੱਥੇ ਆਪ ਲੈ ਕੇ ਤੁਰੀ ਆਂ। ਮਾਪਿਆਂ ਕੰਜਰਾਂ ਨੇ ਇਹਦੇ ਨਾਲ ਤੋਰ ਤੀ ਤਾਂ ਤੁਰ ਪਈ ਆਂ।’ ਪਰਲ ਪਰਲ ਕਰਦੇ ਹੰਝੂ ਉਹਦੇ ਤਪਦੇ ਚਿਹਰੇ ਉੱਤੇ ਮੀਂਹ ਵਰ੍ਹਾ ਰਹੇ ਸਨ ਤੇ ਹਟਕੋਰਿਆਂ ਨਾਲ ਉਭਰਿਆ ਸੀਨਾ ਫ਼ਟ ਜਾਣਾ ਚਾਹੁੰਦਾ ਸੀ।