ਆਦਰਸ਼ ਸਿਸਟਮ ਦੀ ਭਾਲ ਵਿੱਚ ਅੱਜ ਦੇ ਆਰੀਆ

ਕਿਹਾ ਜਾਂਦਾ ਹੈ ਕਿ ਆਰੀਅਨ ਸਾਇਬੋਰੀਆ ਤੋਂ ਉੱਠ ਕੇ ਚੰਗੇ ਤੇ ਆਦਰਸ਼ ਰਹਿਣਯੋਗ ਚੌਗਿਰਦੇ ਤੇ ਵਾਤਾਵਰਨ ਦੀ ਭਾਲ ਵਿੱਚ ਨਿਕਲੇ। ਉਹਨਾਂ ਵਿੱਚੋਂ ਕੁਝ ਅਰਬ, ਇਰਾਨ ਇਰਾਕ ਵਿੱਚ ਰਹਿ ਗਏ ਕੁਝ ਸਾਹਸੀ ਲੋਕ ਅੱਗੇ ਵਧਦੇ ਹੋਏ ਸਪਤਸਿੰਧੂ ਤੱਕ ਪਹੁੰਚ ਗਏ, ਜਿੱਥੇ ਸੱਤ ਦਰਿਆ ਵਹਿੰਦੇ ਸਨ। ਮੈਦਾਨੀ ਪੱਧਰਾ ਇਲਾਕਾ ਸੀ। ਪੌਣ ਪਾਣੀ ਬੜਾ ਸਾਫ ਸ਼ਫਾਫ ਸੀ। ਜਮੀਨ ਬੜੀ ਉਪਜਾਊ ਸੀ ਤੇ ਪਾਣੀ ਬੜਾ ਨਿਰਮਲ ਸੀ। ਦੁੱਧ ਤੇ ਸ਼ਹਿਦ ਇੱਥੇ ਭਾਰੀ ਮਾਤਰਾ ਵਿੱਚ ਮਿਲਦਾ ਸੀ। ਇਸ ਤੋਂ ਚੰਗੀ ਧਰਤੀ ਸੰਸਾਰ ਤੇ ਹੋਰ ਕਿਹੜੀ ਹੋ ਸਕਦੀ ਸੀ? ਜਿਹੜੀ ਦੇਵਤਿਆਂ ਤੇ ਰਾਕਸ਼ਸਾਂ ਵਿਚਕਾਰ ਸਵਰਗ ਦੀ ਪ੍ਰਾਪਤੀ ਲਈ ਜੰਗ ਲੜੀ ਜਾਂਦੀ ਰਹੀ ਮੈਂ ਸਮਝਦਾ ਹਾਂ ਕਿ ਇਹ ਇਹੋ ਪੰਜਾਬ ਦੀ ਧਰਤੀ ਸੀ, ਜਿਹਨੂੰ ਉਸ ਵੇਲੇ ਸਪਤ ਸੰਧੂ ਕਿਹਾ ਜਾਂਦਾ ਸੀ। ਆਰੀਅਨਸ ਆਪ ਦੇਵਤੇ ਬਣ ਗਏ ਤੇ ਇਥੋਂ ਦੇ ਮੂਲ ਵਸਰੀਕਾਂ ਨੂੰ ਉਹਨਾਂ ਨੇ ਰਾਕਸ਼ਸਾਂ ਦਾ ਦਰਜਾ ਦੇ ਕੇ ਨਕਾਰ ਦਿੱਤਾ।

ਅੱਜ ਦੇ ਇਹ ਆਰੀਅਨ ਵੀ ਆਦਰਸ਼, ਰਹਿਣ ਯੋਗ ਤੇ ਚੰਗੇ ਸਿਸਟਮ ਦੀ ਭਾਲ ਵਿੱਚ ਫਿਰ ਤੋਂ ਨਿਕਲ ਤੁਰੇ ਨੇ। ਆਪਣੀ ਇਸ ਚੇਸ਼ਟਾ ਤਹਿਤ ਇਹ ਲੋਕ ਕਨੇਡਾ, ਅਮਰੀਕਾ ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਯੂਰਪੀਅਨ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਜਾ ਕੇ ਵੱਸ ਗਏ ਹਨ। ਅਸਲ ਵਿੱਚ ਪ੍ਰਵਾਸ, ਆਰੀਅਨ ਦੀ ਇਸ ਔਲਾਦ ਦੇ ਖੂਨ ਵਿੱਚ ਪਿਆ ਹੋਇਆ ਹੈ। ਇਹਨਾਂ ਦੀ ਇਹ ਆਦ ਜੁਗਾਦੀ ਆਦਤ ਹੈ ਕਿ ਇਹ ਜਿੱਥੇ ਰਹਿੰਦੇ ਹੋਣ, ਉੱਥੇ ਰਹਿ ਕੇ ਸੰਘਰਸ਼ ਦੇ ਕੇ, ਲੜਾਈ ਦੇ ਕੇ ਸਿਸਟਮ ਨੂੰ ਸੁਧਾਰਨ ਦੀ ਥਾਂ ਇਹ ਉਸ ਭ੍ਰਿਸ਼ਟ ਤੇ ਨਾ ਰਹਿਣਯੋਗ ਹੋ ਚੁੱਕੇ ਸਿਸਟਮ ਤੇ ਸਮਾਜ ਨੂੰ ਛੱਡ ਕੇ ਉਹਨਾਂ ਧਰਤੀਆਂ ਦੀ ਤਲਾਸ਼ ਵਿੱਚ ਆਦ ਜੁਗਾਦ ਤੋਂ ਭਟਕ ਰਹੇ ਨੇ ਜਿੱਥੇ ਇਹਨਾਂ ਨੂੰ ਰਹਿਣ ਵਾਸਤੇ ਵਧੇਰੇ ਸੁੱਖ ਸੁਵਿਧਾ ਤੇ ਅਮੀਰੀ ਮਿਲ ਸਕੇ। ਅੱਜ ਦਾ ਪੰਜਾਬ ਦੁਭਿਧਾ ਵਿੱਚ ਵਿਚਰ ਰਿਹਾ ਹੈ। ਇਧਰਲੀਆਂ ਜਮੀਨਾਂ, ਕੋਠੀਆਂ, ਫੈਕਟਰੀਆਂ, ਦੁਕਾਨਾਂ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਵੱਸ ਗਏ ਪੰਜਾਬੀ ਅੱਜ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਕਿਤੇ ਨਾ ਕਿਤੇ ਉਹਨਾਂ ਕੋਲੋਂ ਵੱਡੀ ਭੁੱਲ ਹੋ ਗਈ ਹੈ। ਉਧਰਲੇ ਮੁਲਕਾਂ ਵਿੱਚ ਤਾਂ ਇਹ ਉਸ ਤਰ੍ਹਾਂ ਦੀ ਮਲਕੀਅਤ ਤੇ ਸਰਦਾਰੀ ਕੁਝ ਕੁ ਲੋਕਾਂ ਨੂੰ ਛੱਡ ਕੇ ਪ੍ਰਾਪਤ ਨਹੀਂ ਕਰ ਸਕੇ। ਇਧਰਲੀਆਂ ਮਾਲਕੀਆ, ਜਮੀਨਾਂ ਤੇ ਸਰਦਾਰੀਆਂ ਵੀ ਜਾਂਦੀਆਂ ਲੱਗੀਆਂ। ਜਿਨਾਂ ਧਰਤੀਆਂ ਨੂੰ ਇਹਨਾਂ ਨੇ ਆਪਣੀਆਂ ਸੁਪਨ ਨਗਰੀਆਂ ਸਮਝਿਆ ਹੋਇਆ ਸੀ ਅੱਜ ਉਹਨਾਂ ਧਰਤੀਆਂ ਤੋਂ ਇਹਨਾਂ ਨੂੰ ਸੰਗਲਾਂ ਨਾਲ ਨੂੜ ਨੂੜ ਕੇ ਜਹਾਜਾਂ ਵਿੱਚ ਭਰ ਭਰ ਕੇ ਪੰਜਾਬ ਵਿੱਚ ਸੁੱਟਿਆ ਜਾ ਰਿਹਾ ਹੈ। ਸ਼ਾਇਦ ਇਹ ਸਿੱਖਣ ਦੀ ਘੜੀ ਹੈ ਕਿ ਮਾਤਭੂਮੀ ਕਦੇ ਵੀ ਕਿਸੇ ਦੀ ਦੁਸ਼ਮਣ ਨਹੀਂ ਹੁੰਦੀ। ਜਦੋਂ ਵੀ ਸਾਨੂੰ ਸੰਭਾਲਣਾ ਹੈ, ਦੁੱਖਾਂ ਮਾਰਿਆ ਨੂੰ, ਮੁਸੀਬਤਾਂ ਮਾਰਿਆ ਨੂੰ ਸਾਡੀ ਮਾਤ ਭੂਮੀ ਨੇ ਹੀ ਸੰਭਾਲਣਾ ਹੈ। ਇਹ ਗੱਲ ਪੱਕੇ ਤੌਰ ਤੇ ਪੰਜਾਬੀਆਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ । ਕਦੋਂ ਕ ਤੱਕ ਬੇਗਾਨੀ ਛਾਹ ਤੇ ਮੁੱਛਾਂ ਮਨਾਉਂਦੇ ਰਹਾਂਗੇ ? ਪਰ ਇਹ ਗੱਲ ਛੇਤੀ ਕਿਤੇ ਪੰਜਾਬੀ ਜਨ-ਮਾਨਸ ਦੀ ਸੋਚ ਦਾ ਹਿੱਸਾ ਨਹੀਂ ਬਣਨੀ ਕਿਉਂਕਿ ਉੱਜੜ ਜਾਣਾ, ਬਿਖਰ ਜਾਣਾ, ਯਾਤਰਾ ਵਿੱਚ ਰਹਿਣਾ ਆਰੀਅਨ ਦੀ ਇਸ ਔਲਾਦ ਦੇ ਖੂਨ ਵਿੱਚ ਹੈ।

ਇੱਕ ਹੋਰ ਗੱਲ ਵੀ ਪੰਜਾਬੀਆਂ ਨੂੰ ਭਲੇ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਸਮੱਸਿਆਵਾਂ ਰਹਿਤ ਜਿੰਦਗੀ ਦੀ ਕਲਪਨਾ ਕਰਨਾ ਹੀ ਵੱਡੀ ਮੂਰਖਤਾ ਹੈ। ਇਸ ਧਰਤੀ ਤੇ ਕੋਈ ਐਸਾ ਕੋਨਾ ਨਹੀਂ ਮਿਲ ਸਕਦਾ ਜਿਸ ਧਰਤੀ ਤੇ ਸੰਘਰਸ਼ ਨਾ ਹੋਵੇ, ਸਮੱਸਿਆ ਨਾ ਹੋਵੇ, ਧੱਕੇਸ਼ਾਹੀ ਨਾ ਹੋਵੇ, ਭਰਿਸ਼ਟਾਚਾਰ ਨਾ ਹੋਵੇ, ਨਸ਼ੇ ਨਾ ਹੋਣ, ਗੈਂਗਵਾਰ ਨਾ ਹੋਵੇ, ਉਦੜ ਧੁੰਮੀ ਨਾ ਹੋਵੇ । ਪੰਜਾਬੀ ਜਿਨਾਂ ਸਮੱਸਿਆਵਾਂ ਤੋਂ ਦੁਖੀ ਹੋ ਕੇ ਪੰਜਾਬ ਛੱਡ ਕੇ ਕੈਨੇਡਾ ਵਰਗੇ ਮੁਲਕਾਂ ਵਿੱਚ ਜਾ ਵਸੇ ਸਨ ਉਹੀ ਸਮੱਸਿਆਵਾਂ ਅੱਜ ਉੱਥੇ ਵੀ ਬੜੇ ਉਗਰ ਰੂਪ ਦੇ ਵਿੱਚ ਉਹਨਾਂ ਨੂੰ ਭੋਗਣੀਆਂ ਪੈ ਰਹੀਆਂ ਹਨ ਕਿਉਂਕਿ ਮਨੁੱਖ ਤਾਂ ਉਹੀ ਹਨ ਜਿਹੜੇ ਪੰਜਾਬ ਵਿੱਚ ਸਨ। ਇਹਦਾ ਮਤਲਬ ਸਮੱਸਿਆ ਮਨੁੱਖ ਵਿੱਚ ਹੈ, ਸਾਡੇ ਵਿੱਚ ਹੈ, ਨਾ ਪੰਜਾਬ ਵਿੱਚ ਹੈ, ਨਾ ਕਨੇਡਾ ਵਿੱਚ ਹੈ। ਮਨੁੱਖ ਨੂੰ ਮਨੁੱਖ ਹੋਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਬੰਦਾ ਬੰਦਾ ਨਹੀਂ ਬਣਦਾ ਇਹ ਸਮਾਜ ਭਰਿਸ਼ਟਾਚਾਰ ਰਹਿਤ ਕਦੇ ਹੋ ਹੀ ਨਹੀਂ ਸਕਦਾ। ਜਿੰਨੀ ਦੇਰ ਤੱਕ ਬੰਦਾ ਬੰਦਾ ਨਹੀਂ ਬਣਦਾ ਉਨੀ ਦੇਰ ਤੱਕ ਆਦਰਸ਼ ਸਿਸਟਮ ਦੀ ਭਾਲ ਵਿੱਚ ਭਟਕਦਾ ਹੀ ਰਹੇਗਾ।