ਕੁਦਰਤ

ਕੁਦਰਤ ਪਿਆਰੀਏ ਤੈਥੋਂ ਜਾਵਾਂ ਬਲਿਹਾਰੇ,
ਤੇਰੀ ਉਪਮਾ ਕਰਦੇ ਨੇ ਚੰਨ, ਸੂਰਜ, ਤਾਰੇ।

ਹਰ ਘਟ-ਘਟ ਤੂੰ ਏ ਤੂੰ ਸਰਭ ਗਿਆਤਾ,
ਸਭਨਾਂ ਦਾ ਭਲਾ ਲੋਚਦੀ ਜਿਉਂ ਲੋਚੇ ਮਾਤਾ।

ਪਸ਼ੂ, ਪੰਛੀ, ਜੰਗਲ-ਬੇਲੇ ਸਭ ਤੇਰਾ ਵਾਸਾ,
ਜੀਵਨ ਦੀ ਘਾੜਤ ਘੜਦੀ ਤੂੰ ਬਣਦੀ ਆਸਾ ।

ਫਸਲਾਂ ਜਦ ਝੂਮਣ ਗੁਣ ਤੇਰੇ ਗਾਵਣ,
ਤੇਰੀ ਤੁਕਣੀ ਤੇ ਲੱਖ ਸ਼ੁਕਰ ਮਨਾਵਣ।

ਦਿਨ ਦੀ ਲਾਲੀ ਲੱਗੇ ਕਦੇ ਰਾਤ ਦੀ ਚੁੱਪ ਏ,
ਮਾਘ ਦੀ ਮਿੱਠੀ-ਮਿੱਠੀ ਜਾਪੇ ਸੋਹਣੀ ਧੁੱਪ ਏ।

ਲੂੰਆਂ, ਕੱਕਰ ਆਵਣ ਕਦੇ ਚੜ੍ਹਨ ਘਟਾਵਾਂ,
ਸਭਨਾਂ ਦੀ ਸੁੱਖ ਮੰਗਦੀ ਤੇ ਕਰੇ ਦੁਆਵਾਂ।

ਕੁਦਰਤ ਸੱਚ ਏ ਗੱਲ ਸਮਝ ਤੂੰ ਭਾਈ,
ਏਹਦੇ ਭਾਣੇ ਵਿੱਚ ਏ ਹਰ ਚੀਜ਼ ਸਮਾਈ ।

ਕੁਦਰਤ ਜੇ ਰੁੱਸਗੀ ਹੋਉ ਬਹੁਤ ਤਬਾਹੀ,
ਜਲ-ਥਲ ਜਾਂਦੀ ਪਲ ਵਿੱਚ ਇੱਕ ਕਰਾਈ।

ਆਓ ਕੁਦਰਤ ਲਈ ਫ਼ਰਜ ਨਿਭਾਈਏ,
‘ਪ੍ਰੀਤ ਬੀੜ ਕਿਸ਼ਨ’, ਚੱਲ ਅਮਲ ਕਮਾਈਏ।