ਪੰਜਾਬੀਆਂ ਦੇ ਨੈਤਿਕ ਨਿਘਾਰ ਦਾ ਮਸਲਾ

ਅੱਜ ਕੱਲ ਪੰਜਾਬ ਵਿੱਚ ਜਿਸ ਕਿਸਮ ਦੀਆਂ ਵਹਸ਼ਿਆਨਾ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਨੂੰ ਵੇਖ ਸੁਣ ਕੇ ਹਰ ਇੱਕ ਸੰਵੇਦਨਸ਼ੀਲ ਮਨੁੱਖ ਦਾ ਦੁਖੀ ਹੋਣਾ ਕੁਦਰਤੀ ਹੈ। ਅੱਜ ਕੱਲ ਲੁੱਟ-ਖੋਹ, ਕਤਲੋਗਾਰਤ, ਲੜਾਈਆਂ-ਝਗੜੇ, ਪਰਿਵਾਰਿਕ ਕਾਟੋ-ਕਲੇਸ਼ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਜ਼ੋਰ ਫੜ ਰਹੀਆਂ ਹਨ। ਕਿਧਰੇ ਕੋਈ ਨਵ-ਵਿਆਹੁਤਾ ਪਤਨੀ ਆਪਣੇ ਪਤੀ ਨੂੰ ਹਨੀਮੂਨ ਬਹਾਨੇ ਪਹਾੜਾਂ ਵਿੱਚ ਲਿਜਾ ਕੇ ਆਪਣੇ ਯਾਰਾਂ ਹੱਥੋਂ ਕਤਲ ਕਰਵਾ ਦਿੰਦੀ ਹੈ, ਕਿਧਰੇ ਇਸ਼ਕ ਵਿੱਚ ਅੰਨੀ ਹੋਈ ਕੋਈ ਵਿਆਹੁਤਾ ਆਪਣੇ ਪਤੀ ਨੂੰ ਘਰ ਵਿੱਚ ਹੀ ਆਪਣੇ ਗੈਰ-ਸਮਾਜੀ ਸੰਬੰਧਾਂ ਕਾਰਨ ਮਰਵਾ ਦਿੰਦੀ ਹੈ। ਕੋਈ ਆਪਣੇ ਪਤੀ ਨੂੰ ਟੋਟੇ ਟੋਟੇ ਕਰਵਾ ਕੇ ਡਰੰਮ ਵਿੱਚ ਪਵਾ ਦਿੰਦੀ ਹੈ, ਕੋਈ ਪਤੀ ਆਪਣੀ ਪਤਨੀ ਨੂੰ ਗੋਲੀਆਂ ਮਾਰ ਦਿੰਦਾ ਹੈ। ਇਸ ਤਰ੍ਹਾਂ ਦੀਆਂ ਖਤਰਨਾਕ ਘਟਨਾਵਾਂ ਪੰਜਾਬ ਦੇ ਚਿੱਤਰ ਪੱਟ ਤੇ ਦਿਨ ਪ੍ਰਤੀ ਦਿਨ ਉਭਰ ਕੇ ਸਾਹਮਣੇ ਆ ਰਹੀਆਂ ਹਨ। ਕੋਈ ਲੜਕੀ ਕਨੇਡਾ ਵਿੱਚ ਜਾ ਕੇ ਆਪਣੇ ਵਿਆਹ ਸਬੰਧਾਂ ਤੋਂ ਮੁਕਰ ਜਾਂਦੀ ਹੈ ਅਤੇ ਕੋਈ ਏਅਰਪੋਰਟ ਤੋਂ ਹੀ ਲਾਪਤਾ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨੈਤਿਕ ਨਿਘਾਰ ਦੀਆਂ ਖਬਰਾਂ ਅਕਸਰ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਬੰਦਾ ਮਾਰਨਾ ਜਿਵੇਂ ਅੱਜ ਦੇ ਦੌਰ ਵਿੱਚ ਇੱਕ ਮਜ਼ਾਕ ਹੀ ਬਣ ਗਿਆ ਹੈ । ਪੰਜਾਬ ਦੀਆਂ ਬੌਧਿਕ ਤੇ ਸੰਵੇਦਨਸ਼ੀਲ ਧਿਰਾਂ ਨੂੰ ਇਹਨਾਂ ਘਟਨਾਵਾਂ ਸਬੰਧੀ ਬੜੀ ਸੰਜੀਦਗੀ ਨਾਲ ਸੋਚਣ ਵਿਚਾਰਨ ਦੀ ਜ਼ਰੂਰਤ ਹੈ ਅਤੇ ਅਜਿਹੀਆਂ ਘਟਨਾਵਾਂ ਦੇ ਕਾਰਨਾਂ ਉੱਪਰ ਵੀ ਨਜ਼ਰਸਾਨੀ ਕਰਨ ਦੀ ਜਰੂਰਤ ਹੈ । ਜਿੱਥੇ ਅਮਨ ਕਾਨੂੰਨ ਦੇ ਵਿਵਸਥਾ ਨੂੰ ਬਣਾਈ ਰੱਖਣਾ ਸਰਕਾਰ ਦੀ ਪਹਿਲੀ ਜਿੰਮੇਵਾਰੀ ਬਣਦੀ ਹੈ ਉਥੇ ਨਾਲ ਦੀ ਨਾਲ ਪੰਜਾਬ ਦੇ ਬੌਧਿਕ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਯਤਨ ਕਰਨ। ਪੰਜਾਬ ਦੇ ਇਸ ਨੈਤਿਕ ਪਤਨ ਦਾ ਕਾਰਨ ਜੋ ਮੈਂ ਸਮਝਦਾ ਹਾਂ ਉਹ ਹੈ ਲੋਕਾਂ ਦਾ ਆਪਣੀਆਂ ਵਿਰਾਸਤੀ ਕਦਰਾਂ ਕੀਮਤਾਂ ਤੋਂ ਟੁੱਟ ਜਾਣਾ, ਆਪਣੀ ਸੱਭਿਆਚਾਰਕ ਰਹਿਤਲ ਨੂੰ ਤਿਆਗ ਦੇਣਾ ਤੇ ਲੋਭ ਲਾਲਚ ਨੂੰ ਮੁੱਖ ਰੱਖ ਕੇ ਰਿਸ਼ਤਿਆਂ ਦੀ ਸਥਾਪਤੀ ਕਰਨਾ । ਪੰਜਾਬ ਦੇ ਧਾਰਮਿਕ ਲੋਕਾਂ ਲਈ ਵੀ ਇਹ ਸੋਚਣ ਵਿਚਾਰਨ ਦੀ ਘੜੀ ਹੈ ਕਿ ਉਹਨਾਂ ਦੁਆਰਾ ਦਿਨ ਰਾਤ ਕੀਤੇ ਜਾਂਦੇ ਧਾਰਮਿਕ ਉਪਦੇਸ਼ਾਂ, ਸਤਸੰਗਾਂ, ਕੀਰਤਨ ਦਾ ਸਮਾਜ ਦੇ ਉੱਪਰ ਆਖਰ ਕਿੰਨਾ ਕੁ ਅਸਰ ਹੋ ਰਿਹਾ ਹੈ ? ਧਾਰਮਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਤੇ ਪਸਾਰ ਵਿੱਚ ਲੱਗੀਆਂ ਧਿਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਧਰਮ, ਗੁਰਬਾਣੀ ਅਤੇ ਸੂਫੀ ਸੰਤਾਂ ਦੇ ਉਪਦੇਸ਼ ਨੂੰ ਲੋਕਾਂ ਵਿੱਚ ਲਿਜਾਣ ਤੋਂ ਲਗਭਗ ਅਸਮਰੱਥ ਹੀ ਰਹੇ ਹਨ। ਵੱਡੇ ਵੱਡੇ ਲਾਊਡ ਸਪੀਕਰ ਲਗਾ ਕੇ ਜਗਰਾਤੇ ਕਰਨਾ, ਰੈਣ ਸਬਾਈ ਕੀਰਤਨ ਕਰਨਾ, ਧਾਰਮਿਕ ਦੀਵਾਨ ਸਜਾਉਣਾ ਇਹ ਧਾਰਮਿਕ ਗਤੀਵਿਧੀਆਂ ਵੀ ਕਿਤੇ ਨਾ ਕਿਤੇ ਲੋਕ ਦਿਖਾਵੇ ਦਾ ਸਾਧਨ ਹੀ ਬਣ ਕੇ ਰਹਿ ਗਈਆਂ ਹਨ। ਨਵੀਂ ਪੀਹੜੀ ਕੰਮ ਸੱਭਿਆਚਾਰ ਤੋਂ ਟੁੱਟਦੀ ਜਾ ਰਹੀ ਹੈ ਅਤੇ ਵਿਦੇਸ਼ਾਂ ਦੀ ਚਕਾਚੌਂਧ ਵਿੱਚ ਫਸ ਕੇ ਲਾਲਚ ਵੱਸ ਆਪਣਾ ਜੀਵਨ ਬਰਬਾਦ ਕਰ ਰਹੀ ਹੈ। ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪਰਿਵਾਰਿਕ ਮਾਹੌਲ ਵਿੱਚ ਵੀ ਬਹੁਤ ਵੱਡਾ ਵਿਗਾੜ ਕਿਤੇ ਨਾ ਕਿਤੇ ਜਰੂਰ ਆ ਗਿਆ ਹੈ ਜੋ ਅੱਜ ਦੇ ਨੌਜਵਾਨ ਮੁੰਡੇ ਕੁੜੀਆਂ ਨੈਤਿਕ ਕਦਰਾਂ ਕੀਮਤਾਂ ਦੇ ਪਾਲਣ ਕਰਨ ਤੋਂ ਮੁਨਕਰ ਹੋ ਰਹੇ ਹਨ। ਇਸ਼ਕ ਮੁਸ਼ਕ ਵਿੱਚ ਪੈ ਕੇ ਤੇ ਦਿਖਾਵੇ ਦੀ ਚਕਾ ਚੌਂਦ ਦਾ ਸ਼ਿਕਾਰ ਹੋ ਕੇ ਅੱਜ ਕਿਵੇਂ ਰਿਸ਼ਤਿਆਂ ਦੀ ਪਾਕ ਪਵਿੱਤਰਤਾ ਭੰਗ ਹੋ ਰਹੀ ਹੈ ਸਾਡੇ ਸਭ ਦੇ ਸਾਹਮਣੇ ਹੈ।