ਰੱਬ ਪ੍ਰਸਤ

ਰੱਬ ਪ੍ਰਸਤ ਹੋਣਾ ਚਾਹੁੰਦਾ ਹਾਂ,
ਸਾਡੇ ਵਡ ਵਡੇਰੇ ਸੁਣਿਆ ਰੱਬ ਪ੍ਰਸਤ ਹੋਇਆ ਕਰਦੇ ਸੀ।
ਸੱਚ ਬੋਲਣ ਨੂੰ ਜੀ ਕਰਦਾ ਹੈ।
ਸਾਡੇ ਪਿਓ ਦਾਦੇ ਪੜਦਾਦੇ ਸੱਚ ਪ੍ਰਸਤ ਹੋਇਆ ਕਰਦੇ ਸੀ।
ਦਿਲ ਕਰਦਾ ਹੈ ਅੰਮ੍ਰਿਤਧਾਰੀ ਹੋ ਜਾਵਾਂ ਮੈਂ,
ਪਰ ਡਰਦਾ ਹਾਂ ਅੰਮ੍ਰਿਤ ਦੀ ਮਰਿਆਦਾ ਕੌਣ ਨਿਭਾਊਗਾ।
ਝੂਠਾ ਸੱਚ ਦੀ ਬੋਲੀ ਕਿੱਦਾਂ ਪਾਊਗਾ ।
ਝੂਠ ਦੀ ਬੁੱਕਲ ਲਾਹ ਦਿੱਤੀ ਤਾਂ ਠਰ ਜਾਵਾਂਗਾ ।
ਸੱਚ ਖਾਅ ਕੇ ਤਾਂ ਜੀਅ ਨਹੀਂ ਹੋਣਾ ਮਰ ਜਾਵਾਂਗਾ।
ਇਹ ਤਾਂ ਬੜਾ ਕਠਨ ਰਸਤਾ ਹੈ ਹੋਰ ਕੋਈ ਉਪਰਾਲਾ ਕਰੀਏ।
ਰੱਬ ਪ੍ਰਸਤ ਹੋਣਾ ਚਾਹੁੰਦਾ ਹਾਂ।
ਸ਼ਬਦ ਗੁਰੂ ਵਿੱਚ ਵਾਸ ਦੇਵ ਦਾ ਨਾਂ ਆਉਂਦਾ ਹੈ।
ਗੀਤਾ ਦਾ ਉਪਦੇਸ਼ ਲਵਾਂ ਮੈਂ ਕੇਸ਼ਵ ਦਾ ਚੇਲਾ ਬਣ ਜਾਵਾਂ।
ਧਰਮਰਾਜ ਤੋਂ ਆਗਿਆ ਲੈ ਕੇ ਅਰਜਨ ਵਾਂਗੂ ਤੀਰ ਚਲਾਵਾਂ।
ਮੇਰੇ ਵਿੱਚ ਤਾਂ ਅੱਗ ਬੜੀ ਹੈ ਭੀਮ ਸੈਨ ਦਾ ਪੁੱਤ ਬਣ ਜਾਵਾਂ।
ਲੇਕਿਨ ਮੈਨੂੰ ਡਰ ਲੱਗਦਾ ਹੈ,
ਕਰਨ ਕਿਸੇ ਮਜਬੂਰੀ ਕਾਰਨ, ਅਰਜਨ ਦੀ ਥਾਂਹ ਤੀਰ ਕਿਤੇ ਮੇਰੇ ਨਾ ਮਾਰੇ ।
ਕੀ ਕਰ ਸਕਦਾਂ ਰੱਬ ਪ੍ਰਸਤ ਹੋਣਾ ਚਾਹੁੰਦਾ ਹਾਂ ।
ਸਾਡੇ ਵਡ ਵਡੇਰੇ ਸੁਣਿਆ ਰੱਬ ਪ੍ਰਸਤ ਹੋਇਆ ਕਰਦੇ ਸੀ।

ਰਾਮ ਰਾਮ ਕਰਕੇ ਵੇਂਹਦਾ ਹਾਂ ਰਾਮ ਰੱਬ ਦਾ ਉੱਤਮ ਨਾਂ ਹੈ।
ਮਰਕਟ ਰੱਬ ਦਾ ਹੋ ਸਕਦਾ ਹੈ ਮੈਨੂੰ ਕੀ ਹੈ ।
ਪੁਲ ਬੰਨ ਕੇ ਤੇ ਲੰਕਾ ਵੀ ਨਹੀਂ ਜਾਣਾ ਪੈਣਾ ।
ਸ਼ਹਿਰ ਸ਼ਹਿਰ ਹਰ ਗਲੀ ਗਲੀ ਵਿੱਚ ਰਾਵਣ ਰਹਿੰਦੇ।
ਕੁੰਭਕਰਣ ਦੇ ਕਈ ਘਰਾੜੇ ਘਰ ਸੁਣਦੇ ਹਨ।
ਪਰ ਮੈਂ ਸੋਚਾਂ ਦੈਂਤਾਂ ਦੇ ਨਾਲ ਪੰਗਾ ਲੈ ਕੇ ਮੈਂ ਕੀ ਕਰਨਾ।
ਹਨੂਮਾਨ ਤਾਂ ਉੱਡ ਜਾਂਦਾ ਸੀ ਮੈਥੋਂ ਤਾਂ ਉੱਡਿਆ ਨਹੀਂ ਜਾਣਾ।
ਸਮਝ ਨਹੀਂ ਲੱਗਦੀ ਕੀ ਸੋਚਾਂ ਕਿਹੜਾ ਰਾਹ ਅਪਣਾ ਕੇ ਦੇਖਾਂ।
ਰੱਬ ਪ੍ਰਸਤ ਹੋਣਾ ਚਾਹੁੰਦਾ ਹਾਂ।
ਸਾਡੇ ਪਿਓ ਦਾਦੇ ਪੜਦਾਦੇ ਰੱਬ ਪ੍ਰਸਤ ਹੋਇਆ ਕਰਦੇ ਸੀ।
ਧਰਤੀ ਦੇ ਦੂਜੇ ਪਾਸੇ ਹਾਂ ਚਲ ਸੁਕਰਾਤ ਦੀ ਗੱਲ ਕਰਦੇ ਹਾਂ।
ਗੱਲ ਕਰਨ ਦਾ ਡਰ ਵੀ ਕੀ ਹੈ,
ਆਪਾਂ ਕਿਹੜਾ ਜਹਿਰ ਪਿਆਲਾ ਪੀ ਲੈਣਾ ਹੈ।
ਕੀ ਕਰੀਏ ਕੀ ਨਾ ਕਰੀਏ ਫਿਰ ਸੋਚਾਂਗੇ ।
ਅੱਜ ਦੀ ਗੱਲ ਇੱਥੇ ਬੰਦ ਕਰਕੇ ਚਲਦਾ ਹਾਂ ਹੁਣ।
ਕੱਲ ਸਵੇਰੇ ਕੰਮ ਤੇ ਜਾਣਾ, ਕਾਰ ਦੀਆਂ ਕਿਸ਼ਤਾਂ ਬਾਕੀ ਨੇ।
ਹਾਲੇ ਮੈਂ ਵੱਡਾ ਘਰ ਲੈਣਾ ਕੀ ਕਰ ਸਕਦਾਂ।
ਰੱਬ ਪ੍ਰਸਤ ਹੋਣਾ ਚਾਹੁੰਦਾ ਹਾਂ।
ਸਾਡੇ ਵਡ ਵਡੇਰੇ ਸੁਣਿਆ ਰੱਬ ਪ੍ਰਸਤ ਹੋਇਆ ਕਰਦੇ ਸੀ।
ਸਾਡੇ ਪਿਓ ਦਾਦੇ ਪੜਦਾਦੇ ਸੱਚ ਪ੍ਰਸਤ ਹੋਇਆ ਕਰਦੇ ਸੀ।