ਲੇਖਕ ਦਾ ਧਰਮ
ਲੇਖਕ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹੈ। ਲੇਖਕ ਦੁਆਰਾ ਲਿਖੀਆਂ ਲਿਖਤਾਂ ਸਮਾਜ ਨੂੰ ਉਸਾਰੂ ਲੀਹਾਂ ‘ਤੇ ਤੋਰ ਸਕਦੀਆਂ ਹਨ। ਲੇਖਕ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਜੁੰਮੇਵਾਰੀ ਹੈ। ਇਹ ਜੁੰਮੇਵਾਰੀ ਲੇਖਕ ਨੂੰ ਸਮਾਜ ਪ੍ਰਤੀ, ਲੋਕਾਂ ਪ੍ਰਤੀ ਤੇ ਕਾਇਨਾਤ ਪ੍ਰਤੀ ਉਸਦੇ ਬਣਦੇ ਫਰਜਾਂ ਪ੍ਰਤੀ ਕਰਮੱਠਤਾ ਨਾਲ ਨਿਭਾਉਣੀ ਪੈਂਦੀ ਹੈ। ਲੇਖਕ ਦੋ ਕਿਸਮ ਦੇ ਹੁੰਦੇ ਹਨ, ਇੱਕ ਉਹ ਜੋ ਸੱਤਾ ਦੇ ਪੌਡੇ ਬਣਦੇ ਹਨ, ਸਰਕਾਰਾਂ ਨਾਲ ਰਲ ਕੇ ਚਲਦੇ ਹਨ ਤੇ ਇਨਾਮਾਂ ਸਨਮਾਨਾਂ ਦੀ ਦੌੜ ਵਿੱਚ ਸ਼ਾਮਿਲ ਹੁੰਦੇ ਹਨ। ਅਜਿਹੇ ਲੇਖਕਾਂ ਨੂੰ ਦਰਬਾਰੀ ਲੇਖਕ ਜਾਂ ਸਰਕਾਰੀ ਲੇਖਕ ਵੀ ਕਿਹਾ ਜਾਂਦਾ ਹੈ। ਅਜਿਹੇ ਲੇਖਕ ਅਕਸਰ ਸਰਕਾਰਾਂ ਦੁਆਰਾ ਨਿਵਾਜੀਆਂ ਉੱਚੀਆਂ ਕੁਰਸੀਆਂ ਉੱਪਰ ਬਿਰਾਜਮਾਨ ਹੁੰਦੇ ਹਨ ਅਤੇ ਸਰਕਾਰਾਂ ਦੀਆਂ ਨੀਤੀਆਂ ਮੁਤਾਬਕ ਹੀ ਲਿਖਦੇ ਹਨ। ਇਸ ਕਿਸਮ ਦੇ ਲੇਖਕਾਂ ਵਿੱਚੋਂ ਇੱਕ ਕਿਸਮ ਅਜਿਹੇ ਲੇਖਕਾਂ ਦੀ ਵੀ ਹੁੰਦੀ ਹੈ ਜੋ ਉਨਾ ਚਿਰ ਹੀ ਲਿਖਦੇ ਹਨ ਜਿੰਨੀ ਦੇਰ ਤੱਕ ਕੋਈ ਉੱਚੀ ਕੁਰਸੀ ਪ੍ਰਾਪਤ ਨਹੀਂ ਹੋ ਜਾਂਦੀ। ਜਦੋਂ ਕੋਈ ਵੱਡਾ ਸਨਮਾਨ ਜਾਂ ਕੁਰਸੀ ਸਰਕਾਰਾਂ ਵੱਲੋਂ ਨਵਾਜ਼ ਦਿੱਤੀ ਜਾਂਦੀ ਹੈ ਤਾਂ ਅਜਿਹੇ ਲੇਖਕ ਅਕਸਰ ਲਿਖਣਾ ਵੀ ਛੱਡ ਜਾਂਦੇ ਹਨ। ਦੂਸਰੀ ਕਿਸਮ ਦੇ ਲੇਖਕ ਲੋਕਾਂ ਦੇ ਲੇਖਕ ਹੁੰਦੇ ਹਨ ਜੋ ਸਮਾਜ ਪ੍ਰਤੀ, ਲੋਕਾਂ ਪ੍ਰਤੀ, ਕੁਦਰਤ ਪ੍ਰਤੀ ਬਣਦੇ ਆਪਣੇ ਫਰਜਾਂ ਨੂੰ ਪਹਿਚਾਣ ਕੇ ਕਲਮ ਚਲਾਉਂਦੇ ਹਨ। ਅਜਿਹੇ ਲੇਖਕ ਅਕਸਰ ਸਰਕਾਰੀ ਨੀਤੀਆਂ ਜੋ ਲੋਕ ਵਿਰੋਧੀ ਹੋਇਆ ਕਰਦੀਆਂ ਹਨ, ਉਹਨਾਂ ਦੇ ਖਿਲਾਫ਼ ਆਪਣੀ ਆਵਾਜ਼ ਉਠਾਉਂਦੇ ਹਨ। ਸਥਾਪਤੀ/ਸੱਤਾ ਜਾਂ ਸਰਕਾਰ ਅਜਿਹੇ ਲੇਖਕਾਂ ਨੂੰ ਕਈ ਵਾਰ ਦੰਡਿਤ ਵੀ ਕਰਦੀ ਹੈ। ਜੇ ਦੰਡਤ ਨਹੀਂ ਕਰਦੀ ਤਾਂ ਅਜਿਹੇ ਲੇਖਕਾਂ ਦੀ ਅਣਦੇਖੀ ਜ਼ਰੂਰ ਕਰਦੀ ਹੈ। ਪੱਤਰਕਾਰਤਾ ਦੇ ਖੇਤਰ ਵਿੱਚ ਵੀ ਅਜਿਹੀ ਦੋ ਕਿਸਮ ਦੇ ਪੱਤਰਕਾਰ ਹੋਇਆ ਕਰਦੇ ਹਨ। ਇੱਕ ਜੋ ਲੋਕ ਹਿੱਤ ਵਿੱਚ ਖੜਨ ਵਾਲੇ ਹੁੰਦੇ ਹਨ। ਅਜਿਹੇ ਲੇਖਕ ਸਰਕਾਰਾਂ ਨੂੰ ਸਵਾਲ ਕਰਦੇ ਹਨ। ਸਵਾਲ ਕਰਨਾ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਅਜਿਹੇ ਲੇਖਕਾਂ/ਪੱਤਰਕਾਰਾਂ ਨੂੰ ਅਕਸਰ ਆਪਣੀਆਂ ਨੌਕਰੀਆਂ ਵੀ ਗਵਾਉਣੀਆਂ ਪੈਂਦੀਆਂ ਹਨ ਤੇ ਸਰਕਾਰੀ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੇਕਿਨ ਸਮੇਂ ਦੇ ਚਿੱਤਰ ਪੱਟ ‘ਤੇ ਇਤਿਹਾਸ ਦੇ ਪੰਨੇ ਤੇ ਅਜਿਹੇ ਲੇਖਕ/ਪੱਤਰਕਾਰ ਹੀ ਆਪਣੇ ਨਿਸ਼ਾਨ ਛੱਡਦੇ ਹਨ ਜੋ ਲੋਕਾਂ ਦੇ ਹਿੱਤ ਵਿੱਚ ਖੜੋ ਕੇ ਕਲਮ ਚਲਾਉਂਦੇ ਹਨ। ਅਜਿਹੇ ਲੇਖਕਾਂ ਨੂੰ ਲੋਕ ਹਮੇਸ਼ਾ ਆਪਣੇ ਸੀਨਿਆਂ ਅੰਦਰ ਸੰਭਾਲ ਕੇ ਰੱਖਦੇ ਹਨ। ਅਜਿਹੇ ਲੇਖਕਾਂ ਦਾ ਇਤਿਹਾਸ ਲੋਕਾਂ ਦੇ ਮਨਾਂ ਵਿੱਚ, ਲੋਕਾਂ ਦੀਆਂ ਰੂਹਾਂ ‘ਤੇ ਲਿਖਿਆ ਜਾਂਦਾ ਹੈ । ਬਹੁਤੀ ਵਾਰ ਅਜਿਹੇ ਲੇਖਕ ਜਾਂ ਪੱਤਰਕਾਰ ਸਰਕਾਰਾਂ ਦੁਆਰਾ ਲਿਖਵਾਏ ਜਾਂਦੇ ਸਾਹਿਤ ਤੇ ਪੱਤਰਕਾਰਤਾ ਦੇ ਇਤਿਹਾਸਾਂ ਵਿੱਚ ਭਾਵੇਂ ਨਾ ਆਉਣ ਪਰ ਉਹ ਲੋਕਾਂ ਦੇ ਸੀਨਿਆਂ ਉੱਪਰ ਸਦੀਵੀ ਹਰਫ਼ ਬਣ ਕੇ ਜ਼ਰੂਰ ਉਕਰ ਜਾਂਦੇ ਹਨ।
