ਸਪਤਾਹ

ਸੋਮਵਾਰ

ਸੋਮਵਾਰ ਸੰਪੂਰਨ ਸੱਚਖੰਡ ਸਤਿਗੁਰ ਸੁੰਨ ਸਿਰਜਾਵੰਦਿਆਂ,
ਧਰਤ ਅਕਾਸ਼ ਪਤਾਲ ਨਹੀਂ ਸੀ, ਨਾ ਕੋ ਆਵਣ ਜਾਵੰਦਿਆਂ।

ਬ੍ਰਹਮਾਂ, ਵਿਸ਼ਨ, ਮਹੇਸ਼ ਨਹੀਂ ਸੀ, ਸ੍ਰਿਸਟੀ ਦੁਨੀਆ ਦੇਸ਼ ਨਹੀਂ ਸੀ,
ਅਲਫ਼ ਨਹੀਂ ਸੀ ਉੜਾ ਨਹੀਂ ਸੀ, ਨਾ ਕੋ ਪੜ੍ਹਨ ਪੜ੍ਹਾਵੰਦਿਆਂ।

ਪਵਨ ਨਹੀਂ ਸੀ, ਪਾਣੀ ਨਹੀਂ ਸੀ, ਖਾਣੀ ਨਹੀਂ ਸੀ, ਬਾਣੀ ਨਹੀਂ ਸੀ,
ਚਾਰ-ਚੁਫੇਰੇ ਧੰਦੂਕਾਰਾ, ਸੁੰਨ ਸਮਾਧੀ ਲਾਵੰਦਿਆਂ।

ਚੰਦ ਸੂਰਜ ਦਿਨ ਰਾਤ ਨਹੀਂ ਸੀ, ਨਰਕ ਸੁਰਗ ਦੀ ਬਾਤ ਨਹੀਂ ਸੀ,
ਨਾ ਹੀ ਧਰਮ ਨਾ ਹੀ ਧਰਮੀ, ਕਰਮੀਂ ਕਰਮ ਕਮਾਵੰਦਿਆਂ।

ਗਿਆਨ ਨਹੀਂ ਸੀ ਗਣਤ ਨਹੀਂ ਸੀ, ਜੱਗ ਤੀਰਥ ਦੀ ਬਣਤ ਨਹੀਂ ਸੀ,
ਨਾ ਹੀ ਰਾਜ ਭਾਗ ਨਾ ਰਾਜਾ ਬੈਠਾ ਹੁਕਮ ਚਲਾਵੰਦਿਆਂ।

ਨਾ ਹੀ ਸ਼ੇਖ ਨਾ ਗੁਰ ਗੋਬਿੰਦਾ, ਨਾ ਹੀ ਗੋਰਖ ਨਾ ਮਾਛਿੰਦਾ,
ਮਾਤ ਪਿਤਾ ਤੱਤ ਧਾਤ ਨਹੀਂ ਸੀ, ਸੋਮਵਾਰ ਸੱਚ ਪਾਵੰਦਿਆਂ।

ਮੰਗਲਵਾਰ

ਤਿਸ ਭਾਵੇ ਤਾਂ ਜਗਤ ਉਪਾਵੇ, ਪੰਜ ਤੱਤ ਆਪੇ ਉਪਜਾਵੇ,
ਖੰਡ ਬ੍ਰਹਿਮੰਡ ਪਾਤਾਲ ਅਰੰਭੇ, ਮਮਤਾ ਮੋਹ ਉਪਜਾਂਵੰਦਿਆਂ।

ਬਣ ਰਾਜਾ ਧਰਤੀ ਤੇ ਆਵੇ, ਰਾਮ ਰਾਜ ਦੀ ਗੱਲ ਚਲਾਵੇ,
ਸਮਰੱਥ ਮੂਰਖ ਰਾਵਣ ਆਪਣੇ ਹੱਥੀਂ ਮਾਰ ਮੁਕਾਵੰਦਿਆਂ।

ਆਓ ਸਖੀ ਰਲ ਮੰਗਲ ਗਾਵੋ, ਮੰਗਲਵਾਰ ਸੱਚ ਚਿੱਤ ਲਾਵੋ,
ਸਚਿਆਰੇ ਬਣ ਸਕਦੇ ਸਾਰੇ ਸੱਚਾ ਨਾਮ ਧਿਆਵੰਦਿਆਂ।

ਸੱਚ ਰਸਤੇ ਜੇ ਰਾਮ ਵੀ ਜਾਵੇ, ਰਸਤੇ ਵਿੱਚ ਮੁਸੀਬਤ ਪਾਵੇ,
ਸਾਫ਼ ਸਵਿੱਤਰੀ ਸੀਤਾ ਨੂੰ ਵੀ ਅਗਨ ਪ੍ਰੀਖਿਆ ਲਾਵੰਦਿਆਂ।

ਬੁੱਧਵਾਰ ਕੰਮ ਸ਼ੁੱਧ ਹੋ ਗਿਆ, ਸੱਚ ਝੂਠ ਦਾ ਯੁੱਧ ਹੋ ਗਿਆ,
ਕਰੇ ਕਰਾਵੇ ਕ੍ਰਿਸ਼ਨ ਮੁਰਾਰੀ ਸੱਚ ਤੋਂ ਝੂਠ ਮਰਵਾਵੰਦਿਆਂ।

ਸੱਚ ਮਾਰਗ ਤਾਂ ਕਠਨ ਬੜਾ ਹੈ, ਹਰ ਰਸਤੇ ਤੇ ਝੂਠ ਖੜ੍ਹਾ ਹੈ,
ਰਾਮ ਨੇ ਵੀ ਬਾਲੀ ਵੱਤ ਕੀਤਾ ਲੁਕ ਕੇ ਤੀਰ ਚਲਾਵੰਦਿਆਂ।

ਮੰਗਲਵਾਰ ਮਹਾਂਸੁਖ ਪਾਵੇ, ਸੱਚੇ ਨਾਲ ਜੋ ਪ੍ਰੀਤ ਲਗਾਵੇ,
ਪਰ ਬਨਵਾਸ ਵੀ ਕੱਟਣਾਂ ਪੈਂਦਾ ਰਾਮ ਦਾ ਸਾਥ ਨਿਭਾਵੰਦਿਆਂ।

ਬੁੱਧਵਾਰ

ਬੁੱਧਵਾਰ ਕੰਮ ਸ਼ੁੱਧ ਹੋ ਜਾਵੇ, ਜੇ ਜੱਗ ਸੱਚ ਦੀ ਬੋਲੀ ਪਾਵੇ,
ਦੁਖ ਸੁਖ ਤਾਂ ਵਸਤਰ ਨੇ ਸਾਡੇ, ਲੰਘਦੀ ਉਮਰ ਹੰਢਾਵੰਦਿਆਂ।

ਪੁੱਤਰ ਮੋਹ ਵਿੱਚ ਅੰਨ੍ਹਾ ਹੋਵੇ, ਸਾਰੇ ਪੁੱਤ ਮਰਵਾ ਕੇ ਰੋਵੇ,
ਖਾਲੀ ਹੱਥ ਰਥਵਾਨ ਜੇ ਗੋਬਿੰਦ ਕਿਉਂ ਲੜਨਾ ਘਬਰਾਵੰਦਿਆਂ।

ਸਿੱਧੀ ਉਂਗਲੀ ਘਿਓ ਨਹੀਂ ਕੱਢਦੀ, ਲੋਹੇ ਦੀ ਛੈਣੀਂ ਲੋਹਾ ਵੱਢਦੀ,
ਧਰਮਰਾਜ ਨੇ ਝੂਠ ਬੋਲਿਆ ਦਰੋਣਾਚਾਰ ਮਰਾਵੰਦਿਆਂ।

ਸਚਿਆਰੇ ਨੇ ਸੱਚ ਕਮਾਉਣਾ, ਝੂਠ ਨਾਲ ਹੈ ਆਢਾ ਲਾਉਣਾ,
ਪੰਚਾਲੀ ਨੂੰ ਕ੍ਰਿਸ਼ਨ ਬਚਾਵੇ ਵਸਤਰਹੀਣ ਹੋ ਜਾਵਂਦਿਆਂ।

ਅੱਧੇ ਅੱਧ ਜਦ ਝੂਠੇ ਸੱਚੇ, ਸਭ ਤੋਂ ਵੱਧ ਚੜਗਿੱਲੀ ਮੱਚੇ,
ਸਭ ਤੋਂ ਵੱਡਾ ਯੁੱਧ ਕਰਵਾਇਆ, ਕਰਣ ਤੋਂ ਸੱਚ ਲੁਕਾਵੰਦਿਆਂ।

ਬੁੱਧਵਾਰ ਕੰਮ ਸ਼ੁੱਧ ਹੋ ਗਿਆ, ਸੱਚ ਝੂਠ ਦਾ ਯੁੱਧ ਹੋ ਗਿਆ,
ਕਰੇ ਕਰਾਵੇ ਕ੍ਰਿਸ਼ਨ ਮੁਰਾਰੀ ਸੱਚ ਤੋਂ ਝੂਠ ਮਰਵਾਵਂਦਿਆਂ।

 

ਵੀਰਵਾਰ

ਚੌਥਾ ਦਿਨ ਚੌਥਾ ਯੁੱਗ ਆਇਆ ਕਲਯੁੱਗ ਨੇ ਪਰਚਮ ਲਹਿਰਾਇਆ,
ਝੂਠ ਨੇ ਸੱਚ ਦਾ ਤਖ਼ਤ ਹਿਲਾਇਆ ਝੂਠੀ ਜੂਹ ਵਧਾਵੰਦਿਆਂ।

ਵੀਰਵਾਰ ਦਾ ਅਜਬ ਪਸਾਰਾ, ਚਾਰੀਂ ਕੂਟੀ ਹੈ ਅੰਧਿਆਰਾ।
ਟਾਵਾਂ ਟਾਵਾਂ ਸੱਚ ਪਰਸਤੀ ਕਿਤੇ ਲੱਭਦਾ ਸੱਚ ਸਮਝਾਵੰਦਿਆਂ।

ਨਾ ਅਨਕ ਨਾਨਕ ਪਰਮਾਤਮ, ਦੱਸਿਆ ਸੱਚ ਦਾ ਕੀ ਮਹਾਤਮ,
ਚਾਰ ਉਦਾਸੀਆਂ ਚਾਰ ਦਿਸ਼ਾਵਾਂ ਧੁਰ ਕੀ ਬਾਣੀ ਗਾਵੰਦਿਆਂ।

ਸ਼ੇਖ ਫਰੀਦ ਨੇ ਅਲਖ ਉਚਾਰੀ, ਸੱਚਪ੍ਰਸਤਾਂ ਖੁੱਲੀ ਪਾਰੀ,
ਨਾਮਦੇਵ ਰਵਿਦਾਸ ਕਬੀਰਾ, ਧੰਨਾ ਜੱਟ ਧਿਆਨ ਲਗਾਵੰਦਿਆਂ।

ਤੱਤੀ ਤਵੀ ‘ਤੇ ਗੁਰੂ ਪਿਆਰੇ, ਸੱਚ ਤੇ ਜ਼ੁਲਮ ਕਰਨ ਹਤਿਆਰੇ,
ਚਾਰੇ ਪੁੱਤਰ ਸੱਚ ਨੇ ਵਾਰੇ, ਸਿਰ ਵਾਰ ਕੇ ਧਰਮ ਬਚਾਵੰਦਿਆਂ।

ਸੱਚ ਸੰਜਮ ਸਹਿਜ ਸੰਤੋਖ, ਦਿਨ ਵੀਰਵਾਰ ਹੋ ਰਹੇ ਅਲਪ,
ਸੱਚ ਨੂੰ ਸੱਚ ਵੀ ਮੰਨਦੇ ਰਹੇ, ਸਭ ਜ਼ੁਲਮੀਂ ਜ਼ੁਲਮ ਕਮਾਂਵਦਿਆਂ।

ਸ਼ੁੱਕਰਵਾਰ

ਸ਼ੁੱਕਰਵਾਰ ਸ਼ੁਕਰ ਬੇਅੰਤਾ, ਰਹਿਮ ਕਰੀ ਸਤਿਗੁਰ ਭਗਵੰਤਾ,
ਸ਼ਬਦ ਗੁਰੂ ਦੀ ਉਂਗਲੀ ਫੜ ਕੇ ਭਵਸਾਗਰ ਲੰਘਜਾਵੰਦਿਆਂ।

ਪੰਚਮ ਗੁਰੂ ਸ਼ਬਦ ਲੜ ਲਾਇਆ, ਭਗਤਾਂ ਤੇ ਭੱਟਾਂ ਹਿੱਸਾ ਪਾਇਆ,
ਸ਼ਬਦ ਗੁਰੂ ਸੰਪੂਰਨ ਸਤਿਗੁਰ ਬੇੜਾ ਪਾਰ ਲੰਘਾਵੰਦਿਆਂ।

ਸਮਰੱਥ ਗੁਰੂ ਸ਼ਬਦ ਅਵਤਾਰਾ, ਪਰਮੇਸ਼ਰ ਪੂਰਨ ਨਿਰੰਕਾਰਾ,
ਸੱਚ ਸ਼ਬਦ ਲੜ ਲੱਗ ਕੇ ਤਰਦੇ, ਜੱਗ ਵਿੱਚ ਸੋਭਾ ਪਾਵੰਦਿਆਂ।

ਸ਼ਬਦਾਂ ਵਿੱਚੋਂ ਰੱਬ ਮਿਲ ਜਾਵੇ, ਗਲਤ ਸ਼ਬਦ ਸਭ ਕੁਝ ਗਵਾਵੇ,
ਸ਼ਬਦ ਬਿਨਾਂ ਤਾਂ ਤਰਕ ਨਹੀਂ, ਸਾਨੂੰ ਇਨਸਾਨ ਕਹਾਂਵਦਿਆਂ।

ਮਾਨਵਤਾ ਦੀ ਸ਼ਬਦ ਹੈ ਸ਼ਕਤੀ, ਸ਼ਬਦਾਂ ਬਿਨ ਕੀ ਕਰੇ ਵਿਅਕਤੀ,
ਸ਼ਬਦਾਂ ਬਿਨ ਨਾ ਪਾਰ ਉਤਾਰਾ ਰੱਬ ਨੂੰ ਮੂੰਹ ਦਿਖਾਵੰਦਿਆਂ।

ਪੰਜਵਾਂ ਯੁੱਗ ਸ਼ਬਦ ਯੁੱਗ ਹੋਸੀ, ਮਨ ਦੀ ਮੈਲ ਸ਼ਬਦ ਨਾਲ ਧੋਸੀ,
ਸ਼ਬਦਜੋਤ ਮਨ ਮੰਦਰ ਅੰਦਰ ਸ਼ਰਧਾ ਸਹਿਤ ਜਗਾਵਂਦਿਆਂ।

 

ਸਨਿੱਚਰਵਾਰ

ਸ਼ਨੀਵਾਰ ਸੋਚ ਨਾ ਕਰਨਾ ਮਨ ਤਨ ਗੁਰ ਚਰਨਾ ਵਿੱਚ ਧਰਨਾ,
ਸ਼ਨੀ ਗ੍ਰਹਿ ਵੀ ਸੰਗ ਜਾਉ ਸਚਿਆਰਿਆਂ ਨੂੰ ਅਜਮਾਵੰਦਿਆਂ।

ਦਿਨ ਰਾਤ ਹੈ ਹੁਕਮ ਖੁਦਾ ਦਾ, ਬਹੁ ਨਹੀਂ ਲਗਦਾ ਰਾਮ ਰਜ਼ਾ ਦਾ
ਦੁਖ ਸੁਖ ਤਾਂ ਵਸਤਰ ਸਾਡੇ ਜੋ ਮਿਲਦਾ ਓਹੀ ਹੰਢਾਵੰਦਿਆਂ।

ਸੁਣਨਾ ਮੰਨਣਾ ਗਾਉਣਾ ਸਾਡਾ, ਦੁਨੀਆ ਦੇ ਵਿੱਚ ਆਉਣਾ ਸਾਡਾ,
ਜੀਣਾ ਮਰਨਾ ਨਿਰਭਰ ਸਾਡੇ ਸਾਹ ਦੇ ਆਉਂਦੇ ਜਾਵੰਦਿਆਂ।

ਹੁਕਮੀ ਮਾਣਸ ਦੇਹੀ ਪਾਵ, ਹੁਕਮੀ ਉੱਤਮ ਨੀਚ ਕਹਾਵੇ,
ਹੁਕਮ ਬਿਨਾਂ ਪੱਤਾ ਨਹੀਂ ਹਿਲਦਾ, ਸਭ ਹੁਕਮੀ ਹੁਕਮ ਚਲਾਵੰਦਿਆਂ।

ਰਾਮ ਰਜ਼ਾ ਵਿੱਚ ਰਹਿਣਾ ਆਵੇ, ਹੁਕਮੀਂ ਦੁਖ ਸੁਖ ਸਹਿਣਾ ਆਵੇ,
ਦਿਨ ਹਫ਼ਤੇ, ਸਾਲ ਸਦੀਆਂ ਯੁੱਗ ਲੰਘਦੇ ਗੁਣ ਗਾਵੰਦਿਆਂ।

ਸ਼ਨੀਵਾਰ ਜੋ ਜੋ ਸਚਿਆਰਾ, ਪਰਮ ਪੁਰਖ ਨੂੰ ਉਹ ਹੀ ਪਿਆਰਾ,
ਝੂਠ ਤੋਂ ਛੁਟਕਾਰਾ ਮਿਲਦਾ ਹੈ, ਸੱਚ ਨਾਲ ਲਿਵ ਲਾਵੰਦਿਆਂ।

ਆਦਤਵਾਰ

ਸੋਚ ਜੇਕਰ ਆਦਤ ਬਣ ਜਾਵੇ, ਹਰ ਪ੍ਰਾਣੀ ਜੇ ਨਾਮ ਧਿਆਵੇ,
ਸੱਚ ਖੰਡ ਬਣ ਜਾਵੇ ਦੁਨੀਆ ਮਾਨਵਤਾ ਅਪਣਾਵੰਦਿਆਂ।

ਕਰਮ ਖੇਡ ਵੀ ਕਰਮ ਹੈ ਸਾਡਾ ਸੁਥਰੀ ਕਿਰਤ ਧਰਮ ਹੈ ਸਾਡਾ,
ਸੁਥਰੇ ਅਖਵਾਉਂਦੇ ਜੋ ਦਿਸਦੇ ਸੁਥਰੇ ਰਸਤੇ ਜਾਵੰਦਿਆਂ।

ਗਿਆਨ ਪ੍ਰਾਪਤ ਵੀ ਕਰਨਾ ਹੈ, ਖਾਲੀ ਬਰਤਨ ਵੀ ਭਰਨਾ ਹੈ,
ਭਰਿਆ ਕਦੇ ਨਾ ਡੋਲੇ, ਦੇਖੋ ਖ਼ਾਲੀ ਨੂੰ ਟਣਕਾਵੇਦਿਆਂ।

ਧਰਮ ਖੰਡ ਵਿੱਚ ਧਰਮੀਂ ਹੋਵੇ, ਧਰਮ ਨੂੰ ਜੀਵਨ ਵਿੱਚ ਪ੍ਰਵੇ,
ਪਰ ਧਰਮੀਂ ਦਾ ਹੰਕਾਰ ਰੁਕਾਵਟ, ਧੁਰ ਟਿਕਾਣੇ ਲਾਵਂਦਿਆਂ।

ਪੰਜ ਤੱਤ ਪੰਜੇ ਪਰਮੇਸ਼ਰ, ਦਿਵਸ ਰਾਤ ਸਭ ਬ੍ਰਹਮ ਮਹੇਸ਼ਰ,
ਰਚਨਾ ਸਾਰੀ ਸਹਿਰ ਮੇਲਾ ਜੱਗ ਜਾਦੂਗਰੀ ਦਿਖਾਵੰਦਿਆਂ।

ਸੱਤ ਰੰਗ ਸਪਤਾਹ ਹੈ ਸਾਰਾ, ਸੱਤ ਸੁਰਾਂ ਦਾ ਸਗਲ ਪਸਾਰਾ,
ਸੱਤ ਸਮੁੰਦਰ ਸੱਤ ਅਸਮਾਨ ਸ਼ਬਦ ਗੁਰੂ ਸਮਝਾਵੰਦਿਆਂ।