ਚੁੱਕ ਲਓ ਆਪਣੇ ਵਿਕਾਸ ਦਾ ਭਾਂਡਾ
ਸ਼ੁਰੂ ਤੋਂ ਹੀ ਮਨੁੱਖ ਦਾ ਵਿਕਾਸ ਮਾਡਲ ਪ੍ਰਕਿਰਤੀ ਤੋਂ ਉਲਟ ਰਿਹਾ ਹੈ। ਹਵਾ ਪਾਣੀ ਅਗਨੀ ਵਰਗੀਆਂ ਕੁਦਰਤੀ ਸ਼ਕਤੀਆਂ ਉੱਪਰ ਕਾਬੂ ਪਾ ਕੇ ਜਿਉਣ ਦੀ ਕਲਾ ਨੂੰ ਮਨੁੱਖ ਵਿਕਾਸ ਦਾ ਨਾਂ ਦਿੰਦਾ ਰਿਹਾ ਹੈ। ਵਿਕਾਸ ਕਰਨ ਦੇ ਇਸ ਆਹਰ ਵਜੋਂ ਮਨੁੱਖ ਨੇ ਬਹੁਤ ਪਦਾਰਥਕ ਤਰੱਕੀ ਕੀਤੀ। ਇਸ ਨੇ ਅਸਮਾਨਾਂ ਵਿੱਚ ਉੱਡਣਾ ਸਿੱਖ ਲਿਆ, ਪਹੀਏ ਦੀ ਖੋਜ ਨਾਲ ਸੜਕਾਂ ਤੇ ਤੇਜ਼ ਰਫਤਾਰ ਵਿੱਚ ਦੌੜਨਾ ਸਿੱਖ ਲਿਆ, ਵੱਡੇ ਵੱਡੇ ਸ਼ਿਪ ਬਣਾ ਕੇ ਪਾਣੀਆਂ ਵਿੱਚ ਤੈਰਨਾ ਸਿੱਖ ਲਿਆ।
ਇਹ ਸਾਰਾ ਕੁਝ ਕਰਨ ਵਾਸਤੇ ਇਸ ਨੂੰ ਇੱਕ ਮਸ਼ੀਨ ਦੀ ਲੋੜ ਸੀ, ਇੱਕ ਇੰਜਣ ਦੀ ਲੋੜ ਸੀ। ਇਸਨੇ ਇੰਜਨ ਦੀ ਖੋਜ ਕੀਤੀ। ਇੰਜਣ ਨੂੰ ਚਲਾਉਣ ਲਈ ਈਂਧਨ ਦੀ ਲੋੜ ਸੀ, ਇਸ ਨੇ ਈਂਧਨ ਦੀ ਖੋਜ ਕਰ ਲਈ। ਪੈਟਰੋਲ ਬਣਾ ਲਿਆ, ਡੀਜ਼ਲ ਬਣਾ ਲਿਆ, ਗੈਸ ਪੈਦਾ ਕਰ ਲਈ। ਹੁਣ ਮਸ਼ੀਨ ਦੇ ਆਸਰੇ ਇਹਦਾ ਜੀਣਾ ਸੌਖਾ ਹੋ ਗਿਆ ਤੇ ਇਹ ਸੈਂਕੜੇ ਹਜ਼ਾਰਾਂ ਮੀਲਾਂ ਦਾ ਸਫਰ ਘੱਟ ਤੋਂ ਘੱਟ ਸਮੇਂ ਵਿੱਚ ਤੈ ਕਰਨ ਦੇ ਯੋਗ ਹੋ ਗਿਆ। ਫਿਰ ਆਬਾਦੀ ਵਧੀ ਤੇ ਹਰ ਇੱਕ ਦੇ ਮਨ ਵਿੱਚ ਇਹ ਇੱਛਾ ਪੈਦਾ ਹੋਈ ਕਿ ਮੇਰੀ ਆਪਣੀ ਖੁਦ ਦੀ ਮਸ਼ੀਨ ਹੋਵੇ, ਆਪਣੀ ਕਾਰ ਹੋਵੇ ਆਪਣਾ ਸਕੂਟਰ, ਆਪਣਾ ਜੈੱਟ, ਆਪਣਾ ਸ਼ਿਪ ਹੋਵੇ। ਇਸ ਤਰ੍ਹਾਂ ਇਸ ਨੇ ਲੱਖਾਂ ਕਰੋੜਾਂ ਇੰਜਣ ਬਣਾ ਲਏ ਤੇ ਉਹਨਾਂ ਇੰਜਣਾਂ ਵਿੱਚ ਲੱਖਾਂ ਲੀਟਰ ਤੇਲ ਦੀ ਖਪਤ ਹੋਣ ਲੱਗੀ। ਜਦੋਂ ਬੇ ਓੜਕ ਈੰਧਨ ਦੇ ਬਲਣ ਨਾਲ ਬੇ ਓੜਕ ਧੂਆਂ ਵਾਤਾਵਰਨ ਵਿੱਚ ਫੈਲਣ ਲੱਗਾ ਤਾਂ ਇਹਨੂੰ ਸਾਹ ਲੈਣਾ ਅੱਖਾ ਹੋ ਗਿਆ ਜਿਸ ਨੂੰ ਇਸ ਨੇ ਪਦੂਸ਼ਣ ਦਾ ਨਾਮ ਦਿੱਤਾ।
ਇਸ ਨੂੰ ਲੱਗਾ ਕਿ ਪਿੰਡਾਂ ਨਾਲੋਂ ਸ਼ਹਿਰਾਂ, ਮਹਾਨਗਰਾਂ ਵਿੱਚ ਰਹਿਣਾ ਸੌਖਾ ਹੈ ਇਸ ਲਈ ਇਸ ਨੇ ਮਹਾਂਨਗਰਾਂ ਦਾ ਵਿਕਾਸ ਕਰ ਲਿਆ। ਮਹਾਂ ਨਗਰੀਆਂ ਵਿੱਚ ਇਸਨੇ ਆਧੁਨਿਕ ਸੁੱਖ ਸਹੂਲਤਾਂਵਾਂ ਸਿਰਜ ਲਈਆਂ। ਸੌਖਾ ਰਹਿਣ ਲਈ ਵਾਤਾਨਕੂਲ ਕਮਰੇ ਬਣਾ ਲਏ, ਵਾਤਾਨੁਕੂਲ ਗੱਡੀਆਂ ਬਣਾ ਲਈਆਂ। ਘਰਾਂ ਹੋਟਲਾਂ ਵਿੱਚ ਖਾਣੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿਜਾਂ ਬਣਾ ਲਈਆਂ। ਇਸ ਤਰ੍ਹਾਂ ਮਹਾਨਗਰਾਂ ਦਾ ਵਿਕਾਸ ਜੋ ਇਸ ਨੇ ਕੀਤਾ ਉਹ ਬੇਤਰਤੀਬਾ ਵੀ ਸੀ। ਮਹਾਨਗਰਾਂ ਵਿੱਚ ਕੂੜੇ ਦੀ ਸਮੱਸਿਆ ਪੈਦਾ ਹੋਈ। ਇਸ ਨੇ ਸੀਵਰੇਜ ਦੀ ਸਥਾਪਨਾ ਕੀਤੀ ਤੇ ਸੀਵੇਜ ਦਾ, ਫੈਕਟਰੀਆਂ, ਉਦਯੋਗਾਂ ਦਾ ਗੰਦਾ ਪਾਣੀ ਇਸ ਨੇ ਪਵਿੱਤਰ ਨਦੀਆਂ ਤੇ ਦਰਿਆਵਾਂ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਸਾਡੀਆਂ ਪਾਕ ਪਵਿੱਤਰ ਨਦੀਆਂ ਗੰਦੀਆਂ ਹੋ ਗਈਆਂ, ਪਲੀਤ ਹੋ ਗਈਆਂ। ਖੇਤੀ ਦਾ ਵਿਕਾਸ ਮਾਡਲ ਵੀ ਗਲਤ ਸਾਬਤ ਹੋਇਆ। ਹਰੀ ਕ੍ਰਾਂਤੀ ਨੇ ਜ਼ਮੀਨ ਦਾ ਨਾਸ਼ ਕੀਤਾ। ਵੱਧ ਝਾੜ ਪੈਦਾ ਕਰਨ ਲਈ ਜਹਰੀਲੀਆਂ ਦਵਾਈਆਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਨੇ ਸਾਡੀ ਮਿੱਟੀ, ਹਵਾ ਤੇ ਪਾਣੀ ਨੂੰ ਪਦੂਸ਼ਿਤ ਕਰਨ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਮਹਾਨਗਰੀਆਂ ਦਾ ਫੈਲਾਓ ਸੈਂਕੜੇ ਹਜ਼ਾਰਾਂ ਪਿੰਡਾਂ ਨੂੰ ਖਾ ਗਿਆ। ਖੇਤੀ ਯੋਗ ਜ਼ਮੀਨ ਨਿਗਲ ਲਈ। ਸ਼ਹਿਰਾਂ ਵਿੱਚ ਸੜਕਾਂ ਦਾ ਜਾਲ ਵਿਛਿਆ, ਫਰਸ਼ ਪੱਕੇ ਹੋ ਗਏ ਤੇ ਬਾਰਿਸ਼ਾਂ ਦੇ ਪਾਣੀ ਨੂੰ ਧਰਤੀ ਵਿੱਚ ਰਿਚਾਰਜ ਕਰਨ ਦੀ ਕੋਈ ਯੋਜਨਾ ਕਿਸੇ ਸਰਕਾਰ ਦੀ ਕਦੇ ਰਹੀ ਹੀ ਨਹੀਂ। ਨਤੀਜਤਨ ਅੱਜ ਅਸੀਂ ਧਰਤੀ ਨੂੰ ਐਸਾ ਰੂਪ ਦੇ ਦਿੱਤਾ ਹੈ ਕਿ ਇਹ ਥੋੜਾ ਜਿਹਾ ਪਾਣੀ ਵੀ ਆਪਣੇ ਵਿੱਚ ਜੀਰ ਸਕਣ ਦੇ ਸਮਰੱਥ ਨਹੀਂ ਰਹੀ। ਝੋਨੇ ਦੀ ਖੇਤੀ ਨੇ ਪਾਣੀ ਦੇਰ ਤੱਕ ਖੜਾ ਰੱਖਣ ਲਈ ਧਰਤੀ ਦੇ ਮੁਸਾਮਾਂ ਨੂੰ ਮਾਰਿਆ, ਬੇਦ ਕੀਤਾ ਜਿਸ ਨਾਲ ਪਾਣੀ ਧਰਤੀ ਵਿੱਚ ਸਮਾਂ ਸਕਣ ਤੋਂ ਅਸਮਰਥ ਹੋ ਗਿਆ। ਜਹਿਰੀਲੀਆਂ ਦਵਾਈਆਂ ਦੇ ਛਿੜਕਾਉ ਨਾਲ ਸੱਪ, ਡੱਡੂ, ਗੋਡੋਏ ਤੇ ਹੋਰ ਮਿੱਤਰ ਕੀੜੇ, ਪੰਛੀਆਂ ਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਖਤਮ ਹੋ ਗਈਆਂ। ਸੁਖ ਲੈਣ ਦੀ ਮਨੁੱਖ ਦੀ ਅਭਿਲਾਸ਼ਾ ਤੇ ਇਸ ਦੇ ਲੋਭ ਲਾਲਚ ਨੇ, ਆਰਾਮ ਪ੍ਰਸਤੀ ਦੀ ਇੱਛਾ ਨੇ ਧਰਤੀ ਦੇ ਪੌਣ, ਪਾਣੀ ਤੇ ਵਾਤਾਵਰਨ ਦਾ ਅਜਿਹਾ ਘਾਣ ਕੀਤਾ ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ।
ਲਗਭਗ ਸਾਰਾ ਹਿਮਾਚਲ ਤੇ ਅੱਧਾ ਪੰਜਾਬ ਅੱਜ ਪਾਣੀ ਦੀ ਮਾਰ, ਹੜ੍ਹਾਂ ਦੀ ਲਪੇਟ ਵਿੱਚ ਹੈ। ਅਸੀਂ ਤੇ ਸਾਡੀਆਂ ਸਰਕਾਰਾਂ ਪਿਛਲੇ ਤਜਰਬਿਆਂ ਤੋਂ ਸਿੱਖਦੇ ਨਹੀਂ। ਪੰਜਾਬ ਵਿੱਚ ਪਿਛਲੇ ਸਾਲ ਤੋਂ ਸੌਣ ਭਾਦੋਂ ਦੇ ਮਹੀਨਿਆਂ ਦੌਰਾਨ ਅਕਸਰ ਹੜ੍ਹ ਆਉਂਦੇ ਹਨ। ਅਗਲੇ ਸਾਲ ਹੜ੍ਹ ਨਾ ਆਉਣ ਇਸ ਦਾ ਅਗਾਊ ਪ੍ਰੰਬਧ ਸਾਡੀਆਂ ਸਰਕਾਰਾਂ ਵੱਲੋਂ ਕਦੇ ਕੀਤਾ ਹੀ ਨਹੀਂ ਜਾਂਦਾ। ਘੱਗਰ ਤਬਾਹੀ ਮਚਾਉਂਦਾ ਹੈ, ਸਤਲੁਜ ਤੇ ਬਿਆਸ ਵਿੱਚ ਹੜ੍ਹ ਆਉਂਦੇ ਹਨ ਲੇਕਿਨ ਇਹਨਾਂ ਨਾਲ ਨਜਿੱਠ ਸਕਣ ਦੇ ਅਗਾਊਂ ਪ੍ਰੰਬਧ ਕਰਨ ਦੀ ਕੋਈ ਯੋਜਨਾ ਸਾਡੀਆਂ ਸਰਕਾਰਾਂ ਪਾਸ ਹੈ ਹੀ ਨਹੀਂ। ਜਦੋਂ ਲੋਕ ਪਾਣੀ ਵਿੱਚ ਡੁੱਬ ਜਾਂਦੇ ਹਨ ਤਾਂ ਰਾਹਤ ਸਮੱਗਰੀ ਵੰਡਣ ਦੇ ਨਾਂ ਤੇ, ਤੁੱਛ ਜਿਹੇ ਮੁਆਵਜ਼ੇ ਦੇ ਨਾਂ ਤੇ ਸਾਡੇ ਲੀਡਰ ਆਪਣੀਆਂ ਵੋਟਾਂ ਪੱਕੀਆਂ ਕਰਨ ਜਰੂਰ ਨਿਕਲ ਪੈਂਦੇ ਹਨ। ਅਜਿਹੇ ਵਿਕਾਸ ਮਾਡਲ ਨੂੰ ਮੁੜ ਤੋਂ ਵਿਚਾਰਨ ਦੀ ਜ਼ਰੂਰਤ ਹੈ ਤੇ ਪ੍ਰਕਿਰਤੀ ਦੇ ਸੰਗੀ ਸਾਥੀ ਹੋ ਕੇ ਜਿਉਣ ਦੀ ਲੋੜ ਹੈ। ਨੀਤਸੇ ਦਾ ਉਹ ਨਾਹਰਾ ਕੁਦਰਤ ਵੱਲ ਵਾਪਸੀ (ਬੈਕ ਟੂ ਨੇਚਰ) ਨੂੰ ਲਾਗੂ ਕਰਨ ਦਾ ਅੱਜ ਮੌਕਾ ਆ ਗਿਆ ਹੈ। ਭਾਵੇਂ ਕਿ ਇਹ ਵੀ ਸੱਚ ਹੈ ਕਿ ਪਿੱਛੇ ਤਾਂ ਹੁਣ ਮੁੜਿਆ ਨਹੀਂ ਜਾ ਸਕਦਾ ਲੇਕਿਨ ਆਪਣੇ ਵਿਕਾਸ ਮਾਡਲ ਨੂੰ ਕੁਦਰਤ ਦਾ ਅਨੁਸਾਰੀ ਬਣਾ ਕੇ ਜਰੂਰ ਚੱਲਿਆ ਜਾ ਸਕਦਾ ਹੈ। ਮਨੁੱਖ ਦੀ ਇਹ ਬੋਣੀ ਸੋਚ ਕਿ ਸ਼ਾਇਦ ਇਹ ਧਰਤੀ ਮੇਰੇ ਲਈ ਹੀ ਬਣੀ ਹੈ, ਇਸਨੇ ਜੀਵ ਜੰਤੂਆਂ, ਫੁੱਲਾਂ ਬੂਟਿਆਂ ਤੇ ਰੁੱਖਾਂ ਦਾ, ਹਵਾ, ਪਾਣੀ ਦਾ ਬਹੁਤ ਨੁਕਸਾਨ ਕੀਤਾ ਹੈ। ਸਿਆਣੇ ਬਣਨ ਦੀ ਲੋੜ ਹੈ। ਆਓ ਇਹਨਾਂ ਘਟਨਾਵਾਂ ਤੋਂ ਸਬਕ ਸਿੱਖੀਏ ਤੇ ਕੁਦਰਤ ਦੇ ਅਨੁਸਾਰੀ ਹੋ ਕੇ ਜਿਉਣਾ ਸ਼ੁਰੂ ਕਰੀਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਸਾਨੂੰ ਲਾਹਣਤਾਂ ਨਾ ਪਾਉਣ।
