ਪੰਜਾਬੀਆਂ ਵਿੱਚ ਉਲਾਰਵਾਦ ਦੀ ਸਮੱਸਿਆ
ਉਂਝ ਤਾਂ ਪੰਜਾਬੀ ਲੋਕਮਨ ਸਦੀਆਂ ਤੋਂ ਹੀ ਉਲਾਰਵਾਦੀ ਰਿਹਾ ਹੈ ਪਰ ਪਿਛਲੇ ਚਾਰ ਪੰਜ ਦਹਾਕਿਆਂ ਤੋਂ ਪੰਜਾਬੀ ਲੋਕਮਨ ਦੀ ਉਲਾਰਵਾਦ ਦੀ ਸਮੱਸਿਆ ਉਭਰ ਕੇ ਸਾਹਮਣੇ ਆਈ ਹੈ। ਸ਼ਾਇਦ ਇਸੇ ਕਰਕੇ ਇੱਥੇ
‘ਤਾਏ ਦੀ ਧੀ ਚੱਲੀ ਮੈਂ ਵੀ ਕਿਉਂ ਰਹਾਂ ਕੱਲੀ’ ਵਰਗੀਆਂ ਕਹਾਵਤਾਂ ਘੜੀਆਂ ਗਈਆਂ ਹਨ। ਇਹ ਕਹਾਵਤ ਲੋਕ ਮਨ ਦੀ ਪ੍ਰਤੀਤੀ ਹੀ ਕਰਵਾਉਂਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਆਂ ਵਿੱਚ ਇਹ ਰੁਝਾਨ ਦੇਖਣ ਵਿੱਚ ਆਇਆ ਹੈ ਕਿ ਅਸੀਂ ਆਪਣੇ ਫੈਸਲੇ ਆਪਣੀ ਆਰਥਿਕਤਾ, ਸਮਾਜਿਕ ਸਥਿਤੀ, ਘਰੇਲੂ ਮਾਹੌਲ ਅਤੇ ਆਪਣੀ ਸਮਰੱਥਾ ਤੇ ਸਮਝ ਮੁਤਾਬਕ ਨਹੀਂ ਕਰਦੇ। ਸਗੋਂ ਅਸੀਂ ਆਪਣੇ ਫੈਸਲੇ ਗੁਆਂਢੀ ਨੂੰ ਵੇਖ ਕੇ ਉਸਦੀ ਰੀਸ ਕਰਨ ਵਿੱਚ ਕਰਦੇ ਹਾਂ। ਇਸੇ ਕਰਕੇ ਅਸੀਂ ਜਿੱਧਰ ਨੂੰ ਹੁੰਦੇ ਹਨ ਦੇ ਕੇ ਧੱਕਾ ਬਿਨਾਂ ਸੋਚੇ ਸਮਝੇ ਉਧਰ ਨੂੰ ਤੁਰ ਪੈਂਦੇ ਹਾਂ।
ਵਿਦੇਸ਼ ਜਾਣ ਦੀ ਲਲਕ ਵੀ ਪੰਜਾਬੀਆਂ ਦੀ ਇਸ ਉਲਾਰਵਾਦੀ ਮਾਨਸਿਕਤਾ ਦਾ ਹੀ ਸਿੱਟਾ ਹੈ। ਦੂਜੇ ਵੱਲ ਵੇਖ ਕੇ ਅਮੀਰ ਹੋਣ ਦੀ ਲਾਲਸਾ ਨੇ ਪੰਜਾਬੀਆਂ ਨੂੰ ਪੱਟ ਸੁੱਟਿਆ ਹੈ। ਦੇ ਕੇ ਧੱਕਾ ਕਨੇਡਾ ਵਰਗੇ ਮੁਲਕਾਂ ਵਿੱਚ ਜਾ ਵੜਨਾ। ਜਿੱਥੇ ਜਾ ਕੇ ਨਾ ਭਾਸ਼ਾ ਆਉਂਦੀ ਹੈ, ਨਾ ਕੋਈ ਕਸਬ ਆਉਂਦਾ ਹੈ, ਨਾ ਕੋਈ ਕੰਮ ਆਉਂਦਾ ਹੈ। ਉੱਥੇ ਜਾ ਕੇ ਪੰਜਾਬੀ ਕੰਮ ਦੀ ਤਲਾਸ਼ ਵਿੱਚ ਭਟਕਦੇ ਫਿਰਦੇ ਹਨ। ਆਉਂਦਾ ਆਪਣੇ ਆਪ ਨੂੰ ਕੁਝ ਨਹੀਂ ਤੇ ਬਦਨਾਮੀ ਕੈਨੇਡਾ ਦੀ ਕਿ ਉਹ ਉਨਾਂ ਨੂੰ ਕੰਮ ਨਹੀਂ ਦੇ ਰਹੇ। ਪੰਜਾਬੀ ਇੰਨੇ ਉਲਾਰਵਾਦੀ ਹਨ ਕਿ ਇਹ ਕਿਸੇ ਰਾਜਨੀਤਿਕ ਪਾਰਟੀ ਨੂੰ 92 ਸੀਟਾਂ ਦੇ ਕੇ ਜਿਤਾ ਵੀ ਸਕਦੇ ਹਨ ਤੇ ਇੱਕ ਪੁਰਾਣੀ ਪਾਰਟੀ ਨੂੰ ਤਿੰਨ ਸੀਟਾਂ ਦੇ ਕੇ ਹਰਾ ਵੀ ਸਕਦੇ ਹਨ। ਇਹ ਇੱਕ ਮਨੋਵਿਗਿਆਨਕ ਮਸਲਾ ਹੈ। ਪੰਜਾਬੀ ਜਿਸ ਨੂੰ ਸਿਰ ਤੇ ਚੁੱਕਣ ਲੱਗਦੇ ਹਨ ਉਸ ਨੂੰ ਬਿਨਾਂ ਸੋਚੇ ਸਮਝੇ ਅਰਸ਼ਾਂ ਤੱਕ ਪਹੁੰਚਾ ਦਿੰਦੇ ਹਨ ਅਤੇ ਜਿਸ ਦੀ ਵਿਰੋਧਤਾ ਕਰਨ ਲੱਗਦੇ ਹਨ ਉਸ ਨੂੰ ਬਿਨਾਂ ਸੋਚੇ ਵਿਚਾਰੇ ਪੈਰਾਂ ਤਲੇ ਕੁਚਲਣ ਵਿੱਚ ਵੀ ਦੇਰ ਨਹੀਂ ਲਾਉਂਦੇ। ਇਸ ਦਾ ਕਾਰਨ ਇਹ ਹੈ ਕਿ ਪੰਜਾਬੀਆਂ ਵਿੱਚ ਸੋਚਣ-ਸਮਝਣ, ਵਿਚਾਰਨ, ਅਧਿਅਨ-ਵਿਸ਼ਲੇਸ਼ਣ, ਚਿੰਤਨ-ਮਨਨ ਕਰਨ ਦੀ ਬਿਰਤੀ ਨਾ ਦੇ ਬਰਾਬਰ ਹੈ। ਇਸੇ ਲਈ ਅੱਜ ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਮਾਰੇ ਮਾਰੇ ਫਿਰ ਰਹੇ ਹਨ ਅਤੇ ਉਹਨਾਂ ਨੂੰ ਜੀਣ ਥੀਣ ਲਈ ਕੋਈ ਵੀ ਥਾਂ ਟਿਕਾਣਾ ਨਹੀਂ ਮਿਲਦਾ। ਇਸ ਲਈ ਇਹ ਪੰਜਾਬੀਆਂ ਵਾਸਤੇ ਸੋਚਣ ਸਮਝਣ ਦੀ ਸਥਿਤੀ ਹੈ, ਇਕ ਮੌਕਾ ਹੈ, ਕਿ ਅਗਰ ਆਪਣੇ ਆਪ ਨੂੰ ਸੰਸਾਰ ਵਿੱਚ ਜਿਉਣ ਜੋਗੇ ਰੱਖਣਾ ਹੈ ਤਾਂ ਬਦਲ ਰਹੀ ਦੁਨੀਆ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ, ਸਿੱਖਿਅਤ ਹੋਣਾ ਪਵੇਗਾ। ਕਸਬ ਸਿੱਖਣੇ ਪੈਣਗੇ ਤੇ ਅੰਤਰਰਾਸ਼ਟਰੀ ਲੋੜਾਂ ਮੁਤਾਬਕ ਆਪਣੇ ਸਿੱਖਿਆ ਢਾਂਚੇ ਨੂੰ ਢਾਲਣਾ ਹੋਵੇਗਾ। ਭਾਰਤ ਸਰਕਾਰ ਇਸ ਪਾਸੇ ਕੁਝ ਯਤਨ ਕਰ ਵੀ ਰਹੀ ਹੈ।
