ਆਓ ਆਪਣੀ ਬਾਲ ਕੇ ਸੇਕੀਏ
ਅੱਜ ਕੱਲ ਪੰਜਾਬੀਆਂ ਦੇ ਪ੍ਰਵਾਸ ਦਾ ਮਸਲਾ ਲੋਕਾਂ ਵਿੱਚ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਿਨਾਂ ਸ਼ੱਕ ਪੰਜਾਬੀ ਸ਼ੁਰੂ ਤੋਂ ਹੀ ਪ੍ਰਵਾਸ ਕਰਦੇ ਆਏ ਹਨ। ਸਭ ਤੋਂ ਪਹਿਲਾਂ ਪ੍ਰਵਾਸ ਸਾਡੇ ਦੇਸ਼ ਭਗਤਾਂ ਗਦਰੀ ਬਾਬਿਆਂ ਨੇ ਕੀਤਾ। ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਅਮਰੀਕਾ ਵਿਖੇ ਪੜ੍ਹਾਈ ਕਰਨ ਲਈ ਗਏ ਤੇ ਉਥੋਂ ਹੀ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਗਏ। ਬਹੁਤ ਸਾਰੇ ਸਾਡੇ ਪ੍ਰਵਾਸੀ ਗਦਰੀ ਬਾਬਿਆਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਗਦਰ ਮੂਵਮੈਂਟ ਨੂੰ ਚਲਾਇਆ ਤੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਉਹਨਾਂ ਦਾ ਪ੍ਰਵਾਸ ਫਲੀਭੂਤ ਹੋਇਆ ਤੇ ਸਾਨੂੰ ਆਜ਼ਾਦੀ ਮਿਲੀ।
ਫਿਰ ਸਾਡੇ ਬਜ਼ੁਰਗ ਬਰਮਾ ਤੇ ਚੀਨ ਵਰਗੇ ਦੇਸ਼ਾਂ ਵੱਲ ਪ੍ਰਵਾਸ ਕਰਦੇ ਰਹੇ। ਕੀਨੀਆ, ਦੱਖਣੀ ਅਫਰੀਕਾ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਕਿਰਤ ਕਮਾਈ ਦੇ ਨਜ਼ਰੀਏ ਤੋਂ ਵਿਦੇਸ਼ਾਂ ਵਿੱਚ ਗਏ। ਜਿਹੜੇ ਪੰਜਾਬੀ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਕੇ ਦੂਸਰੀ ਸੰਸਾਰ ਜੰਗ ਦੌਰਾਨ ਜਰਮਨ ਦੇ ਖਿਲਾਫ ਲੜੇ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਨੂੰ ਵਰਕ ਪਰਮਿਟ ਭੇਜ ਕੇ ਵੱਡੀ ਗਿਣਤੀ ਵਿਚ ਇੰਗਲੈਂਡ ਬੁਲਾਇਆ। ਉੱਥੇ ਜਾ ਕੇ ਪੰਜਾਬੀਆਂ ਨੇ ਸਖਤ ਮਿਹਨਤ ਕਰਕੇ ਅੰਗਰੇਜ਼ਾਂ ਦੀ ਮੋਟਰ ਇੰਡਸਰੀ ਖੜੀ ਕੀਤੀ। ਉਹਨਾਂ ਨੇ ਢਲਾਈ ਦੇ ਕਾਰਖਾਨਿਆਂ ਵਿੱਚ ਤੱਤੇ ਅਤੇ ਭਾਰੇ ਕੰਮ ਕੀਤੇ ਤੇ ਖੂਬ ਕਮਾਈ ਕੀਤੀ। ਬਹੁਤ ਥੋੜੀ ਗਿਣਤੀ ਵਿੱਚ ਉਦੋਂ ਬਾਹਰ ਗਏ ਪ੍ਰਵਾਸੀ ਪੰਜਾਬ ਦੀ ਧਰਤੀ ‘ਤੇ ਵਾਪਸ ਪਰਤੇ ਨਹੀਂ ਤਾਂ ਬਹੁਤਿਆਂ ਨੇ ਇੰਗਲੈਂਡ ਦੀ ਧਰਤੀ ਨੂੰ ਹੀ ਆਪਣਾ ਵਸੇਬਾ ਬਣਾ ਲਿਆ।
ਫਿਰ ਇੱਕ ਲਹਿਰ ਅਜਿਹੀ ਆਈ ਕਿ ਪੰਜਾਬੀਆਂ ਨੇ ਅਰਬ ਮੁਲਕਾਂ ਇਰਾਨ, ਇਰਾਕ, ਦੁਬਈ, ਮਸਕਟ ਵਲ ਪ੍ਰਵਾਸ ਕੀਤਾ ਅਤੇ ਰੋਟੀ ਰੋਜੀ ਕਮਾਉਣ ਦੇ ਮਕਸਦ ਨਾਲ ਉਹਨਾਂ ਮੁਲਕਾਂ ਵਿੱਚ ਵੀ ਸਖਤ ਮਿਹਨਤ ਕੀਤੀ। ਇਹ ਪ੍ਰਵਾਸ ਵੀ ਪੰਜਾਬ ਲਈ ਸ਼ੁਭਸ਼ਗਨ ਸਾਬਿਤ ਹੋਇਆ ਕਿਉਂਕਿ 1950 ਤੋਂ 1990 ਦੇ ਦੌਰਾਨ ਪੱਛਮੀ ਮੁਲਕਾਂ, ਯੂਰਪੀਅਨ ਮੁਲਕਾਂ ਤੇ ਅਰਬ ਮੁਲਕਾਂ ਵਿੱਚ ਗਏ ਪੰਜਾਬੀਆਂ ਨੇ ਕਮਾਈ ਕਰ ਕਰ ਕੇ ਪੈਸਾ ਪੰਜਾਬ ਭੇਜਿਆ। ਇੱਥੇ ਚੰਗੇ ਘਰ ਬਣਾਏ, ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਤੇ ਆਪਣੇ ਘਰਾਂ ਪਰਿਵਾਰਾਂ ਲਈ ਸੁੱਖ ਸਹੂਲਤਾਂਵਾਂ ਦਾ ਜੁਗਾੜ ਕੀਤਾ। ਉਹਨਾਂ ਸਮਿਆਂ ਦੌਰਾਨ ਬਾਹਰ ਗਏ ਪੰਜਾਬੀਆਂ ਨੇ ਪੰਜਾਬ ਦੀ ਖੇਤੀ ਨੂੰ ਵੀ ਉਨਤ ਕਰਨ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਉਹਨਾਂ ਦੀ ਕਿਰਤ ਕਮਾਈ ਸਦਕਾ ਪੰਜਾਬ ਦਾ ਆਰਥਿਕ ਆਧਾਰ ਮਜਬੂਤ ਹੋਇਆ ਤੇ ਉਹ ਚੰਗਾ ਤੇ ਸੁੱਖਾਂ ਭਰਿਆ ਜੀਵਨ ਬਤੀਤ ਕਰ ਸਕਣ ਦੇ ਸਮਰੱਥ ਹੋ ਗਏ।
ਜਦੋਂ ਇਸ ਤਰ੍ਹਾਂ ਬਾਹਰਲੇ ਮੁਲਕਾਂ ਤੋਂ ਵੱਡੀ ਮਾਤਰਾ ਵਿੱਚ ਪੈਸਾ ਆਉਣ ਲੱਗਾ ਤਾਂ ਖੂਬਸੂਰਤ ਕੋਠੀਆਂ ਦੀ ਉਸਾਰੀ ਹੋਣੀ ਸ਼ੁਰੂ ਹੋਈ ਤਾਂ ਪਿੱਛੇ ਵਸਦੇ ਪੰਜਾਬੀਆਂ ਦੇ ਮਨਾਂ ਅੰਦਰ ਵੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਮਾਈ ਕਰਨ ਦਾ ਝੱਲ ਸਵਾਰ ਹੋ ਗਿਆ ਤੇ ਪੰਜਾਬੀਆਂ ਨੇ ਆਨੋ ਬਹਾਨੋ ਪ੍ਰਵਾਸ ਮਿਲਕਾਂ ਵਿੱਚ ਸੈੱਟ ਹੋਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਇੱਕ ਮੌਕਾ ਦੇਰ ਦੀ ਆਇਆ ਜਿਸ ਨੇ ਕਬੂਤਰਬਾਜੀ ਦਾ ਦੌਰ ਆਖਿਆ ਜਾਦਾ ਹੈ। ਓਦੋਂ ਗਾਇਕਾਂ ਤੇ ਕਲਾਕਾਰਾਂ ਨੇ ਪੰਜਾਬੀ ਲੋਕਾਂ ਨੂੰ ਸਾਜਿੰਦਾ ਬਣਾ ਬਣਾ ਕੇ ਬਾਹਰ ਲੰਘਾਇਆ ਅਤੇ ਉੱਥੇ ਸੈਟਲ ਹੋਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਅਤੇ ਕਰੋੜਾਂ ਅਰਬਾਂ ਰੁਪਏ ਕਬੂਤਰਬਾਜੀ ਦੇ ਇਸ ਪ੍ਰਚਲਨ ਵਿੱਚੋਂ ਉਹਨਾਂ ਨੇ ਕਮਾ ਲਏ। ਇਸ ਤਰ੍ਹਾਂ ਹੁਣ ਬਾਹਰ ਸੈਟਲ ਹੋਣ ਲਈ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਗਤੀਵਿਧੀਆਂ ਦਾ ਦੌਰ ਪੰਜਾਬ ਵਿੱਚ ਸ਼ੁਰੂ ਹੋ ਗਿਆ। ਲੋਕਾਂ ਨੇ ਬਾਹਰ ਜਾਣ ਦੇ ਨਵੇਂ ਨਵੇਂ ਢੰਗ ਖੋਜ ਲਏ। ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਲੱਗਾ ਤੇ ਕੋਈ ਕੁਝ ਕਰਨ ਲੱਗਾ। ਅਜਿਹੀਆਂ ਮਿਸਾਲਾਂ ਵੀ ਸਾਹਮਣੇ ਆਈਆਂ ਕਿ ਨੂਹਾਂ ਸਹੁਰਿਆਂ ਨਾਲ, ਭੈਣਾਂ ਭਰਾਵਾਂ ਨਾਲ ਤੇ ਦਿਓਰ ਭਰਜਾਈਆਂ ਨਾਲ ਨਕਲੀ ਵਿਆਹ ਕਰਵਾ-ਕਰਵਾ ਕੇ ਵਿਦੇਸ਼ਾਂ ਵਿੱਚ ਸੈਟਲ ਹੋਣ ਲੱਗੇ। ਇਹ ਪੰਜਾਬੀਆਂ ਵਿੱਚ ਨੈਤਿਕ ਤੇ ਇਖਲਾਕੀ ਗਿਰਾਵਟ ਦੀ ਸਿਖਰ ਸੀ ਕਿ ਇਹਨਾਂ ਨੇ ਬਾਹਰ ਸੈਟਲ ਹੋਣ ਲਈ ਆਪਣੇ ਨਜ਼ਦੀਕੀ ਰਿਸ਼ਤਿਆਂ ਨੂੰ ਵੀ ਪਲੀਤ ਕਰਨ ਵਿੱਚ ਕੋਈ ਸ਼ਰਮ ਹਯਾ ਨਹੀਂ ਕੀਤੀ। ਜਦੋਂ ਅੰਬੈਸੀਆਂ ਵਿੱਚ ਬੈਠੇ ਅੰਗਰੇਜ਼ ਅਫਸਰਾਂ ਨੂੰ ਪੰਜਾਬੀਆਂ ਦੀਆਂ ਇਹਨਾਂ ਚਾਲਾਂ ਕੁਚਾਲਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਖ਼ਤੀ ਵਧਾ ਦਿੱਤੀ। ਪੰਜਾਬੀਆਂ ਨੇ ਹੁਣ ਪੜ੍ਹਨ ਬਹਾਨੇ ਬਾਹਰ ਸੈਟਲ ਹੋਣ ਦਾ ਇੱਕ ਹੋਰ ਸੌਖਾ ਰਾਹ ਲੱਭ ਲਿਆ। ਆਇਲਸ ਦੀਆਂ ਦੁਕਾਨਾਂ ਨਾਲ ਪੰਜਾਬ ਦੇ ਸ਼ਹਿਰ ਭਰ ਗਏ ਤੇ ਪਿੰਡਾਂ ਦੇ ਨੌਜਵਾਨ ਮੁਟਿਆਰਾਂ ਆਇਲਟਸ ਕਰ ਕਰਾਕੇ 10+2 ਦੀ ਪੜ੍ਹਾਈ ਤੋਂ ਬਾਅਦ ਕਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਵਰਗੇ ਮੁਲਕਾਂ ਵੱਲ ਪਰਵਾਸ ਕਰ ਗਏ। ਜਿਹੜੇ ਅਨਪੜ੍ਹ ਪੰਜਾਬੀ ਨੌਜਵਾਨ ਆਈਲੈਟਸ ਵੀ ਨਹੀਂ ਸੀ ਕਰ ਸਕਦੇ ਉਹਨਾਂ ਨੇ ਅਮਰੀਕਾ ਦੀ ਕੰਧ ਟੱਪਣੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਨੌਜਵਾਨ ਮਾਲਟਾ ਕਿਸ਼ਤੀ ਕਾਂਡ ਵਿੱਚ ਮਾਰੇ ਗਏ, ਬਹੁਤ ਸਾਰੇ ਨੌਜਵਾਨ ਟੈਂਕਰਾਂ ਵਿੱਚ ਮਾਰੇ ਗਏ। ਕਈਆਂ ਪੰਜਾਬੀ ਔਰਤਾਂ ਦੀਆਂ ਇੱਜ਼ਤਾਂ ਡੌਕਰਾਂ ਨੇ ਲੁੱਟ ਲਈਆਂ ਅਤੇ ਕਈਆਂ ਨੂੰ ਡੌਕਰਾਂ ਨੇ ਹੀ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾ ਦਿੱਤਾ। ਇਸ ਤਰ੍ਹਾਂ ਪੰਜਾਬੀਆਂ ਦੇ ਜਾਨ ਮਾਲ ਦਾ ਨੁਕਸਾਨ ਵੀ ਹੋਣ ਲੱਗਾ ਜੋ ਅੱਜ ਤੱਕ ਵੀ ਜਾਰੀ ਹੈ। ਇਧਰੋਂ ਜਮੀਨਾਂ ਵੇਚ ਵੇਚ ਕੇ ਘਰ ਗਹਿਣੇ ਰੱਖ ਰੱਖ ਕੇ ਕਰਜੇ ਚੁੱਕ ਚੁੱਕ ਕੇ ਪੰਜਾਬੀ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਬਾਰ੍ਹਵੀਂ ਪੜ੍ਹੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਹਨਾਂ ਮੁਲਕਾਂ ਵੱਲ ਤੋਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੀਆਂ ਚੇਤਨ ਧਿਰਾਂ ਨੇ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸੋਸ਼ਲ ਮੀਡੀਏ ਰਾਹੀਂ ਪ੍ਰਚਾਰ ਵੀ ਕੀਤਾ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਪ੍ਰਵਾਸ ਕਰਨਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸਿਹਤ ਵਾਸਤੇ ਵੱਡਾ ਖਤਰਾ ਬਣ ਜਾਵੇਗਾ। ਲੇਕਿਨ ਉਹਨਾਂ ਧਿਰਾਂ ਦੀ ਕਿਸੇ ਨੇ ਵੀ ਨਹੀਂ ਸੁਣੀ। ਅੱਜ ਹਾਲਾਤ ਕੀ ਹੈ ਅੱਜ ਪ੍ਰਵਾਸੀ ਬਿਹਾਰ ਅਤੇ ਯੂਪੀ ਤੋਂ ਆ ਕੇ ਪੰਜਾਬ ਦੀ ਰਗ ਰਗ ਵਿੱਚ ਸਮਾਂ ਗਏ ਹਨ ਅਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਅੱਜ ਹਾਲਾਤ ਜੋ ਬਣ ਗਏ ਹਨ ਸਭ ਦੇ ਸਾਹਮਣੇ ਹਨ ਕਿਵੇਂ ਭਾਰਤੀ ਤੇ ਪੰਜਾਬੀ ਲੋਕਾਂ ਨੂੰ ਲੋਹੇ ਦੀਆਂ ਹੱਥ ਕੜੀਆਂ ਤੇ ਜੰਜੀਰਾਂ ਪਹਿਨਾ ਪਹਿਨਾ ਕੇ ਅਮਰੀਕਾ ਤੋਂ ਭਾਰਤ ਵਿੱਚ ਸੁੱਟਿਆ ਗਿਆ ਹੈ। ਇਸ ਨਾਲ ਪੰਜਾਬ ਤੇ ਭਾਰਤ ਦੀ ਸਾਖ਼ ਨੂੰ ਵਿਸ਼ਵ ਪੱਧਰ ਤੇ ਬਹੁਤ ਵੱਡਾ ਧੱਕਾ ਲੱਗਾ ਹੈ। ਅੱਜ ਕੱਲ ਕੈਨੇਡਾ ਦੀ ਸਰਕਾਰ ਵੀ ਅਜਿਹੀ ਤਿਆਰੀ ਵਿੱਚ ਲੱਗੀ ਹੋਈ ਹੈ। ਆਉਣ ਵਾਲੇ ਮਹੀਨਿਆਂ ਵਿੱਚ ਕਨੇਡਾ ਤੋਂ ਵੀ ਵੱਡੀ ਪੱਧਰ ਤੇ ਜਬਰਦਸਤੀ ਪੰਜਾਬੀਆਂ ਨੂੰ, ਭਾਰਤੀਆਂ ਨੂੰ ਮੁਲਕ ਵਿੱਚੋਂ ਕੱਢਿਆ ਜਾਵੇਗਾ। ਇਸ ਲਈ ਹਾਲੇ ਵੀ ਮੌਕਾ ਹੈ ਅਸੀਂ ਆਪਣੇ ਆਪ ਵਿੱਚ ਯਕੀਨ ਕਰਨਾ ਸਿੱਖੀਏ। ਬੇਗਾਨੀ ਸ਼ਾਹ ਤੇ ਮੁੱਛਾਂ ਮਨਾਉਣ ਨਾਲੋਂ ਆਪਣੀ ਬਾਲ ਕੇ ਸੇਕਣਾ ਸਿੱਖੀਏ। ਅੱਧੀ ਖਾ ਲਈਏ, ਇੱਜ਼ਤ ਦੀ ਖਾਈਏ, ਮਾਣ ਸਨਮਾਨ ਦੀ ਖਾਈਏ। ਇਸ ਤਰ੍ਹਾਂ ਵਿਦੇਸ਼ਾਂ ਵਿੱਚ ਕੰਧਾਂ ਟੱਪ ਕੇ ਧੱਕੇ ਖਾ ਖਾ ਕੇ ਪੰਜਾਬੀਅਤ ਦੀ ਸਾਖ ਨੂੰ, ਇੱਜ਼ਤ ਤੇ ਸਨਮਾਨ ਨੂੰ ਖੋਰਾ ਨਾ ਲਾਈਏ। ਜਾਣਾ ਹੀ ਹੈ ਤਾਂ ਕੁਝ ਸਿੱਖ ਕੇ ਜਾਈਏ, ਕੁਝ ਬਣ ਕੇ ਜਾਈਏ ਤਾਂ ਕਿ ਸਾਨੂੰ ਥਾਂ ਦੇਣੀ ਉਹਨਾਂ ਦੀ ਮਜਬੂਰੀ ਬਣ ਜਾਵੇ ਤੇ ਉਹ ਇਸ ਤਰ੍ਹਾਂ ਬੇਇੱਜ਼ਤ ਕਰ ਕਰ ਕੇ ਸਾਨੂੰ ਆਪਣੇ ਮੁਲਕਾਂ ਵਿੱਚੋਂ ਧੱਕੇ ਦੇ ਦੇ ਕੇ ਨਾ ਕੱਢਣ।
