ਕੁਦਰਤ
ਕੁਦਰਤ ਪਿਆਰੀਏ ਤੈਥੋਂ ਜਾਵਾਂ ਬਲਿਹਾਰੇ,
ਤੇਰੀ ਉਪਮਾ ਕਰਦੇ ਨੇ ਚੰਨ, ਸੂਰਜ, ਤਾਰੇ।
ਹਰ ਘਟ-ਘਟ ਤੂੰ ਏ ਤੂੰ ਸਰਭ ਗਿਆਤਾ,
ਸਭਨਾਂ ਦਾ ਭਲਾ ਲੋਚਦੀ ਜਿਉਂ ਲੋਚੇ ਮਾਤਾ।
ਪਸ਼ੂ, ਪੰਛੀ, ਜੰਗਲ-ਬੇਲੇ ਸਭ ਤੇਰਾ ਵਾਸਾ,
ਜੀਵਨ ਦੀ ਘਾੜਤ ਘੜਦੀ ਤੂੰ ਬਣਦੀ ਆਸਾ ।
ਫਸਲਾਂ ਜਦ ਝੂਮਣ ਗੁਣ ਤੇਰੇ ਗਾਵਣ,
ਤੇਰੀ ਤੁਕਣੀ ਤੇ ਲੱਖ ਸ਼ੁਕਰ ਮਨਾਵਣ।
ਦਿਨ ਦੀ ਲਾਲੀ ਲੱਗੇ ਕਦੇ ਰਾਤ ਦੀ ਚੁੱਪ ਏ,
ਮਾਘ ਦੀ ਮਿੱਠੀ-ਮਿੱਠੀ ਜਾਪੇ ਸੋਹਣੀ ਧੁੱਪ ਏ।
ਲੂੰਆਂ, ਕੱਕਰ ਆਵਣ ਕਦੇ ਚੜ੍ਹਨ ਘਟਾਵਾਂ,
ਸਭਨਾਂ ਦੀ ਸੁੱਖ ਮੰਗਦੀ ਤੇ ਕਰੇ ਦੁਆਵਾਂ।
ਕੁਦਰਤ ਸੱਚ ਏ ਗੱਲ ਸਮਝ ਤੂੰ ਭਾਈ,
ਏਹਦੇ ਭਾਣੇ ਵਿੱਚ ਏ ਹਰ ਚੀਜ਼ ਸਮਾਈ ।
ਕੁਦਰਤ ਜੇ ਰੁੱਸਗੀ ਹੋਉ ਬਹੁਤ ਤਬਾਹੀ,
ਜਲ-ਥਲ ਜਾਂਦੀ ਪਲ ਵਿੱਚ ਇੱਕ ਕਰਾਈ।
ਆਓ ਕੁਦਰਤ ਲਈ ਫ਼ਰਜ ਨਿਭਾਈਏ,
‘ਪ੍ਰੀਤ ਬੀੜ ਕਿਸ਼ਨ’, ਚੱਲ ਅਮਲ ਕਮਾਈਏ।