ਗਜ਼ਲ
ਸਾਹਿਬਜ਼ਾਦਿਆਂ ਦੀ ਲਾ ਮਿਸਾਲ ਕੁਰਬਾਨੀ ਨੂੰ ਸਮਰਪਿਤ
ਫਤਿਹਗੜ੍ਹ ਵਿੱਚ ਖੜ੍ਹੀ ਦੀਵਾਰ, ਇਉਂ ਲੱਗੇ ਬੁਲਾਉਂਦੀ ਹੈ
ਗੜ੍ਹੀ ਚਮਕੌਰ ਦੀ ਅਕਸਰ, ਮੇਰੇ ਸੁਪਨੇ ‘ਚ ਆਉਂਦੀ ਹੈ
ਇਹ ਦੁੱਖ ਦੀ ਰਾਤ ਇੱਕ ਠੰਡੀ, ਬਣੇਗੀ ਸੁੱਖ ਸਦੀਆਂ ਦਾ
ਦਿਸੇ ਦਾਦੀ ਬੁਰਜ ਠੰਡੇ ਇਹ ਬਾਲਾਂ ਨੂੰ ਸਿਖਾਉਂਦੀ ਹੈ
ਕਹੇ ਦਾਦੀ ਨਹੀਂ ਡਰਨਾ, ਜਦੋਂ ਜਾਣਾ ਕਚਹਿਰੀ ਵਿੱਚ
ਜੇ ਰਾਹ ਤਲਵਾਰ ਆ ਜਾਵੇ, ਜੇ ਰਾਹ ਦੀਵਾਰ ਆਉਂਦੀ ਹੈ
ਤੇਰੀ ਜੋ ਕਲਮ ਹੈ ਦਸਮੇਸ਼, ਹੈ ਸ਼ਮਸ਼ੀਰ ਦੇ ਵਾਂਗੂ
ਜ਼ਫ਼ਰਨਾਮਾ ਜਦੋਂ ਲਿਖਦੀ ਇਹ ਜ਼ਾਲਿਮ ਨੂੰ ਹਰਾਉਂਦੀ ਹੈ
ਚਲੋ ਉੱਠੋ ਲੜੋ ਜੇ ਕਰ ਜ਼ੁਲਮ ਦੀ ਜੜ੍ਹ ਨੂੰ ਪੁੱਟਣਾਂ ਹੈ
ਪਿਤਾ ਦਸਮੇਸ਼ ਦੀ ਅਜ਼ਮਤ ਅਸਾਨੂੰ ਵੀ ਜਗਾਉਂਦੀ ਹੈ
ਨਹੀਂ ਹੁੰਦਾ ਕੋਈ ਦੁਸ਼ਮਣ ਅਜੇਤੂ, ਸੱਚ ਜੇ ਪੱਲੇ
ਪਹੁਲ ਖੰਡੇ ਦੀ ਚਿੜੀਆਂ ਤੋਂ ਵੀ ਬਾਜ਼ਾਂ ਨੂੰ ਤੁੜਾਉਂਦੀ ਹੈ
ਪਿਤਾ ਦਸ਼ਮੇਸ਼ ਤੇਰਾ ਕਰਜ਼, ਮੈਂ ਕਿੱਦਾਂ ਉਤਾਰਾਂਗਾ
ਤੇਰੇ ਇਸ ਮੂਰਤੀ ਨੂੰ ਸੋਚ ਇਹ ਅਕਸਰ ਸਤਾਉਂਦੀ ਹੈ !
