ਗਜ਼ਲ
ਗੁਰੂ ਤੇਗ਼ ਬਹਾਦੁਰ ਜੀ ਦੇ ਬਲਿਦਾਨ ਨੂੰ ਸਮਰਪਿਤ
ਸਿਜਦਾ ਤੁਧ ਨੂੰ ਮੇਰਾ, ਗੁਰੂ ਤੇਗ ਬਹਾਦਰ ਜੀ
ਦਿੱਤਾ ਬਲਿਦਾਨ ਤੁਸੀਂ, ਬਣ ਹਿੰਦ ਦੀ ਚਾਦਰ ਜੀ
ਤੁਸਾਂ ਆਦਰ ਕੀਤਾ ਹੈ ਬੰਦੇ ਦੀ ਆਜ਼ਾਦੀ ਦਾ
ਬੰਦੇ ਦੀ ਆਜ਼ਾਦੀ ਦਾ ਹੁੰਦਾ ਸੀ ਨਿਰਾਦਰ ਜੀ ।
ਜੋਰਾ ਜਬਰੀ ਕਰਕੇ ਕੋਈ ਧਰਮ ਵਟਾਵੇ ਕਿਉਂ
ਹਰ ਧਰਮ ਦੇ ਬੰਦੇ ਵਿੱਚ ਵੱਸਦਾ ਹੈ ਕਾਦਰ ਜੀ
ਔਰੰਗਜ਼ੇਬ ਅੱਜ ਵੀ ਜ਼ੋਰਾ ਜਬਰੀ ਕਰਦਾ
ਅੱਜ ਵੀ ਅਬਦਾਲੀ ਹੈ ਅੱਜ ਵੀ ਹੈ ਨਾਦਰ ਜੀ
ਧੰਨ ਮਤੀ ਦਾਸ ਤੇਰਾ ਸਤੀ ਦਾਸ ਦਿਆਲਾ ਜੀ
ਜੋ ਧਰਮ ਵਟਾਉਣੇ ਤੋਂ ਹੋ ਗਏ ਸੀ ਨਾਬਰ ਜੀ
ਵਿਚ ਚੌਂਕ ਚਾਂਦਨੀ ਦੇ ਜੋ ਕਸਬ ਦਿਖਾਇਆ ਤੂੰ
ਪੱਥਰ ਵੀ ਪਿਘਲ ਗਏ ਤੇ ਕੰਬ ਗਏ ਜਾਬਰ ਜੀ
ਕੋਈ ਧਰਮ ਨਹੀਂ ਛੋਟਾ ਕੋਈ ਧਰਮ ਨਹੀਂ ਵੱਡਾ
ਤੂੰ ਦੇ ਕੇ ਸਿਰ ਦੱਸਿਆ ਹਰ ਧਰਮ ਬਰਾਬਰ ਜੀ।
